ਐਫਬੀਆਈ ਦੇ ਸਾਬਕਾ ਡਾਇਰੈਕਟਰ ਜੇਮਸ ਕੋਮੀ ਵਿਰੁੱਧ ਇਥੋਂ ਦੀ ਇੱਕ ਅਦਾਲਤ ਵਿਚ ਇਕ ਕੇਸ ਦਰਜ ਕੀਤਾ ਗਿਆ ਹੈ। ਇਸ ਕੇਸ ਦੀ ਪੈਰਵੀ ਵਰਜੀਨੀਆ ਦੇ ਪੂਰਬੀ ਜ਼ਿਲ੍ਹੇ ਦੇ ਯੂਐਸ ਅਟਾਰਨੀ ਦਫ਼ਤਰ ਵਲੋਂ ਕੀਤੀ ਜਾ ਰਹੀ ਹੈ। ਇਸੇ ਦਫ਼ਤਰ ਵਿੱਚ ਹੀ ਪ੍ਰੈਜ਼ੀਡੈਂਟ ਟਰੰਪ ਵੱਲੋਂ ਵ੍ਹਾਈਟ ਹਾਊਸ ਦੀ ਇੱਕ ਸਹਾਇਕ ਅਤੇ ਆਪਣੀ ਸਾਬਕਾ ਨਿੱਜੀ ਬਚਾਅ ਪੱਖ ਦੀ ਵਕੀਲ ਲਿੰਡਸੇ ਹੈਲੀਗਨ ਨੂੰ ਨਿਯੁਕਤ ਕੀਤਾ ਗਿਆ ਸੀ।
ਐਫਬੀਆਈ ਦੇ ਸਾਬਕਾ ਡਾਇਰੈਕਟਰ ਜੇਮਸ ਕੋਮੀ ਉੱਤੇ ਦੋ ਗੰਭੀਰ ਦੋਸ਼ ਲਗੇ ਹਨ, ਇੱਕ 'ਝੂਠਾ ਬਿਆਨ ਦੇਣਾ' ਅਤੇ ਦੂਜਾ 'ਕਾਂਗਰਸ ਦੀ ਕਾਰਵਾਈ ਵਿੱਚ ਰੁਕਾਵਟ ਪੈਦਾ ਕਰਨਾ'। ਇਹ ਦੋਸ਼ ਸਤੰਬਰ 2020 ਵਿੱਚ ਸੈਨੇਟ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਉਨ੍ਹਾਂ ਦੀ ਗਵਾਹੀ ਨਾਲ ਜੁੜੇ ਹਨ, ਜਿੱਥੇ ਕੋਮੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਕਦੇ ਵੀ ਗੁਪਤ ਸਰੋਤਾਂ ਜਾਂ ਜਾਣਕਾਰੀ ਨੂੰ ਮੀਡੀਆ ਨਾਲ ਸਾਂਝਾ ਕਰਨ ਦੀ ਆਗਿਆ ਨਹੀਂ ਦਿੱਤੀ। ਪਰ ਪ੍ਰੋਸਿਕਿਊਟਰਾਂ ਦਾ ਦਾਅਵਾ ਹੈ ਕਿ ਇਹ ਬਿਆਨ ਹਕੀਕਤ ਤੋਂ ਉਲਟ ਸਨ ਅਤੇ ਜਾਨਬੁੱਝ ਕੇ ਗਲਤ ਜਾਣਕਾਰੀ ਦਿੱਤੀ ਗਈ ਸੀ।ਜੇ ਦੋਸ਼ ਸਾਬਤ ਹੋ ਜਾਂਦੇ ਹਨ, ਤਾਂ ਕੋਮੀ ਨੂੰ ਵੱਧ ਤੋਂ ਵੱਧ ਪੰਜ ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਪ੍ਰੈਜ਼ੀਡੈਂਟ ਟਰੰਪ ਵੱਲੋਂ ਆਪਣੇ ਪਹਿਲੇ ਕਾਰਜਕਾਲ ਦੇ ਦੌਰਾਨ ਸਾਲ 2017 ਵਿੱਚ ਜੇਮਸ ਕੋਮੀ ਨੂੰ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ।
ਇਹ ਕੇਸ ਅਮਰੀਕਾ ਵਿੱਚ ਰਾਜਨੀਤਕ ਤਣਾਅ ਦੇ ਦੌਰਾਨ ਸਾਹਮਣੇ ਆਇਆ ਹੈ। ਕੁਝ ਲੋਕ ਇਸਨੂੰ ਨਿਆਂ ਪ੍ਰਣਾਲੀ ਦੀ ਮਜ਼ਬੂਤੀ ਵਜੋਂ ਦੇਖ ਰਹੇ ਹਨ, ਜਦਕਿ ਹੋਰਾਂ ਦਾ ਮੰਨਣਾ ਹੈ ਕਿ ਇਹ ਰਾਜਨੀਤੀ ਤੋਂ ਪ੍ਰੇਰਿਤ ਕਦਮ ਹੈ, ਜਿਸਦਾ ਮਕਸਦ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣਾ ਹੈ। ਪ੍ਰੈਜੀਡੈਂਟ ਟ੍ਰੰਪ ਨੇ ਇਸ ਕਾਰਵਾਈ ਦੀ ਖੁੱਲ੍ਹੀ ਹਮਾਇਤ ਕੀਤੀ ਹੈ ਅਤੇ ਕਿਹਾ ਹੈ ਕਿ ਇਹ "ਇਨਸਾਫ਼ ਹੈ, ਬਦਲਾ ਨਹੀਂ"। ਦੂਜੇ ਪਾਸੇ, ਕੋਮੀ ਨੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ ਅਤੇ ਇਨ੍ਹਾਂ ਨੂੰ “ਰਾਜਨੀਤੀ ਤੋਂ ਪ੍ਰੇਰਿਤ” ਕਰਾਰ ਦਿੰਦਿਆਂ ਕਿਹਾ ਹੈ ਕਿ ਉਹ ਅਦਾਲਤ ਵਿੱਚ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਲੜਾਈ ਲੜਣਗੇ। ਉਨ੍ਹਾਂ ਦੀ ਪਹਿਲੀ ਅਦਾਲਤੀ ਪੇਸ਼ੀ 9 ਅਕਤੂਬਰ, 2025 ਨੂੰ ਨਿਰਧਾਰਿਤ ਕੀਤੀ ਗਈ ਹੈ, ਜਿੱਥੇ ਜੱਜ ਮਾਇਕੇਲ ਐਸ. ਨਕਮੈਨੌਫ ਇਸ ਦੀ ਸੁਣਵਾਈ ਕਰਨਗੇ।
Comments
Start the conversation
Become a member of New India Abroad to start commenting.
Sign Up Now
Already have an account? Login