ADVERTISEMENT

ADVERTISEMENT

ਜੈਫਰੀਜ਼ ਨੇ ICE ਕਾਰਵਾਈਆਂ ਅਤੇ ਚੋਣ ਨਿਯਮਾਂ ਬਾਰੇ ਦਿੱਤੀ ਚੇਤਾਵਨੀ

ਪ੍ਰਮੁੱਖ ਡੈਮੋਕ੍ਰੇਟਿਕ ਨੇਤਾ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਸਤਾਵਾਂ ਵਿੱਚ ਹੋਰ ਮੁੱਖ ਮੰਗਾਂ ਦੇ ਨਾਲ-ਨਾਲ ਏਜੰਟਾਂ ਲਈ ਲਾਜ਼ਮੀ ਬਾਡੀ ਕੈਮਰੇ ਅਤੇ ਮਾਸਕ ਪਹਿਨਣ 'ਤੇ ਪਾਬੰਦੀ ਸ਼ਾਮਲ ਹੈ

ਹਾਊਸ ਦੇ ਡੈਮੋਕ੍ਰੈਟਿਕ ਨੇਤਾ ਹਕੀਮ ਜੈਫਰੀਜ਼ / X/@RepJeffries

ਵਾਸ਼ਿੰਗਟਨ ਵਿੱਚ ਇਮੀਗ੍ਰੇਸ਼ਨ ਲਾਗੂ ਕਰਨ ਅਤੇ ਚੋਣ ਨਿਯਮਾਂ ਨੂੰ ਲੈ ਕੇ ਤਿੱਖਾ ਰਾਜਨੀਤਿਕ ਟਕਰਾਅ ਹੋਰ ਤੇਜ਼ ਹੋ ਰਿਹਾ ਹੈ। ਹਾਊਸ ਦੇ ਡੈਮੋਕ੍ਰੈਟਿਕ ਨੇਤਾ ਹਕੀਮ ਜੈਫਰੀਜ਼ ਨੇ ਚੇਤਾਵਨੀ ਦਿੱਤੀ ਹੈ ਕਿ ਸੰਘੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਹੱਦ ਤੋਂ ਵੱਧ ਕਾਰਵਾਈਆਂ ਨਾਗਰਿਕ ਆਜ਼ਾਦੀਆਂ ਅਤੇ ਲੋਕਤੰਤਰੀ ਮਾਪਦੰਡਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ, ਖ਼ਾਸ ਕਰਕੇ ਜਦੋਂ ਅਮਰੀਕਾ ਨਵੰਬਰ ਦੀਆਂ ਚੋਣਾਂ ਵੱਲ ਵੱਧ ਰਿਹਾ ਹੈ।

ਸੀਐਨਐਨ ਦੇ ਸਟੇਟ ਆਫ਼ ਦ ਯੂਨੀਅਨ ਪ੍ਰੋਗਰਾਮ ਵਿੱਚ ਪੇਸ਼ ਹੁੰਦਿਆਂ ਜੈਫਰੀਜ਼ ਨੇ ਕਿਹਾ ਕਿ ਡੈਮੋਕ੍ਰੈਟ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ (DHS) ਲਈ ਫੰਡਿੰਗ ਦਾ ਸਮਰਥਨ ਨਹੀਂ ਕਰਨਗੇ ਜਦੋਂ ਤੱਕ ਰਿਪਬਲਿਕਨ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ICE) ਵਿੱਚ ਵਿਆਪਕ ਸੁਧਾਰਾਂ ਲਈ ਸਹਿਮਤ ਨਹੀਂ ਹੁੰਦੇ। ਉਨ੍ਹਾਂ ਦਾ ਕਹਿਣਾ ਸੀ ਕਿ ICE “ਪੂਰੀ ਤਰ੍ਹਾਂ ਅਤੇ ਹਰ ਪੱਖੋਂ ਕਾਬੂ ਤੋਂ ਬਾਹਰ ਹੋ ਚੁੱਕੀ ਹੈ।”

ਜਦੋਂ ਜੈਫਰੀਜ਼ ਨੂੰ ਪੁੱਛਿਆ ਗਿਆ ਕਿ ਕੀ ਡੈਮੋਕ੍ਰੇਟਸ ਆਪਣੀਆਂ ਮੰਗਾਂ ਦੀ ਪੂਰੀ ਸੂਚੀ ਤੋਂ ਘੱਟ ਕੁਝ ਵੀ ਸਵੀਕਾਰ ਕਰਨਗੇ, ਤਾਂ ਉਨ੍ਹਾਂ ਕਿਹਾ, “ਫਿਲਹਾਲ ਨਹੀਂ।” ਉਨ੍ਹਾਂ ਨੇ ਅੱਗੇ ਕਿਹਾ, “ਅਸੀਂ ਇੱਕ ਬੁਨਿਆਦੀ ਅਸੂਲ ਤੋਂ ਸ਼ੁਰੂ ਕਰਦੇ ਹਾਂ ਕਿ ਟੈਕਸਦਾਤਾਵਾਂ ਦਾ ਪੈਸਾ ਆਮ ਅਮਰੀਕੀਆਂ ਦੀ ਜ਼ਿੰਦਗੀ ਸਸਤੀ ਬਣਾਉਣ ਲਈ ਵਰਤਿਆ ਜਾਣਾ ਚਾਹੀਦਾ ਹੈ, ਨਾ ਕਿ ਰੇਨੀ ਨਿਕੋਲ ਗੁੱਡ ਜਾਂ ਐਲੈਕਸ ਪ੍ਰੈੱਟੀ ਵਰਗੇ ਅਮਰੀਕੀ ਨਾਗਰਿਕਾਂ ਨੂੰ ਬੇਰਹਮੀ ਨਾਲ ਤਸ਼ੱਦਦ ਕਰਨ ਜਾਂ ਮਾਰਨ ਲਈ।”

ਜੈਫਰੀਜ਼ ਨੇ ਕਿਹਾ ਕਿ ਇਮੀਗ੍ਰੇਸ਼ਨ ਲਾਗੂ ਕਰਨ ਦੀ ਪ੍ਰਕਿਰਿਆ “ਇਨਸਾਫ਼ਪੂਰਕ, ਨਿਆਂਯੋਗ ਅਤੇ ਮਨੁੱਖੀ” ਹੋਣੀ ਚਾਹੀਦੀ ਹੈ। ਉਨ੍ਹਾਂ ਦੇ ਅਨੁਸਾਰ, ਜਦ ਤੱਕ ਹੋਮਲੈਂਡ ਸਕਿਓਰਿਟੀ ਦੇ ਅਧਿਕਾਰੀਆਂ ਦੇ ਕੰਮ ਕਰਨ ਦੇ ਢੰਗ ਵਿੱਚ ਤਬਦੀਲੀਆਂ ਨਹੀਂ ਕੀਤੀਆਂ ਜਾਂਦੀਆਂ, ਉਦੋਂ ਤੱਕ ਕਿਸੇ ਵੀ ਫੰਡਿੰਗ ਬਿੱਲ ਨੂੰ ਅੱਗੇ ਨਹੀਂ ਵਧਣਾ ਚਾਹੀਦਾ।

ਜੈਫਰੀਜ਼ ਨੇ ਕਿਹਾ, “ICE ਏਜੰਟਾਂ ਵੱਲੋਂ ਨਿੱਜੀ ਘਰਾਂ ਵਿੱਚ ਧਾਵਾ ਬੋਲ ਕੇ ਆਮ ਅਮਰੀਕੀਆਂ ਨੂੰ ਇਸ ਤਰ੍ਹਾਂ ਹਿੰਸਕ ਢੰਗ ਨਾਲ ਘਰਾਂ ਤੋਂ ਘਸੀਟ ਕੇ ਲੈ ਜਾਣ ਤੋਂ ਪਹਿਲਾਂ ਉਹਨਾਂ ਕੋਲ ਅਦਾਲਤੀ ਵਾਰੰਟ ਲਾਜ਼ਮੀ ਹੋਣੇ ਚਾਹੀਦੇ ਹਨ। ਇਹ ਕੋਈ ਵਿਵਾਦਤ ਗੱਲ ਨਹੀਂ ਹੋਣੀ ਚਾਹੀਦੀ।”

DHS ਨੂੰ ਫੰਡ ਦੇਣ ਦੀ ਸਮਾਂ ਸੀਮਾ ਵਿੱਚ ਪੰਜ ਦਿਨ ਬਾਕੀ ਰਹਿ ਜਾਣ ਦੇ ਨਾਲ, ਜੈਫਰੀਜ਼ ਨੇ ਸਵੀਕਾਰ ਕੀਤਾ ਕਿ ICE ਅਤੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (CBP) ਨੂੰ ਪਿਛਲੇ ਸਾਲ ਪਾਸ ਕੀਤੇ ਗਏ ਕਾਨੂੰਨ ਦੇ ਤਹਿਤ ਪਹਿਲਾਂ ਹੀ ਮਹੱਤਵਪੂਰਨ ਫੰਡ ਮਿਲ ਰਹੇ ਹਨ। ਫਿਰ ਵੀ, ਉਨ੍ਹਾਂ ਕਿਹਾ ਕਿ ਸੁਧਾਰਾਂ ਨੂੰ ਖਰਚੇ ਵਾਲੇ ਬਿੱਲਾਂ ਨਾਲ ਜੋੜਨਾ ਹੀ ਕਾਰਵਾਈ ਦੇ ਵਿਵਹਾਰ ਨੂੰ ਬਦਲਣ ਦਾ ਇਕੋ-ਇਕ ਰਸਤਾ ਹੈ। ਨਾਲ ਹੀ ਜੋੜਿਆ ਕਿ ਡੈਮੋਕ੍ਰੈਟਸ ਨੂੰ ਨਾ ਤਾਂ ਵ੍ਹਾਈਟ ਹਾਊਸ ਤੋਂ ਅਤੇ ਨਾ ਹੀ ਕੈਪਿਟਲ ਹਿੱਲ ‘ਤੇ ਰਿਪਬਲਿਕਨ ਨੇਤਾਵਾਂ ਵੱਲੋਂ ਕੋਈ ਜਵਾਬ ਮਿਲਿਆ ਹੈ।  

ਜੈਫਰੀਜ਼ ਨੇ ਚੇਤਾਵਨੀ ਦਿੱਤੀ ਕਿ ਕਾਰਵਾਈ ਕਰਨ ਵਿੱਚ ਅਸਫਲ ਰਹਿਣ ਦਾ ਮਤਲਬ ਹੋਵੇਗਾ "ਕੋਸਟ ਗਾਰਡ, FEMA, ਅਤੇ TSA ਨੂੰ ਬੰਦ ਕਰਨ ਦਾ ਸਪੱਸ਼ਟ ਫੈਸਲਾ," ਜਿਸ ਨੂੰ ਉਨ੍ਹਾਂ ਨੇ "ਬਹੁਤ ਮੰਦਭਾਗਾ" ਨਤੀਜਾ ਦੱਸਿਆ। 

ਡੈਮੋਕ੍ਰੇਟਿਕ ਨੇਤਾ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਚੋਣਾਂ ਦੇ ਰਾਸ਼ਟਰੀਕਰਨ ਅਤੇ ਵੋਟ ਪਾਉਣ ਲਈ ਨਾਗਰਿਕਤਾ ਦੇ ਸਬੂਤ ਦੀ ਲੋੜ ਦੀਆਂ ਨਵੀਆਂ ਮੰਗਾਂ ਦਾ ਵੀ ਵਿਰੋਧ ਕੀਤਾ। ਰਿਪਬਲਿਕਨ ਇਹ ਪ੍ਰਸਤਾਵ 'SAVE ਐਕਟ' ਵਜੋਂ ਜਾਣੇ ਜਾਂਦੇ ਕਾਨੂੰਨ ਰਾਹੀਂ ਅੱਗੇ ਵਧਾ ਰਹੇ ਹਨ।

ਜੈਫਰੀਜ਼ ਨੇ ਉਸ ਨਸਲਵਾਦੀ ਵੀਡੀਓ ਦੀ ਵੀ ਨਿੰਦਾ ਕੀਤੀ ਜੋ ਰਾਸ਼ਟਰਪਤੀ ਟਰੰਪ ਨੇ ਪੋਸਟ ਕਰਕੇ ਬਾਅਦ ਵਿੱਚ ਮਿਟਾ ਦਿੱਤੀ ਸੀ, ਜਿਸ ਵਿੱਚ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਸਾਬਕਾ ਫਰਸਟ ਲੇਡੀ ਮਿਸ਼ੇਲ ਓਬਾਮਾ ਨੂੰ ਬਾਂਦਰਾਂ ਵਜੋਂ ਦਰਸਾਇਆ ਗਿਆ ਸੀ। ਟਰੰਪ ਨੇ ਇਸ ਲਈ ਮਾਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਦੋਸ਼ ਇੱਕ ਸਟਾਫ਼ ਮੈਂਬਰ ‘ਤੇ ਲਗਾ ਦਿੱਤਾ ਹੈ। ਜੈਫਰੀਜ਼ ਨੇ ਕਿਹਾ, "ਉਨ੍ਹਾਂ ਨੂੰ ਨਿਸ਼ਚਤ ਤੌਰ 'ਤੇ ਮੁਆਫੀ ਮੰਗਣ ਦੀ ਲੋੜ ਹੈ। ਇਹ ਇੱਕ ਘਿਣਾਉਣੀ ਵੀਡੀਓ ਸੀ।"

Comments

Related