ADVERTISEMENT

ADVERTISEMENT

ਵ੍ਹਾਈਟ ਹਾਊਸ ਬਾਲਰੂਮ ਪ੍ਰੋਜੈਕਟ 'ਤੇ ਅਦਾਲਤੀ ਰੋਕ

ਇਹ ਬਾਲਰੂਮ ਵਾਸ਼ਿੰਗਟਨ ਦੇ ਸਰਕਾਰੀ ਢਾਂਚੇ ਨੂੰ ਬਦਲਣ ਦੀ ਟਰੰਪ ਦੀ ਵੱਡੀ ਮੁਹਿੰਮ ਦਾ ਹਿੱਸਾ ਹੈ

 file photo file photo / REUTERS/Kylie Cooper

ਵਾਸ਼ਿੰਗਟਨ ਡੀ.ਸੀ. ਦੀ ਇੱਕ ਅਦਾਲਤ ਵੱਲੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵ੍ਹਾਈਟ ਹਾਊਸ ਵਿੱਚ ਬਣਾਏ ਜਾ ਰਹੇ 400 ਮਿਲੀਅਨ ਡਾਲਰ ਦੇ ਆਲੀਸ਼ਾਨ ਬਾਲਰੂਮ (Ballroom) ਪ੍ਰੋਜੈਕਟ ਨੂੰ ਲੈਕੇ ਅਹਿਮ ਫੈਸਲਾ ਸੁਣਾਇਆ ਗਿਆ ਹੈ। ਅਮਰੀਕੀ ਜ਼ਿਲ੍ਹਾ ਜੱਜ ਰਿਚਰਡ ਲਿਓਨ ਨੇ 31 ਮਾਰਚ ਨੂੰ ਰਾਸ਼ਟਰਪਤੀ ਟਰੰਪ ਦੇ ਉਸ ਪ੍ਰੋਜੈਕਟ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਹੈ, ਜਿਸ ਤਹਿਤ ਵ੍ਹਾਈਟ ਹਾਊਸ ਦੇ ਇਤਿਹਾਸਕ 'ਈਸਟ ਵਿੰਗ' ਨੂੰ ਢਾਹ ਕੇ ਇੱਕ ਵਿਸ਼ਾਲ ਬਾਲਰੂਮ ਬਣਾਇਆ ਜਾ ਰਿਹਾ ਸੀ।

ਅਦਾਲਤ ਨੇ 'ਨੈਸ਼ਨਲ ਟਰੱਸਟ ਫਾਰ ਹਿਸਟੋਰਿਕ ਪ੍ਰੀਜ਼ਰਵੇਸ਼ਨ' (ਇੱਕ ਗੈਰ-ਮੁਨਾਫ਼ਾ ਸੰਸਥਾ) ਦੀ ਅਪੀਲ ਨੂੰ ਸਵੀਕਾਰ ਕਰਦਿਆਂ ਪ੍ਰੋਜੈਕਟ 'ਤੇ ਰੋਕ ਲਗਾ ਦਿੱਤੀ ਹੈ। ਸੰਸਥਾ ਨੇ ਦੋਸ਼ ਲਾਇਆ ਹੈ ਕਿ ਰਾਸ਼ਟਰਪਤੀ ਟਰੰਪ ਨੇ ਕਾਂਗਰਸ (ਸੰਸਦ) ਦੀ ਮਨਜ਼ੂਰੀ ਤੋਂ ਬਿਨਾਂ 1902 ਵਿੱਚ ਬਣੇ ਇਤਿਹਾਸਕ ਈਸਟ ਵਿੰਗ ਨੂੰ ਢਾਹ ਕੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਹੈ।
 
ਜੱਜ ਲਿਓਨ ਨੇ ਵ੍ਹਾਈਟ ਹਾਊਸ ਦੇ ਮੈਦਾਨ ਨੂੰ ਦੇਸ਼ ਦਾ ਇੱਕ "ਵਿਸ਼ੇਸ਼ ਸਥਾਨ" ਅਤੇ "ਆਈਕਾਨਿਕ ਪ੍ਰਤੀਕ" ਦੱਸਦਿਆਂ ਸਰਕਾਰ ਦੀਆਂ ਦਲੀਲਾਂ 'ਤੇ ਸਵਾਲ ਚੁੱਕੇ ਹਨ। ਇਹ ਬਾਲਰੂਮ ਲਗਭਗ 90,000 ਵਰਗ ਫੁੱਟ ਵਿੱਚ ਫੈਲਿਆ ਹੋਣਾ ਸੀ। ਇਸ ਦੀ ਲਾਗਤ 400 ਮਿਲੀਅਨ ਡਾਲਰ ਹੈ, ਜਿਸ ਬਾਰੇ ਟਰੰਪ ਦਾ ਕਹਿਣਾ ਹੈ ਕਿ ਇਹ ਪੂਰੀ ਤਰ੍ਹਾਂ ਨਿੱਜੀ ਦਾਨੀਆਂ ਵੱਲੋਂ ਦਿੱਤੀ ਗਈ ਹੈ।

ਰਾਸ਼ਟਰਪਤੀ ਟਰੰਪ ਇਸ ਬਾਲਰੂਮ ਨੂੰ ਆਪਣੀ ਪ੍ਰੈਜ਼ੀਡੈਂਸੀ ਦਾ ਇੱਕ ਯਾਦਗਾਰੀ ਪ੍ਰਤੀਕ ਮੰਨਦੇ ਹਨ। ਉਨ੍ਹਾਂ ਅਨੁਸਾਰ ਇਹ ਵ੍ਹਾਈਟ ਹਾਊਸ ਨੂੰ ਆਧੁਨਿਕ ਬਣਾਏਗਾ ਅਤੇ ਵੱਡੇ ਸਮਾਗਮਾਂ ਲਈ ਸੁਰੱਖਿਅਤ ਥਾਂ ਪ੍ਰਦਾਨ ਕਰੇਗਾ। ਇਹ ਬਾਲਰੂਮ ਵਾਸ਼ਿੰਗਟਨ ਦੇ ਸਰਕਾਰੀ ਢਾਂਚੇ ਨੂੰ ਬਦਲਣ ਦੀ ਟਰੰਪ ਦੀ ਵੱਡੀ ਮੁਹਿੰਮ ਦਾ ਹਿੱਸਾ ਹੈ, ਜਿਸ ਵਿੱਚ ਇੱਕ 250 ਫੁੱਟ ਉੱਚੀ ਮਹਿਰਾਬ (Arch) ਬਣਾਉਣ ਦੀ ਯੋਜਨਾ, ਕੇਨੇਡੀ ਸੈਂਟਰ (ਸੱਭਿਆਚਾਰਕ ਕੇਂਦਰ) ਵਿੱਚ ਕੀਤੇ ਜਾ ਰਹੇ ਬਦਲਾਅ, ਪਾਮ ਬੀਚ ਹਵਾਈ ਅੱਡੇ ਦਾ ਨਾਮ ਬਦਲ ਕੇ 'ਡੋਨਾਲਡ ਟਰੰਪ ਇੰਟਰਨੈਸ਼ਨਲ ਏਅਰਪੋਰਟ' ਰੱਖਣਾ ਸ਼ਾਮਲ ਹਨ।

Comments

Leave A Comment

Required fields are marked (*).

Related

Talk to us?