ADVERTISEMENTs

ਟਰੰਪ ਦੀ 50% ਟੈਰਿਫ਼ ਯੋਜਨਾ ਦਰਮਿਆਨ, ਭਾਰਤੀ ਰਾਜਦੂਤ ਨੇ ਵਧਾਇਆ ਦਬਾਅ

ਭਾਰਤ ਦਾ ਸੰਕੇਤ ਹੈ ਕਿ ਉਹ ਇਕ ਪੱਖੀ ਵਪਾਰਕ ਸਜ਼ਾਵਾਂ ਨੂੰ ਚੁੱਪਚਾਪ ਸਵੀਕਾਰ ਨਹੀਂ ਕਰੇਗਾ

ਭਾਰਤ ਦੇ ਰਾਜਦੂਤ ਵਿਨੈ ਮੋਹਨ ਕਵਾਤਰਾ / Embassy of India

ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਵਿਨੈ ਮੋਹਨ ਕਵਾਤਰਾ ਨੇ ਅਮਰੀਕੀ ਕਾਨੂੰਨਸਾਜ਼ਾਂ ਨਾਲ ਆਪਣੀ ਪਹੁੰਚ ਮਜ਼ਬੂਤ ਕਰ ਦਿੱਤੀ ਹੈ, ਕਿਉਂਕਿ ਟਰੰਪ ਪ੍ਰਸ਼ਾਸਨ 27 ਅਗਸਤ ਤੋਂ ਭਾਰਤੀ ਆਯਾਤ 'ਤੇ 50% ਟੈਰਿਫ ਲਗਾਉਣ ਦੀ ਤਿਆਰੀ ਕਰ ਰਿਹਾ ਹੈ।

ਪਿਛਲੇ ਕੁਝ ਦਿਨਾਂ ਦੌਰਾਨ, ਕਵਾਤਰਾ ਨੇ ਸੈਨੇਟਰ ਜੌਹਨ ਕੋਰਨਿਨ, ਰਿਪ੍ਰੀਜ਼ੈਂਟੇਟਿਵਜ਼ ਐਂਡੀ ਬਾਰ, ਮਾਰਕ ਵੀਸੀ, ਪੀਟ ਸੈਸ਼ਨਜ਼, ਵਾਰੇਨ ਡੇਵਿਡਸਨ, ਬੌਮਗਾਰਟਨਰ ਅਤੇ ਐਡਮ ਸਮਿਥ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਵਿੱਚ ਵਪਾਰ ਅਤੇ ਊਰਜਾ ਤੋਂ ਅੱਗੇ ਵੱਧ ਕੇ ਆਰਮਡ ਸਰਵੀਸਿਜ਼ ਕਮੇਟੀ ਨਾਲ ਰੱਖਿਆ ਸਹਿਯੋਗ ਦੇ ਮੁੱਦੇ ਵੀ ਸ਼ਾਮਲ ਹੋਏ।  ਇਨ੍ਹਾਂ ਮੁਲਾਕਾਤਾਂ ਦੌਰਾਨ, ਕਵਾਤਰਾ ਨੇ ਨਿਰਪੱਖ ਵਪਾਰ, ਊਰਜਾ ਸੁਰੱਖਿਆ ਅਤੇ ਇਨਵੈੱਸਟਮੈਂਟ ਸਬੰਧਾਂ ਲਈ ਭਾਰਤ ਦੀ ਗੱਲ ਰੱਖੀ ਅਤੇ ਟੈਰਿਫ਼ ਦੇ ਮੰਡਰਾ ਰਹੇ ਖਤਰੇ ਨੂੰ ਲੈਕੇ ਦੋ-ਪੱਖੀ ਸਮਰਥਨ ਦੀ ਮੰਗ ਕੀਤੀ।

ਸੋਸ਼ਲ ਮੀਡੀਆ ’ਤੇ ਇੱਕ ਪੋਸਟ ਵਿੱਚ, ਕਵਾਤਰਾ ਨੇ ਸੈਨੇਟਰ ਜੌਹਨ ਕੋਰਨਿਨ ਨਾਲ ਆਪਣੀ ਗੱਲਬਾਤ ਨੂੰ “ਲਾਭਕਾਰੀ” ਦੱਸਿਆ ਅਤੇ ਕਿਹਾ, “ਦੋ ਪੱਖੀ ਸਬੰਧਾਂ ਲਈ ਉਹਨਾਂ ਦੇ ਸਮਰਥਨ ਲਈ ਧੰਨਵਾਦੀ ਹਾਂ। ਆਪਸੀ ਹਿੱਤਾਂ ਦੇ ਮੁੱਦਿਆਂ ’ਤੇ ਚਰਚਾ ਕੀਤੀ ਅਤੇ ਵਪਾਰਕ ਸਬੰਧਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਅਸੀਂ ਖ਼ਾਸ ਤੌਰ ’ਤੇ ਟੈਕਸਾਸ ਅਤੇ ਭਾਰਤ ਵਿਚਕਾਰ ਹਾਈਡ੍ਰੋਕਾਰਬਨ ਖੇਤਰ ਵਿੱਚ ਹੋਰ ਸਹਿਯੋਗ ਵਧਾਉਣ ਬਾਰੇੇ ਵੀ ਚਰਚਾ ਕੀਤੀ।”

ਕਵਾਤਰਾ ਨੇ ਹਾਊਸ ਸਬਕਮੇਟੀ ਆਨ ਫ਼ਾਇਨੈਂਸ਼ੀਅਲ ਇੰਸਟੀਚਿਊਸ਼ਨਜ਼ ਐਂਡ ਮੋਨਟਰੀ ਪਾਲਿਸੀ ਦੇ ਚੇਅਰਮੈਨ ਅਤੇ ਹਾਊਸ ਇੰਡੀਆ ਕਾਕਸ ਦੇ ਵਾਈਸ ਕੋ-ਚੇਅਰ ਰਿਪ੍ਰੀਜ਼ੈਂਟੇਟਿਵ ਐਂਡੀ ਬਾਰ ਦੇ ਸਾਹਮਣੇ ਇਸੇ ਤਰ੍ਹਾਂ ਦੇ ਹੀ ਮੁੱਦੇ ਚੁੱਕੇ। ਉਹਨਾਂ ਕਿਹਾ, “ਅਸੀਂ ਅਮਰੀਕਾ-ਭਾਰਤ ਵਪਾਰ ਅਤੇ ਇਨਵੈੱਸਟਮੈਂਟ ਪਾਰਟਨਰਸ਼ਿਪ ਨੂੰ ਵਧਾਉਣ ਦੀਆਂ ਅਨੇਕਾਂ ਸੰਭਾਵਨਾਵਾਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ।”

ਊਰਜਾ ਅਤੇ ਸੁਰੱਖਿਆ ਦੇ ਮੁੱਦੇ ਰਿਪ੍ਰੀਜ਼ੈਂਟੇਟਿਵ ਵਾਰੇਨ ਡੇਵਿਡਸਨ ਅਤੇ ਪੀਟ ਸੈਸ਼ਨਜ਼ ਨਾਲ ਚਰਚਾ ਵਿੱਚ ਮੁੱਖ ਰੂਪ ਵਿੱਚ ਸ਼ਾਮਲ ਸਨ। ਉਹਨਾਂ ਨੇ “ਹਾਲੀਆ ਵਿਕਾਸਾਂ ਸਮੇਤ ਵਪਾਰ ਅਤੇ ਦੋਵਾਂ ਦੇਸ਼ਾਂ ਵਿਚਕਾਰ ਵੱਧ ਰਹੀ ਹਾਈਡ੍ਰੋਕਾਰਬਨ ਸਾਂਝੇਦਾਰੀ” ਬਾਰੇ ਭਾਰਤ ਦੀ ਸਥਿਤੀ ’ਤੇ ਵਿਚਾਰ ਸਾਂਝੇ ਕੀਤੇ।

ਕਵਾਤਰਾ ਨੇ ਹਾਊਸ ਆਰਮਡ ਸਰਵੀਸਿਜ਼ ਕਮੇਟੀ ਦੇ ਰੈਂਕਿੰਗ ਮੈਂਬਰ, ਰਿਪ੍ਰੀਜ਼ੈਂਟੇਟਿਵ ਐਡਮ ਸਮਿਥ ਨਾਲ ਇੱਕ ਦਿਲਚਸਪ ਗੱਲਬਾਤ ਕੀਤੀ। ਉਨ੍ਹਾਂ ਕਿਹਾ, “ਭਾਰਤ-ਅਮਰੀਕਾ ਸਬੰਧਾਂ ਵਿੱਚ ਹਾਲੀਆ ਵਿਕਾਸ ਅਤੇ ਵਪਾਰ, ਊਰਜਾ ਅਤੇ ਰੱਖਿਆ ਸਹਿਯੋਗ ਨੂੰ ਅੱਗੇ ਵਧਾਉਣ 'ਤੇ ਭਾਰਤ ਦੇ ਨਜ਼ਰੀਏ ਬਾਰੇ ਗੱਲਬਾਤ ਹੋਈ। ਭਾਰਤ-ਅਮਰੀਕਾ ਸਬੰਧਾਂ ਦੇ ਸਾਰੇ ਪਹਿਲੂਆਂ ਲਈ ਉਨ੍ਹਾਂ ਦੇ ਨਿਰੰਤਰ ਸਮਰਥਨ ਲਈ ਧੰਨਵਾਦੀ ਹਾਂ।"

ਇਹ ਸੰਯੁਕਤ ਕੂਟਨੀਤਿਕ ਅਤੇ ਸਮਾਜਿਕ ਪਹੁੰਚ ਦਰਸਾਉਂਦੀ ਹੈ ਕਿ ਭਾਰਤ ਕਈ ਪੱਧਰਾਂ ’ਤੇ ਅਮਰੀਕਾ ਵਿੱਚ ਆਪਣੇ ਆਰਥਿਕ ਅਤੇ ਰਣਨੀਤਿਕ ਹਿੱਤਾਂ ਦੀ ਰੱਖਿਆ ਲਈ ਅੱਗੇ ਵੱਧ ਰਿਹਾ ਹੈ। ਟਰੰਪ ਪ੍ਰਸ਼ਾਸਨ ਵੱਲੋਂ ਭਾਰਤੀ ਆਯਾਤ 'ਤੇ 50% ਤੱਕ ਦੇ ਟੈਰਿਫ਼ ਲਗਾਉਣ ਲਈ ਤਿਆਰੀ ਦੇ ਸੰਕੇਤਾਂ ਦੇ ਦਰਮਿਆਨ, ਇਹ ਕੂਟਨੀਤਿਕ ਸੰਪਰਕ ਅਚਾਨਕ ਵਧਿਆ ਹੈ। 

ਟੈਕਸਾਸ ਦੇ ਹਾਈਡ੍ਰੋਕਾਰਬਨ, ਵਿੱਤੀ ਖੇਤਰ ਦੇ ਸਬੰਧਾਂ, ਅਤੇ ਸੰਤੁਲਿਤ ਵਪਾਰ 'ਤੇ ਧਿਆਨ ਕੇਂਦਰਿਤ ਕਰਕੇ, ਕਵਾਤਰਾ ਉਨ੍ਹਾਂ ਖੇਤਰਾਂ 'ਤੇ ਗੱਲ ਕਰ ਰਹੇ ਹਨ, ਜੋ ਅੱਜ ਦੀ ਅਮਰੀਕੀ ਰਾਜਨੀਤਿਕ ਅਰਥਵਿਵਸਥਾ ਵਿੱਚ ਸਭ ਤੋਂ ਮਹੱਤਵਪੂਰਨ ਹਨ। 

ਭਾਰਤ ਵੱਲੋਂ, ਇਸ ਗੱਲ ਦਾ ਸਾਫ਼ ਸੰਕੇਤ ਹੈ ਕਿ ਉਹ ਇਕ ਪੱਖੀ ਵਪਾਰਕ ਸਜ਼ਾਵਾਂ ਨੂੰ ਚੁੱਪਚਾਪ ਸਵੀਕਾਰ ਨਹੀਂ ਕਰੇਗਾ। ਆਉਣ ਵਾਲੇ ਹਫ਼ਤੇ ਇਹ ਪਰਖਣਗੇ ਕਿ ਟਰੰਪ ਪ੍ਰਸ਼ਾਸਨ ਦੇ ਸੰਕੇਤਾਂ ਤੋਂ ਟੈਰਿਫ ਲਾਗੂ ਕਰਨ ਤੱਕ ਜਾਣ ਤੋਂ ਪਹਿਲਾਂ ਨਵੀਂ ਦਿੱਲੀ ਵਾਸ਼ਿੰਗਟਨ ਵਿੱਚ ਕਿੰਨਾ ਕੁ ਪ੍ਰਭਾਵ ਬਣਾ ਸਕਦੀ ਹੈ। 

Comments

Related

ADVERTISEMENT

 

 

 

ADVERTISEMENT

 

 

E Paper

 

 

 

Video