ਪਿਯੂਸ਼ ਗੋਇਲ / Image - X @PiyushGoyal
ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰ ਸਮਝੌਤੇ (ਟ੍ਰੇਡ ਡੀਲ) ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਡੋਨਾਲਡ ਟਰੰਪ ਨੇ ਆਪਣੇ ਬਿਆਨ ਵਿੱਚ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜਲਦੀ ਹੀ ਅਸੀਂ ਇੱਕ ਚੰਗੀ ਡੀਲ ਨੂੰ ਅੰਤਿਮ ਰੂਪ ਦੇਣ ਜਾ ਰਹੇ ਹਾਂ। ਹਾਲਾਂਕਿ ਭਾਰਤ ਵੱਲੋਂ ਅਜਿਹਾ ਕੋਈ ਬਿਆਨ ਨਹੀਂ ਆਇਆ ਸੀ, ਪਰ ਵਣਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ।
ਉਨ੍ਹਾਂ ਦੇ ਅਨੁਸਾਰ, ਭਾਰਤ ਬਰਾਬਰੀ ਦਾ ਸਮਝੌਤਾ ਕਰੇਗਾ। ਪਿਯੂਸ਼ ਗੋਇਲ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਪ੍ਰਸਤਾਵਿਤ ਵਪਾਰ ਸਮਝੌਤੇ 'ਤੇ 'ਤੁਹਾਨੂੰ ਚੰਗੀ ਖ਼ਬਰ ਸੁਣਨ ਨੂੰ ਮਿਲੇਗੀ' ਜਦੋਂ ਇਹ ਸਮਝੌਤਾ ਨਿਰਪੱਖ, ਨਿਆਂਪੂਰਨ ਅਤੇ ਸੰਤੁਲਿਤ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਇਸ ਡੀਲ ਵਿੱਚ ਕਿਸਾਨਾਂ ਅਤੇ ਮਛੇਰਿਆਂ ਦੇ ਹਿੱਤਾਂ ਦੀ ਵੀ ਰਾਖੀ ਕਰੇਗਾ।
ਉਨ੍ਹਾਂ ਨੇ ਇੰਡੋ-ਅਮਰੀਕਨ ਚੈਂਬਰ ਆਫ਼ ਕਾਮਰਸ ਵੱਲੋਂ ਆਯੋਜਿਤ ਭਾਰਤ-ਅਮਰੀਕਾ ਆਰਥਿਕ ਸੰਮੇਲਨ ਵਿੱਚ ਕਿਹਾ ਕਿ ਵਪਾਰ ਸਮਝੌਤੇ ਲਈ ਗੱਲਬਾਤ ਇੱਕ ਪ੍ਰਕਿਰਿਆ ਹੈ ਅਤੇ ਇੱਕ ਰਾਸ਼ਟਰ ਵਜੋਂ ਭਾਰਤ ਨੂੰ ਕਿਸਾਨਾਂ, ਮਛੇਰਿਆਂ ਅਤੇ ਲਘੂ ਉਦਯੋਗਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ। ਗੋਇਲ ਨੇ ਕਿਹਾ ਕਿ ਜਦੋਂ ਇਹ ਸਮਝੌਤਾ ਨਿਰਪੱਖ, ਨਿਆਂਪੂਰਨ ਅਤੇ ਸੰਤੁਲਿਤ ਹੋ ਜਾਵੇਗਾ, ਤਾਂ ਤੁਹਾਨੂੰ ਚੰਗੀ ਖ਼ਬਰ ਸੁਣਨ ਨੂੰ ਮਿਲੇਗੀ।
ਪਿਯੂਸ਼ ਗੋਇਲ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਰਤ ਅਤੇ ਅਮਰੀਕਾ ਮਾਰਚ ਤੋਂ ਦੋ-ਪੱਖੀ ਵਪਾਰ ਸਮਝੌਤੇ 'ਤੇ ਗੱਲਬਾਤ ਕਰ ਰਹੇ ਹਨ। ਹੁਣ ਤੱਕ ਛੇ ਦੌਰ ਦੀ ਗੱਲਬਾਤ ਪੂਰੀ ਹੋ ਚੁੱਕੀ ਹੈ।
ਡੈੱਕਨ ਕ੍ਰੋਨਿਕਲ ਦੀ ਐਤਵਾਰ ਨੂੰ ਆਈ ਇੱਕ ਰਿਪੋਰਟ ਵਿੱਚ ਇੱਕ ਵੱਡਾ ਦਾਅਵਾ ਕੀਤਾ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਐਲਾਨ ਨਵੰਬਰ ਵਿੱਚ ਹੀ ਕੀਤਾ ਜਾ ਸਕਦਾ ਹੈ। ਰੂਸੀ ਤੇਲ (Russian Oil) ਦਾ ਮੁੱਦਾ ਪੂਰੀ ਤਰ੍ਹਾਂ ਹੱਲ ਹੋ ਚੁੱਕਾ ਹੈ ਅਤੇ ਡੋਨਾਲਡ ਟਰੰਪ ਨੇ ਵੀ ਭਾਰਤ 'ਤੇ 25 ਫੀਸਦੀ ਤੱਕ ਟੈਰਿਫ ਘਟਾਉਣ 'ਤੇ ਸਹਿਮਤੀ ਜਤਾਈ ਹੈ।
ਰਿਪੋਰਟ ਇਹ ਵੀ ਕਹਿੰਦੀ ਹੈ ਕਿ ਭਾਰਤ–ਅਮਰੀਕਾ ਵਿਚਕਾਰ ਦੋ-ਪੱਖੀ ਵਪਾਰ ਸਮਝੌਤੇ (BTA) ਦਾ ਪਹਿਲਾ ਪੜਾਅ ਲਗਭਗ ਪੂਰਾ ਹੋਣ ਦੇ ਨੇੜੇ ਹੈ। ਭਾਰਤ ਅਤੇ ਅਮਰੀਕਾ ਵਿਚਕਾਰ ਹੁਣ ਤੱਕ 6 ਦੌਰ ਦੀ ਗੱਲਬਾਤ ਹੋ ਚੁੱਕੀ ਹੈ ਅਤੇ ਦੋਵੇਂ ਦੇਸ਼ 2025 ਤੱਕ ਪਹਿਲਾ ਪੜਾਅ ਪੂਰਾ ਕਰਨ ਦੀ ਯੋਜਨਾ ਬਣਾ ਰਹੇ ਹਨ। ਹਾਲਾਂਕਿ ਅੱਗੇ ਵੀ ਕੁਝ ਗੰਭੀਰ ਮੁੱਦਿਆਂ 'ਤੇ ਗੱਲਬਾਤ ਹੁੰਦੀ ਰਹੇਗੀ।
ਕਾਬਿਲੇਗੌਰ ਹੈ ਕਿ ਭਾਰਤ ਫਿਲਹਾਲ 50 ਫੀਸਦੀ ਟੈਰਿਫ ਦਾ ਭਾਰ ਝੱਲ ਰਿਹਾ ਹੈ, ਜਿਸ ਵਿੱਚੋਂ 25 ਫੀਸਦੀ ਟੈਰਿਫ ਭਾਰਤ 'ਤੇ ਰੂਸੀ ਤੇਲ ਖਰੀਦਣ ਕਾਰਨ ਲਗਾਇਆ ਗਿਆ ਹੈ। ਕਿਉਂਕਿ ਹੁਣ ਭਾਰਤ ਨੇ ਰੂਸੀ ਤੇਲ ਦੀ ਖਰੀਦ ਨੂੰ ਘੱਟ ਕੀਤਾ ਹੈ, ਇਸ ਲਈ ਮਾਹਿਰ ਮੰਨ ਰਹੇ ਹਨ ਕਿ 25 ਫੀਸਦੀ ਟੈਰਿਫ ਘੱਟ ਹੋਣਾ ਤਾਂ ਤੈਅ ਹੀ ਹੈ, ਪਰ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਅੱਗੇ ਚੱਲ ਕੇ ਅਮਰੀਕਾ ਭਾਰਤ 'ਤੇ ਟੈਰਿਫ਼ ਨੂੰ 15 ਫੀਸਦੀ ਤੱਕ ਲਿਆ ਸਕਦਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login