ਟੰਬਲਰ ਰਿਜ ਗੋਲੀਕਾਂਡ / Staff Reporter
ਟੰਬਲਰ ਰਿਜ ਗੋਲੀਕਾਂਡ ਦੀ ਦਰਦਨਾਕ ਘਟਨਾ ਕੈਨੇਡਾ ਲਈ ਤਾਂ ਗਹਿਰਾ ਦੁੱਖ ਹੈ ਹੀ ਪਰ ਇਸਦੇ ਨਾਲ ਹੀ ਇਸ ਦੇ ਦਰਦ ਦੀਆਂ ਗੂੰਜਾਂ ਇਟਲੀ ਦੇ ਓਲੰਪਿਕ ਸ਼ਹਿਰਾਂ ਮਿਲਾਨ ਅਤੇ ਕੋਰਟੀਨਾ ਤੱਕ ਵੀ ਪਹੁੰਚ ਗਈਆਂ। ਜਦੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹਾਊਸ ਆਫ ਕਾਮਨਜ਼ ਵਿੱਚ ਭਾਵੁਕ ਬਿਆਨ ਦਿੱਤਾ, ਤਦੋਂ ਕੈਨੇਡੀਅਨ ਓਲੰਪਿਕ ਅਤੇ ਪੈਰਾਲੰਪਿਕ ਕਮੇਟੀਆਂ ਨੇ ਵੀ ਇਸ ਕਾਇਰਾਨਾ ਕਤਲਕਾਂਡ ਦੀ ਕੜੀ ਨਿੰਦਾ ਕਰਦਿਆਂ ਪੀੜਤ ਪਰਿਵਾਰਾਂ ਨਾਲ ਏਕਤਾ ਪ੍ਰਗਟ ਕੀਤੀ।
ਇਸ ਦੌਰਾਨ ਬ੍ਰਿਟਿਸ਼ ਕੋਲੰਬੀਆ ਡਿਵੀਜ਼ਨ ਦੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (ਬੀਸੀ ਆਰਸੀਐਮਪੀ) ਨੇ ਉਸ ਸ਼ੱਕੀ ਦੀ ਪਛਾਣ ਕਰ ਲਈ ਹੈ ਜਿਸ ਨੇ ਮੰਗਲਵਾਰ ਦੁਪਹਿਰ ਟੰਬਲਰ ਰਿਜ ਦੀ ਛੋਟੀ ਉੱਤਰ-ਪੂਰਬੀ ਕਮਿਊਨਿਟੀ ਵਿੱਚ ਹੋਈ ਸਮੂਹਿਕ ਗੋਲੀਬਾਰੀ ਵਿੱਚ ਅੱਠ ਲੋਕਾਂ ਦੀ ਜਾਨ ਲੈ ਲਈ ਅਤੇ ਕਈ ਹੋਰਾਂ ਨੂੰ ਜਖਮੀ ਕਰ ਦਿੱਤਾ।
ਮੈਕਡੋਨਾਲਡ ਨੇ ਇਹ ਵੀ ਪੁਸ਼ਟੀ ਕੀਤੀ ਕਿ 10 ਨਹੀਂ, ਸਗੋਂ ਕੁੱਲ ਨੌਂ ਲੋਕਾਂ ਦੀ ਮੌਤ ਹੋਈ, ਜਿਨ੍ਹਾਂ ਵਿੱਚ ਵੈਨ ਰੂਟਸਲਾਰ ਵੀ ਸ਼ਾਮਲ ਹੈ। ਉਨ੍ਹਾਂ ਕਿਹਾ, “ਸ਼ੁਰੂ ਵਿੱਚ ਇਹ ਸਮਝਿਆ ਗਿਆ ਸੀ ਕਿ ਇੱਕ ਮਹਿਲਾ ਪੀੜਤਾ, ਜਿਸ ਨੂੰ ਗੰਭੀਰ ਜ਼ਖ਼ਮਾਂ ਕਾਰਨ ਸਾਡੇ ਅਧਿਕਾਰੀਆਂ ਵੱਲੋਂ ਘਟਨਾ ਸਥਾਨ ਤੋਂ ਪੈਰਾਮੈਡੀਕਲ ਸਟਾਫ਼ ਨੂੰ ਸੌਂਪਿਆ ਗਿਆ ਸੀ, ਉਸਦੀ ਮੌਤ ਹੋ ਗਈ ਹੈ। ਪਰ ਬਾਅਦ ਵਿੱਚ ਪੁਲਿਸ ਨੇ ਪੁਸ਼ਟੀ ਕੀਤੀ ਕਿ ਉਹ ਜ਼ਿੰਦਾ ਹੈ ਅਤੇ ਉਹ ਦੋ ਮਹਿਲਾ ਪੀੜਤਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਹਵਾਈ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ ਸੀ। ਦੋਵੇਂ ਹਾਲੇ ਵੀ ਗੰਭੀਰ ਹਾਲਤ ਵਿੱਚ ਹਨ।”
ਆਰਸੀਐਮਪੀ ਨੇ ਦੱਸਿਆ ਕਿ 18 ਸਾਲਾ ਟਰਾਂਸਜੈਂਡਰ ਮਹਿਲਾ ਜੈਸੀ ਵੈਨ ਰੂਟਸਲਾਰ, ਜੋ ਇਸ ਕਸਬੇ ਦੀ ਨਿਵਾਸੀ ਸੀ, ਸ਼ੱਕੀ ਸ਼ੂਟਰ ਵਜੋਂ ਪਛਾਣੀ ਗਈ ਹੈ। ਪੁਲਿਸ ਨੇ ਪੁਸ਼ਟੀ ਕੀਤੀ ਕਿ ਉਸਦੀ ਮੌਤ ਆਪਣੀ ਹੀ ਚਲਾਈ ਗੋਲੀ ਨਾਲ ਹੋਈ। ਬੀਸੀ ਆਰਸੀਐਮਪੀ ਦੇ ਡਿਪਟੀ ਕਮਿਸ਼ਨਰ ਡਵੇਨ ਮੈਕਡੋਨਾਲਡ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮੌਕੇ ਤੋਂ ਦੋ ਹਥਿਆਰ ਬਰਾਮਦ ਕੀਤੇ ਗਏ — ਇੱਕ ਲੰਮੀ ਬੰਦੂਕ ਅਤੇ ਇੱਕ ਸੋਧੀ ਹੋਈ ਹੈਂਡਗਨ। ਉਨ੍ਹਾਂ ਕਿਹਾ ਕਿ ਇਨ੍ਹਾਂ ਹਥਿਆਰਾਂ ਦਾ ਸਰੋਤ ਅਤੇ ਗੋਲੀਬਾਰੀ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਜਦੋਂ ਮੰਗਲਵਾਰ ਦੁਪਹਿਰ ਲਗਭਗ 1:20 ਵਜੇ ਆਰਸੀਐਮਪੀ ਅਧਿਕਾਰੀ ਟੰਬਲਰ ਰਿਜ ਸੈਕੰਡਰੀ ਸਕੂਲ ਵਿੱਚ ਦਾਖਲ ਹੋਏ, ਤਾਂ ਉਨ੍ਹਾਂ ‘ਤੇ ਵੀ ਗੋਲੀਆਂ ਚਲਾਈਆਂ ਗਈਆਂ।
ਉਨ੍ਹਾਂ ਕਿਹਾ, “ਜਦੋਂ ਅਸੀਂ ਪਹੁੰਚੇ, ਤਦੋਂ ਵੀ ਗੋਲੀਬਾਰੀ ਜਾਰੀ ਸੀ। ਜਿਵੇਂ ਹੀ ਅਧਿਕਾਰੀ ਸਕੂਲ ਦੇ ਨੇੜੇ ਪਹੁੰਚੇ, ਉਨ੍ਹਾਂ ਵੱਲ ਗੋਲੀਆਂ ਚਲਾਈਆਂ ਗਈਆਂ। ਅਧਿਕਾਰੀ ਅੰਦਰ ਦਾਖਲ ਹੋਏ ਅਤੇ ਹਮਲਾਵਰ ਦੀ ਤਲਾਸ਼ ਕੀਤੀ ਜਿਸ ਤੋਂ ਬਾਅਦ ਕੁਝ ਮਿੰਟਾਂ ਵਿੱਚ ਹੀ ਸ਼ੂਟਰ ਦੀ ਲਾਸ਼ ਮਿਲ ਗਈ।”
ਦੇਸ਼ ਵਿੱਚ ਹਾਲੀਆ ਸਾਲਾਂ ਦੀ ਸਭ ਤੋਂ ਭਿਆਨਕ ਘਟਨਾ ਨਾਲ ਦੁਖੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹਾਊਸ ਆਫ ਕਾਮਨਜ਼ ਵਿੱਚ ਇਸ ਹਮਲੇ ਦੀ ਕੜੀ ਨਿੰਦਾ ਕੀਤੀ। ਉਨ੍ਹਾਂ ਕਿਹਾ, “ਟੰਬਲਰ ਰਿਜ, ਬ੍ਰਿਟਿਸ਼ ਕੋਲੰਬੀਆ ਦੇ ਪਰਿਵਾਰ ਮਾਤਾ-ਪਿਤਾ, ਦਾਦੇ-ਦਾਦੀਆਂ, ਭੈਣ-ਭਰਾ ਆਪਣੀ ਜ਼ਿੰਦਗੀ ਦਾ ਪਹਿਲਾ ਦਿਨ ਆਪਣੇ ਅਜ਼ੀਜ਼ਾਂ ਬਿਨਾਂ ਬਿਤਾ ਰਹੇ ਹਨ।”
ਜੋ ਕੁਝ ਹੋਇਆ, ਉਸਨੇ ਸਾਰੇ ਦੇਸ਼ ਨੂੰ ਸਦਮੇ ਅਤੇ ਸੋਗ ਵਿੱਚ ਡੁੱਬੋ ਦਿੱਤਾ ਹੈ। ਨੌਂ ਲੋਕ ਮਾਰੇ ਗਏ। 25 ਤੋਂ ਵੱਧ ਜਖਮੀ ਹੋਏ, ਕੁਝ ਅਜੇ ਵੀ ਹਸਪਤਾਲ ਵਿੱਚ ਜ਼ਿੰਦਗੀ ਦੀ ਜੰਗ ਲੜ ਰਹੇ ਹਨ। ਜਾਂਚ ਜਾਰੀ ਹੈ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਆਪਣਾ ਕੰਮ ਠੀਕ ਤਰੀਕੇ ਨਾਲ ਕਰਨ ਲਈ ਸਮਾਂ ਦੇਣਾ ਚਾਹੀਦਾ ਹੈ।
ਮਾਤਾ-ਪਿਤਾ ਨੇ ਆਪਣੇ ਬੱਚਿਆਂ ਨੂੰ ਸਕੂਲ ਭੇਜਿਆ ਸੀ। ਕਈ ਉਨ੍ਹਾਂ ਨੂੰ ਮੁੜ ਕਦੇ ਗਲੇ ਨਹੀਂ ਲਗਾ ਸਕਣਗੇ। ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ, “ਤੁਹਾਡਾ ਦੇਸ਼ ਤੁਹਾਡੇ ਨਾਲ ਖੜਾ ਹੈ।” ਉਨ੍ਹਾਂ ਨੇ ਅੱਗੇ ਕਿਹਾ, “ਸਾਰੇ ਕੈਨੇਡੀਅਨਾਂ ਦੀ ਤਰਫੋਂ, ਮੈਂ ਪੀੜਤਾਂ, ਉਨ੍ਹਾਂ ਦੇ ਪਰਿਵਾਰਾਂ, ਜਖਮੀਆਂ ਅਤੇ ਹਰ ਉਸ ਵਿਅਕਤੀ ਲਈ ਪ੍ਰਾਰਥਨਾ ਕਰਦਾ ਹਾਂ ਜਿਸਦੀ ਜ਼ਿੰਦਗੀ ਹਮੇਸ਼ਾਂ ਲਈ ਬਦਲ ਗਈ। ਮੈਂ ਫ਼ਸਟ ਰਿਸਪਾਂਡਰਾਂ — ਆਰਸੀਐਮਪੀ ਅਧਿਕਾਰੀਆਂ, ਪੈਰਾਮੈਡੀਕਲ ਸਟਾਫ਼, ਡਾਕਟਰੀ ਟੀਮਾਂ, ਅਧਿਆਪਕਾਂ ਅਤੇ ਸਕੂਲ ਸਟਾਫ਼ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਹਨੇਰੇ ਪਲਾਂ ਵਿੱਚ ਬਹਾਦਰੀ ਅਤੇ ਮਨੁੱਖਤਾ ਦੀ ਸਰਵੋਤਮ ਉਦਾਹਰਨ ਦਿੱਤੀ।”
ਟੰਬਲਰ ਰਿਜ ਵਿੱਚ ਹੋਈ ਗੋਲੀਬਾਰੀ ‘ਤੇ ਪ੍ਰਤੀਕਿਰਿਆ ਦਿੰਦਿਆਂ ਕੈਨੇਡੀਅਨ ਓਲੰਪਿਕ ਅਤੇ ਪੈਰਾਲੰਪਿਕ ਕਮੇਟੀਆਂ ਨੇ ਕਿਹਾ, “ਅਸੀਂ ਟੰਬਲਰ ਰਿਜ, ਬ੍ਰਿਟਿਸ਼ ਕੋਲੰਬੀਆ ਵਿੱਚ ਹੋਈ ਭਿਆਨਕ ਸਕੂਲੀ ਗੋਲੀਬਾਰੀ ਤੋਂ ਗਹਿਰੇ ਦੁਖੀ ਹਾਂ। ਸਾਡੇ ਦਿਲ ਪੀੜਤ ਪਰਿਵਾਰਾਂ ਅਤੇ ਪੂਰੀ ਕਮਿਊਨਿਟੀ ਨਾਲ ਹਨ। ਇਸ ਗਹਿਰੇ ਸੋਗ ਦੇ ਸਮੇਂ ਵਿੱਚ, ਕੈਨੇਡੀਅਨ ਪੈਰਾਲੰਪਿਕ ਟੀਮ ਟੰਬਲਰ ਰਿਜ ਦੇ ਲੋਕਾਂ ਨਾਲ ਏਕਤਾ ਪ੍ਰਗਟ ਕਰਦੀ ਹੈ।”
ਬੀਸੀ ਆਰਸੀਐਮਪੀ ਦੇ ਡਿਪਟੀ ਕਮਿਸ਼ਨਰ ਮੈਕਡੋਨਾਲਡ ਨੇ ਦੱਸਿਆ ਕਿ ਸਕੂਲ ਦੇ ਅੰਦਰ ਕਈ ਮ੍ਰਿਤਕ ਮਿਲੇ। 100 ਤੋਂ ਵੱਧ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਗਿਆ। ਇਸ ਦਰਦਨਾਕ ਘਟਨਾ ਨੇ ਪੂਰੇ ਦੇਸ਼ ਨੂੰ ਸੋਗ ਅਤੇ ਚਿੰਤਾ ਵਿੱਚ ਡੁੱਬੋ ਦਿੱਤਾ ਹੈ, ਜਦੋਂ ਕਿ ਜਾਂਚ ਅਜੇ ਵੀ ਜਾਰੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login