ADVERTISEMENT

ADVERTISEMENT

ਭਾਰਤੀ ਮੂਲ ਦੀ MAGA ਵਕੀਲ ਨੇ ਰਾਮਾਸਵਾਮੀ ਵੱਲੋਂ 'ਹੈਰੀਟੇਜ ਅਮਰੀਕਨਿਜ਼ਮ’ ਨੂੰ ਰੱਦ ਕਰਨ ਦੇ ਫੈਸਲੇ ਦਾ ਕੀਤਾ ਸਮਰਥਨ

MAGA ਵਕੀਲ ਮਹਿਕ ਕੁੱਕ ਅਤੇ ਵਿਵੇਕ ਰਾਮਾਸਵਾਮੀ / X/@MehekCooke

ਭਾਰਤੀ ਮੂਲ ਦੀ MAGA ਵਕੀਲ ਅਤੇ ਰਿਪਬਲਿਕਨ ਨੇਤਾ ਮਹਿਕ ਕੁੱਕ ਨੇ ਅਮਰੀਕਾ ਦੇ ਰੂੜੀਵਾਦੀ ਅੰਦੋਲਨ ਅੰਦਰ ਵੱਧ ਰਹੀ ਬਹਿਸ ‘ਤੇ ਆਪਣੀ ਪ੍ਰਤਿਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਹੋਣ ਦੀ ਪਛਾਣ ਵੰਸ਼ ਤੋਂ ਨਹੀਂ ਤੋਲੀ ਜਾ ਸਕਦੀ, ਅਤੇ ਉਨ੍ਹਾਂ GOP ਨੇਤਾ ਵਿਵੇਕ ਰਾਮਾਸਵਾਮੀ ਵੱਲੋਂ ‘ਹੈਰੀਟੇਜ ਅਮਰੀਕਨਿਜ਼ਮ’ ਨੂੰ ਰੱਦ ਕਰਨ ਦੇ ਫੈਸਲੇ ਦਾ ਸਮਰਥਨ ਵੀ ਕੀਤਾ ਹੈ।

ਮਹਿਕ ਕੁੱਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਅਸਲ ਵੰਡ ਵਿਰਾਸਤ ਨਹੀਂ, ਸਗੋਂ ਕਾਨੂੰਨੀ ਪ੍ਰਕਿਰਿਆ ਹੈ। ਉਨ੍ਹਾਂ ਦੀ ਪੋਸਟ ਵਿੱਚ ਲਿਖਿਆ ਸੀ: “ਮੈਂ ਅਮਰੀਕੀ ਹਾਂ। ਮੈਂ ਕਾਨੂੰਨੀ ਤਰੀਕੇ ਨਾਲ ਇੱਥੇ ਆਈ ਅਤੇ ਇੱਥੋਂ ਦੇ ਕਾਨੂੰਨਾਂ, ਸੱਭਿਆਚਾਰ ਅਤੇ ਸਾਂਝੇ ਮਿਆਰਾਂ ਨੂੰ ਅਪਣਾਇਆ। ਮੇਰੀ ਅਮਰੀਕੀ ਪਛਾਣ ‘ਤੇ ਕਿਸੇ ਦਾ ਵੀ ਅਧਿਕਾਰ ਨਹੀਂ ਹੈ। ਅਸਲ ਵੰਡ ਵਿਰਾਸਤ ਨਹੀਂ ਹੈ, ਸਗੋਂ ਕਾਨੂੰਨੀ ਸਥਿਤੀ ਅਤੇ ਇੱਥੋਂ ਦੇ ਰੰਗ ਵਿੱਚ ਰੰਗੇ ਜਾਣਾ ਹੈ। ਵਿਵੇਕ ਰਾਮਾਸਵਾਮੀ ਦੇ ਭਾਸ਼ਣ ਤੋਂ ਬਾਅਦ ਬੈਕਸਟੇਜ ਉਨ੍ਹਾਂ ਨਾਲ ਗੱਲ ਹੋਈ। ਇਹੀ ਸਪਸ਼ਟਤਾ ਹੀ ਜਿੱਤ ਦਿਵਾਉਂਦੀ ਹੈ।”

ਮਹਿਕ ਕੁੱਕ ਦਾ ਜਨਮ ਭਾਰਤ ਵਿੱਚ ਹੋਇਆ ਸੀ। ਉਹ ਬਚਪਨ ਵਿੱਚ ਅਮਰੀਕਾ ਚਲੀ ਗਈ ਤੇ ਉਹ ਓਹੀਓ ਵਿੱਚ ਵੱਡੀ ਹੋਈ। ਇਸ ਸਮੇਂ ਉਹ ਅਮਰੀਕਨ ਫਰੰਟੀਅਰ ਸਟ੍ਰੈਟਜੀਜ਼ ਦੀ ਪ੍ਰਧਾਨ ਹੈ। ਇਸ ਤੋਂ ਪਹਿਲਾਂ ਉਹ ਓਹੀਓ ਗਵਰਨਰ ਦੇ ਦਫ਼ਤਰ ਅਤੇ ਓਹੀਓ ਦੇ ਦੱਖਣੀ ਜ਼ਿਲ੍ਹੇ ਲਈ ਅਮਰੀਕੀ ਅਟਾਰਨੀ ਦਫ਼ਤਰ ਵਿੱਚ ਵੀ ਸੇਵਾ ਨਿਭਾਅ ਚੁੱਕੀ ਹਨ।

ਇੱਕ ਮੀਡੀਆ ਟਿੱਪਣੀਕਾਰ ਹੋਣ ਦੇ ਨਾਲ-ਨਾਲ, ਕੁੱਕ ਰਿਪਬਲਿਕਨ ਨੈਸ਼ਨਲ ਕਮੇਟੀ ਲਈ ਸਰੋਗੇਟ ਵਜੋਂ ਵੀ ਕੰਮ ਕਰ ਚੁੱਕੀ ਹਨ, ਜਿੱਥੇ ਉਨ੍ਹਾਂ ਨੇ ਇਮੀਗ੍ਰੇਸ਼ਨ, ਚੋਣਾਂ ਅਤੇ ਰਾਸ਼ਟਰੀ ਸੁਰੱਖਿਆ ਬਾਰੇ ਸਲਾਹ ਦਿੱਤੀ। ਕੁੱਕ ਦੀ ਇਹ ਪੋਸਟ ਟਰਨਿੰਗ ਪੌਇੰਟ USA ਦੇ ‘ਅਮਰੀਕਾ ਫੈਸਟ’ ਸਮਾਗਮ ਵਿੱਚ ਵਿਵੇਕ ਰਾਮਾਸਵਾਮੀ ਦੇ ਭਾਸ਼ਣ ਤੋਂ ਬਾਅਦ ਸਾਹਮਣੇ ਆਈ। ਇਸ ਭਾਸ਼ਣ ਦੌਰਾਨ ਰਾਮਾਸਵਾਮੀ ਨੇ ਸੱਜੇ ਪੱਖੀ ਅੰਦੋਲਨ ਦੇ ਕੁਝ ਹਿੱਸਿਆਂ ਵਿੱਚ ਮੌਜੂਦ ਨਸਲਵਾਦ ਅਤੇ ਯਹੂਦੀ ਵਿਰੋਧੀ ਸੋਚ ਦੀ ਕੜੀ ਆਲੋਚਨਾ ਕੀਤੀ। ਇਹ ਟਿੱਪਣੀਆਂ ਖ਼ਾਸ ਤੌਰ ‘ਤੇ ਉਸ ਤੋਂ ਬਾਅਦ ਆਈਆਂ ਜਦੋਂ ਵ੍ਹਾਈਟ ਨੈਸ਼ਨਲਿਸਟ ਅਤੇ ਰਾਈਟ-ਵਿੰਗ ਕਾਰਕੁਨ ‘ਨਿੱਕ ਫੁਏਂਟਸ’ ਨੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਦੀ ਹਿੰਦੂ-ਭਾਰਤੀ ਪਤਨੀ ਉਸ਼ਾ ਨੂੰ ਨਸਲਵਾਦੀ ਸ਼ਬਦ ਨਾਲ ਸੰਬੋਧਨ ਕੀਤਾ ਸੀ।

ਵਿਵੇਕ ਰਾਮਾਸਵਾਮੀ ਨੇ ਸਪਸ਼ਟ ਕੀਤਾ ਕਿ ਕਿਸੇ ਵਿਅਕਤੀ ਦੇ ਪਰਿਵਾਰ ਦੀ ਹਾਲੀਆ ਇਮੀਗ੍ਰੇਸ਼ਨ ਦੇ ਆਧਾਰ ‘ਤੇ ਉਸਨੂੰ ਘੱਟ ਅਮਰੀਕੀ ਨਹੀਂ ਕਿਹਾ ਜਾ ਸਕਦਾ ਅਤੇ ਉਨ੍ਹਾਂ ਹਰ ਕਿਸਮ ਦੀ ਨਸਲੀ ਜਾਂ ਧਾਰਮਿਕ ਨਫ਼ਰਤ ਦੀ ਨਿੰਦਾ ਕੀਤੀ।

Comments

Related