ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਇੰਡੀਆ ਸੈਮੀਕੰਡਕਟਰ ਮਿਸ਼ਨ (ISM) ਦੇ ਤਹਿਤ ਚਾਰ ਨਵੇਂ ਸੈਮੀਕੰਡਕਟਰ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਓਡੀਸ਼ਾ, ਪੰਜਾਬ ਅਤੇ ਆਂਧਰਾ ਪ੍ਰਦੇਸ਼ ਵਿੱਚ ਸਥਾਪਿਤ ਕੀਤੇ ਜਾਣ ਵਾਲੇ ਇਨ੍ਹਾਂ ਅਤਿ-ਆਧੁਨਿਕ ਪਲਾਂਟਾਂ ਵਿੱਚ ਲਗਭਗ ₹4,600 ਕਰੋੜ ਦਾ ਨਿਵੇਸ਼ ਹੋਵੇਗਾ ਅਤੇ 2,034 ਹੁਨਰਮੰਦ ਪੇਸ਼ੇਵਰਾਂ ਨੂੰ ਸਿੱਧਾ ਰੁਜ਼ਗਾਰ ਮਿਲੇਗਾ, ਇਸ ਤੋਂ ਇਲਾਵਾ ਹਜ਼ਾਰਾਂ ਅਸਿੱਧੇ ਰੁਜ਼ਗਾਰ ਪੈਦਾ ਹੋਣਗੇ।
ਇਨ੍ਹਾਂ ਪ੍ਰੋਜੈਕਟਾਂ ਵਿੱਚ SiCSem, 3D ਗਲਾਸ ਸਲਿਊਸ਼ਨਜ਼ ਇੰਕ., ਐਡਵਾਂਸਡ ਸਿਸਟਮ ਇਨ ਪੈਕੇਜ (ASIP) ਟੈਕਨਾਲੋਜੀਜ਼, ਅਤੇ ਕਾਂਟੀਨੈਂਟਲ ਡਿਵਾਈਸਿਸ ਇੰਡੀਆ ਪ੍ਰਾਈਵੇਟ ਲਿਮਟਿਡ (CDIL) ਸ਼ਾਮਲ ਹਨ। ਇਨਫੋ ਵੈਲੀ, ਭੁਵਨੇਸ਼ਵਰ, ਓਡੀਸ਼ਾ ਵਿਖੇ SiCSem ਦੇਸ਼ ਦਾ ਪਹਿਲਾ ਵਪਾਰਕ ਕੰਪਾਊਂਡ ਸੈਮੀਕੰਡਕਟਰ ਫੈਬ ਸਥਾਪਤ ਕਰੇਗਾ ਜੋ ਸਾਲਾਨਾ 60,000 ਵੇਫਰ ਅਤੇ 96 ਮਿਲੀਅਨ ਯੂਨਿਟ ਪੈਦਾ ਕਰੇਗਾ। ਉਸੇ ਸਥਾਨ 'ਤੇ, 3D ਗਲਾਸ ਸਲਿਊਸ਼ਨਜ਼ 50 ਮਿਲੀਅਨ ਯੂਨਿਟਾਂ ਅਤੇ 13,200 3-DHI ਮੋਡੀਊਲ ਪ੍ਰਤੀ ਸਾਲ ਦੀ ਸਮਰੱਥਾ ਵਾਲਾ ਇੱਕ ਪੈਕੇਜਿੰਗ ਅਤੇ ਏਮਬੈਡਡ ਗਲਾਸ ਸਬਸਟ੍ਰੇਟ ਯੂਨਿਟ ਸਥਾਪਤ ਕੀਤਾ ਜਾਵੇਗਾ।
ASIP ਆਂਧਰਾ ਪ੍ਰਦੇਸ਼ ਵਿੱਚ ਮੋਬਾਈਲ, ਆਟੋਮੋਬਾਈਲ ਅਤੇ ਇਲੈਕਟ੍ਰਾਨਿਕ ਉਤਪਾਦਾਂ ਲਈ 96 ਮਿਲੀਅਨ ਯੂਨਿਟ ਦੀ ਸਾਲਾਨਾ ਸਮਰੱਥਾ ਵਾਲਾ ਇੱਕ ਪਲਾਂਟ ਸਥਾਪਤ ਕਰੇਗਾ। ਸੀਡੀਆਈਐਲ ਪੰਜਾਬ ਦੇ ਮੋਹਾਲੀ ਵਿਖੇ ਆਪਣੇ ਮੌਜੂਦਾ ਪਲਾਂਟ ਦਾ ਵਿਸਤਾਰ ਕਰੇਗਾ ਅਤੇ ਸਾਲਾਨਾ 158.38 ਮਿਲੀਅਨ ਹਾਈ-ਪਾਵਰ ਡਿਸਕ੍ਰਿਟ ਸੈਮੀਕੰਡਕਟਰ ਡਿਵਾਈਸਾਂ ਦਾ ਉਤਪਾਦਨ ਕਰੇਗਾ ਜੋ ਈਵੀ, ਨਵਿਆਉਣਯੋਗ ਊਰਜਾ ਅਤੇ ਉਦਯੋਗਿਕ ਖੇਤਰਾਂ ਵਿੱਚ ਵਰਤੇ ਜਾਣਗੇ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਸੈਮੀਕੰਡਕਟਰ ਸੈਕਟਰ ਵਿੱਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਆਂਧਰਾ ਪ੍ਰਦੇਸ਼, ਓਡੀਸ਼ਾ ਅਤੇ ਪੰਜਾਬ ਵਿੱਚ ਸੈਮੀਕੰਡਕਟਰ ਯੂਨਿਟਾਂ ਦੀ ਪ੍ਰਵਾਨਗੀ ਨਾਲ ਨਿਰਮਾਣ ਸਮਰੱਥਾ ਵਧੇਗੀ, ਉੱਚ-ਹੁਨਰਮੰਦ ਨੌਕਰੀਆਂ ਪੈਦਾ ਹੋਣਗੀਆਂ ਅਤੇ ਭਾਰਤ ਨੂੰ ਵਿਸ਼ਵ ਸਪਲਾਈ ਲੜੀ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਵਿੱਚ ਮਦਦ ਮਿਲੇਗੀ।
ਪੰਜਾਬ ਤੋਂ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਆਪਣੇ ਸੋਸ਼ਲ ਮੀਡਿਆ ਹੈਂਡਲ 'ਤੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ, "ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦਾ ਦਿਲੋਂ ਧੰਨਵਾਦ, ਮੋਹਾਲੀ ਵਿੱਚ ਸੈਮੀਕੰਡਕਟਰ ਪਲਾਂਟ ਦੀ ਪ੍ਰਵਾਨਗੀ ਨਾਲ ਸਾਲਾਨਾ 158 ਮਿਲੀਅਨ ਯੂਨਿਟ ਉਤਪਾਦਨ ਹੋਵੇਗਾ, ਜਿਸਦੀ ਵਰਤੋਂ ਆਟੋਮੋਬਾਈਲ, ਰੱਖਿਆ ਅਤੇ ਸੂਰਜੀ ਊਰਜਾ ਵਰਗੇ ਖੇਤਰਾਂ ਵਿੱਚ ਕੀਤੀ ਜਾਵੇਗੀ।"
ਸਾਬਕਾ ਡਿਪਲੋਮੈਟ ਤਰਨਜੀਤ ਸਿੰਘ ਸੰਧੂ ਨੇ ਵੀ ਆਪਣੇ ਸੋਸ਼ਲ ਮੀਡਿਆ ਹੈਂਡਲ ਤੇ ਲਿਖਿਆ, "ਇਹ ਪੰਜਾਬ ਲਈ ਮਾਣ ਵਾਲੀ ਗੱਲ ਹੈ। ਮੋਹਾਲੀ ਨੂੰ ₹117 ਕਰੋੜ ਦਾ ਨਿਵੇਸ਼ ਮਿਲੇਗਾ, ਜੋ ਈਵੀ, ਨਵਿਆਉਣਯੋਗ ਊਰਜਾ ਅਤੇ ਦੂਰਸੰਚਾਰ ਲਈ ਸਾਲਾਨਾ 158 ਮਿਲੀਅਨ ਡਿਵਾਈਸਾਂ ਦਾ ਉਤਪਾਦਨ ਕਰੇਗਾ, ਨੌਜਵਾਨਾਂ ਨੂੰ ਸਸ਼ਕਤ ਬਣਾਏਗਾ ਅਤੇ ਤਕਨੀਕੀ ਵਿਕਾਸ ਨੂੰ ਅੱਗੇ ਵਧਾਏਗਾ।"
ਸਰਕਾਰ ਦਾ ਮੰਨਣਾ ਹੈ ਕਿ ਇਹ ਪ੍ਰੋਜੈਕਟ ਦੇਸ਼ ਵਿੱਚ ਚਿੱਪ ਡਿਜ਼ਾਈਨ ਸਮਰੱਥਾਵਾਂ ਅਤੇ ਇਲੈਕਟ੍ਰਾਨਿਕ ਨਿਰਮਾਣ ਈਕੋਸਿਸਟਮ ਨੂੰ ਮਜ਼ਬੂਤ ਕਰਨਗੇ, ਜਿਸ ਨਾਲ ਆਤਮਨਿਰਭਰ ਭਾਰਤ ਦੇ ਟੀਚੇ ਨੂੰ ਤੇਜ਼ ਕੀਤਾ ਜਾਵੇਗਾ।
Comments
Start the conversation
Become a member of New India Abroad to start commenting.
Sign Up Now
Already have an account? Login