ADVERTISEMENT

ADVERTISEMENT

“ਮਹੀਨਿਆਂ ‘ਚ ਨਹੀਂ ਹਫ਼ਤਿਆਂ ਵਿੱਚ ਖ਼ਤਮ ਹੋਵੇਗਾ ਫੌਜੀ ਆਪ੍ਰੇਸ਼ਨ": ਰੂਬੀਓ

ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ G7 ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ ਹੈ

ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ / Brendan Smialowski/Pool via REUTERS

ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ 27 ਮਾਰਚ ਨੂੰ ਫਰਾਂਸ ਵਿੱਚ G7 ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਕਿ ਇਰਾਨ ਵਿਰੁੱਧ ਅਮਰੀਕੀ ਫੌਜੀ ਕਾਰਵਾਈ ਮਹੀਨਿਆਂ ਦੀ ਬਜਾਏ ਕੁਝ ਹਫ਼ਤਿਆਂ ਵਿੱਚ ਖ਼ਤਮ ਹੋਣ ਦੀ ਉਮੀਦ ਹੈ। ਰੂਬੀਓ ਅਨੁਸਾਰ ਅਮਰੀਕਾ ਬਿਨਾਂ ਕਿਸੇ ਜ਼ਮੀਨੀ ਜੰਗ ਦੇ ਆਪਣੇ ਸਾਰੇ ਟੀਚੇ ਹਾਸਲ ਕਰ ਸਕਦਾ ਹੈ। ਹਾਲਾਂਕਿ, ਰਾਸ਼ਟਰਪਤੀ ਨੂੰ ਵਧੇਰੇ ਵਿਕਲਪ ਦੇਣ ਲਈ ਖੇਤਰ ਵਿੱਚ ਸਮੁੰਦਰੀ ਫੌਜ ਅਤੇ ਹਵਾਈ ਸੈਨਾ ਦੀ ਤਾਇਨਾਤੀ ਕੀਤੀ ਜਾ ਰਹੀ ਹੈ। ਇਸ ਨਾਲ ਇਹ ਚਿੰਤਾ ਵਧੀ ਹੈ ਕਿ 28 ਫ਼ਰਵਰੀ ਨੂੰ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਸ਼ੁਰੂ ਕੀਤੀ ਗਈ ਜੰਗ ਲੰਬੀ ਖਿੱਚ ਸਕਦੀ ਹੈ। ਇਰਾਨ ਵੱਲੋਂ ਕੀਤੀਆਂ ਵਾਪਸੀ ਕਾਰਵਾਈਆਂ ਨੇ ਖੇਤਰ ਵਿੱਚ ਅਮਰੀਕੀ ਅਤੇ ਇਜ਼ਰਾਈਲੀ ਟੀਚਿਆਂ ਦੇ ਨਾਲ-ਨਾਲ ਗਲਫ਼ ਦੇਸ਼ਾਂ ਵਿੱਚ ਨਾਗਰਿਕ ਢਾਂਚੇ ਅਤੇ ਜਹਾਜ਼ਰਾਨੀ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਵਿਸ਼ਵ ਵਪਾਰ ਪ੍ਰਭਾਵਿਤ ਹੋਇਆ ਹੈ।

ਰੂਬੀਓ ਨੇ ਕਿਹਾ ਕਿ ਜੰਗ ਤੋਂ ਬਾਅਦ ਜੇਕਰ ਇਰਾਨ ਜਹਾਜ਼ਾਂ 'ਤੇ ਟੈਕਸ ਲਗਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਯੂਰਪੀ ਅਤੇ ਏਸ਼ੀਆਈ ਦੇਸ਼ਾਂ ਨੂੰ ਇਸ ਮਾਰਗ ਦੀ ਸੁਰੱਖਿਆ ਲਈ ਖ਼ੁਦ ਯੋਗਦਾਨ ਪਾਉਣਾ ਚਾਹੀਦਾ ਹੈ। ਅਮਰੀਕਾ ਨੇ ਪਾਕਿਸਤਾਨ ਰਾਹੀਂ ਇਰਾਨ ਨੂੰ ਇੱਕ ਪ੍ਰਸਤਾਵ ਭੇਜਿਆ ਹੈ, ਜਿਸ ਵਿੱਚ ਇਰਾਨ ਦੇ ਪ੍ਰਮਾਣੂ ਅਤੇ ਮਿਜ਼ਾਈਲ ਪ੍ਰੋਗਰਾਮ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਗਈ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਜੰਗ ਨੂੰ ਖਤਮ ਕਰਨ ਲਈ ਉਤਸੁਕ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਕੂਟਨੀਤਿਕ ਹੱਲ ਲਈ ਗੱਲਬਾਤ ਜਾਰੀ ਹੈ, ਹਾਲਾਂਕਿ ਇਰਾਨ ਇਸ ਨੂੰ ਨਕਾਰਦਾ ਆ ਰਿਹਾ ਹੈ। ਟਰੰਪ ਨੇ ਇਰਾਨ ਨੂੰ ਹੋਰਮੁਜ਼ ਦਾ ਜਲਡਮਰੂ ਖੋਲ੍ਹਣ ਲਈ 10 ਦਿਨਾਂ ਦੀ ਮਿਆਦ ਵੀ ਦਿੱਤੀ ਹੈ। ਅਮਰੀਕਾ ਦੇ ਵਿਸ਼ੇਸ਼ ਦੂਤ ਸਟੀਵ ਵਿਟਕੋਫ ਨੇ ਕਿਹਾ ਕਿ ਉਹ ਇੱਕ ਹਫ਼ਤੇ ਵਿੱਚ ਇਰਾਨ ਨਾਲ ਮੀਟਿੰਗ ਦੀ ਉਮੀਦ ਕਰਦੇ ਹਨ ਅਤੇ ਜੰਗ ਖਤਮ ਕਰਨ ਲਈ ਦਿੱਤੇ ਗਏ 15 ਸੁਝਾਵਾਂ ‘ਤੇ ਜਲਦੀ ਜਵਾਬ ਦੀ ਆਸ ਹੈ। 

ਇਸ ਦਰਮਿਆਨ, ਇਰਾਨ ਦੇ ਪ੍ਰਮਾਣੂ ਖੋਜ ਰਿਐਕਟਰ, ਯੈਲੋਕੇਕ ਫੈਕਟਰੀ ਅਤੇ ਬੁਸ਼ਹਿਰ ਪਾਵਰ ਪਲਾਂਟ 'ਤੇ ਹਮਲੇ ਹੋਏ ਹਨ। ਇਰਾਨੀ ਮੀਡੀਆ ਅਨੁਸਾਰ ਕੋਈ ਰੇਡੀਏਸ਼ਨ ਲੀਕ ਨਹੀਂ ਹੋਈ ਹੈ।  ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਕਚੀ ਨੇ ਕਿਹਾ ਕਿ ਅਮਰੀਕਾ ਅਤੇ ਇਸਰਾਈਲ ਦੇ ਸਹਿਯੋਗ ਨਾਲ ਕੀਤੇ ਹਮਲਿਆਂ ਲਈ ਇਰਾਨ “ਭਾਰੀ ਕੀਮਤ” ਵਸੂਲੇਗਾ।

ਇਸ ਜੰਗ ਨੇ ਪੂਰੇ ਮੱਧ-ਪੂਰਬ ਵਿੱਚ ਤਣਾਅ ਫੈਲਾ ਦਿੱਤਾ ਹੈ, ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਵਿਸ਼ਵ ਅਰਥਵਿਵਸਥਾ ‘ਤੇ ਭਾਰੀ ਅਸਰ ਪਿਆ ਹੈ। ਤੇਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਤੇਜ਼ ਵਾਧਾ ਹੋਇਆ ਹੈ, ਜਿਸ ਨਾਲ ਮਹਿੰਗਾਈ ਦਾ ਖਤਰਾ ਵਧ ਗਿਆ ਹੈ। ਅਮਰੀਕੀ ਖੁਫੀਆ ਜਾਣਕਾਰੀ ਮੁਤਾਬਕ ਇਰਾਨ ਦੇ ਲੰਬੀ ਦੂਰੀ ਵਾਲੇ ਮਿਸਾਈਲ ਭੰਡਾਰ ਦਾ ਲਗਭਗ ਇੱਕ-ਤਿਹਾਈ ਹਿੱਸਾ ਹੀ ਨਸ਼ਟ ਕੀਤਾ ਜਾ ਸਕਿਆ ਹੈ। ਇਸ ਦੇ ਨਾਲ ਹੀ ਗਲਫ਼ ਦੇਸ਼ਾਂ ਨੇ ਅਮਰੀਕਾ ਨੂੰ ਕਿਹਾ ਹੈ ਕਿ ਕੋਈ ਵੀ ਸਮਝੌਤਾ ਸਿਰਫ਼ ਜੰਗ ਖਤਮ ਕਰਨ ਤੱਕ ਸੀਮਿਤ ਨਾ ਹੋਵੇ, ਸਗੋਂ ਇਰਾਨ ਦੀ ਮਿਸਾਈਲ ਅਤੇ ਡਰੋਨ ਸਮਰੱਥਾ ਨੂੰ ਸਥਾਈ ਤੌਰ ‘ਤੇ ਘਟਾਏ।

ਜੰਗ ਦੇ ਚਲਦੇ ਵਿਸ਼ਵ ਬਾਜ਼ਾਰ ਵੀ ਪ੍ਰਭਾਵਿਤ ਹੋਏ ਹਨ। ਕੱਚੇ ਤੇਲ ਦੀ ਕੀਮਤ $112 ਤੋਂ ਉੱਪਰ ਪਹੁੰਚ ਗਈ ਹੈ, ਜਦਕਿ ਅਮਰੀਕਾ ਵਿੱਚ ਤੇਲ ਦੀਆਂ ਕੀਮਤਾਂ ਵੀ ਇਤਿਹਾਸਕ ਸਤਰਾਂ ‘ਤੇ ਪਹੁੰਚ ਗਈਆਂ ਹਨ।

Comments

Related