ADVERTISEMENT

ADVERTISEMENT

ਏਅਰ ਇੰਡੀਆ ਦੇ ਬੋਇੰਗ 787-8 ਵਿੱਚ ਫਿਰ ਖ਼ਰਾਬੀ, ਜਹਾਜ਼ ਦੀ ਉਡਾਣ 'ਤੇ ਰੋਕ

ਏਅਰਲਾਈਨ ਨੇ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਨੂੰ ਵੀ ਇਸ ਮਾਮਲੇ ਦੀ ਤਰਜੀਹ ਦੇ ਆਧਾਰ 'ਤੇ ਜਾਂਚ ਕਰਨ ਲਈ ਕਿਹਾ ਹੈ

ਏਅਰ ਇੰਡੀਆ ਜਹਾਜ਼ / IANS File Photo

ਟਾਟਾ ਗਰੁੱਪ ਦੀ ਏਅਰਲਾਈਨ ਏਅਰ ਇੰਡੀਆ ਨੇ ਸੋਮਵਾਰ ਨੂੰ ਦੱਸਿਆ ਕਿ ਪਾਇਲਟ ਦੁਆਰਾ ਫਿਊਲ ਕੰਟਰੋਲ ਸਵਿੱਚ ਵਿੱਚ ਖ਼ਰਾਬੀ ਦੀ ਰਿਪੋਰਟ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਇੱਕ ਬੋਇੰਗ 787-8 ਜਹਾਜ਼ ਦੀ ਸੇਵਾ 'ਤੇ ਰੋਕ ਲਗਾ ਦਿੱਤੀ ਹੈ।

ਏਅਰਲਾਈਨ ਨੇ ਅਧਿਕਾਰਤ ਬਿਆਨ ਵਿੱਚ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਾਇਲਟ ਤੋਂ ਸੂਚਨਾ ਮਿਲਦੇ ਹੀ ਇਹ ਕਦਮ ਸੁਰੱਖਿਆ ਦੇ ਲਿਹਾਜ਼ ਨਾਲ ਚੁੱਕਿਆ ਗਿਆ ਹੈ। ਏਅਰ ਇੰਡੀਆ ਨੇ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਨੂੰ ਵੀ ਇਸ ਮਾਮਲੇ ਦੀ ਤਰਜੀਹ ਦੇ ਆਧਾਰ 'ਤੇ ਜਾਂਚ ਕਰਨ ਲਈ ਕਿਹਾ।

ਜਾਣਕਾਰੀ ਮੁਤਾਬਕ ਏਅਰ ਇੰਡੀਆ ਦੀ ਫਲਾਈਟ AI 132 (ਬੋਇੰਗ 787-8) ਲੰਡਨ ਤੋਂ ਬੈਂਗਲੁਰੂ ਲਈ ਉਡਾਣ ਭਰ ਰਹੀ ਸੀ। ਉਡਾਣ ਭਰਨ ਤੋਂ ਪਹਿਲਾਂ ਕੀਤੇ ਜਾਣ ਵਾਲੇ 'ਫਲਾਈਟ ਚੈੱਕ' ਦੌਰਾਨ ਇਸ ਸਮੱਸਿਆ ਦਾ ਪਤਾ ਲੱਗਿਆ। ਏਅਰ ਇੰਡੀਆ ਦੇ ਬੁਲਾਰੇ ਅਨੁਸਾਰ, ਇਸ ਮਾਮਲੇ ਦੀ ਜਾਣਕਾਰੀ ਹਵਾਬਾਜ਼ੀ ਰੈਗੂਲੇਟਰ, ਨਾਗਰਿਕ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (DGCA) ਨੂੰ ਦੇ ਦਿੱਤੀ ਗਈ।

ਏਅਰਲਾਈਨ ਨੇ ਸਪੱਸ਼ਟ ਕੀਤਾ ਕਿ ਉਹ ਸਾਰੀਆਂ ਲੋੜੀਂਦੀਆਂ ਸੁਰੱਖਿਆ ਪ੍ਰਕਿਰਿਆਵਾਂ ਦੀ ਪਾਲਣਾ ਕਰ ਰਹੀ ਹੈ। ਉਨ੍ਹਾਂ ਨੇ ਪਹਿਲਾਂ ਵੀ ਡੀ.ਜੀ.ਸੀ.ਏ. ਦੇ ਨਿਰਦੇਸ਼ਾਂ ਅਨੁਸਾਰ ਆਪਣੇ ਬੋਇੰਗ 787 ਬੇੜੇ ਦੇ ਫਿਊਲ ਕੰਟਰੋਲ ਸਵਿੱਚਾਂ ਦੀ ਜਾਂਚ ਕੀਤੀ ਸੀ, ਜਿਸ ਵਿੱਚ ਉਸ ਸਮੇਂ ਕੋਈ ਖ਼ਰਾਬੀ ਨਹੀਂ ਪਾਈ ਗਈ।

ਦੱਸਣਯੋਗ ਹੈ ਕਿ ਦਸੰਬਰ ਵਿੱਚ ਵੀ ਏਅਰ ਇੰਡੀਆ ਦੀ ਦਿੱਲੀ ਤੋਂ ਮੁੰਬਈ ਜਾਣ ਵਾਲੀ ਇੱਕ ਫਲਾਈਟ ਤਕਨੀਕੀ ਖ਼ਰਾਬੀ ਕਾਰਨ ਉਡਾਣ ਭਰਨ ਤੋਂ ਤੁਰੰਤ ਬਾਅਦ ਦਿੱਲੀ ਪਰਤ ਆਈ ਸੀ। 22 ਦਸੰਬਰ ਨੂੰ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ ਸੀ। ਏਅਰਲਾਈਨ ਨੇ ਮੁੜ ਦੁਹਰਾਇਆ ਹੈ ਕਿ ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ।

Comments

Related