ADVERTISEMENT

ADVERTISEMENT

ਮੈਨੀਟੋਬਾ ਵਿੱਚ ਭਾਰਤੀ ਪ੍ਰਵਾਸੀਆਂ ਦਾ ਪ੍ਰਦਰਸ਼ਨ: ਵਰਕ ਪਰਮਿਟ ਖ਼ਤਮ ਹੋਣ ਕਾਰਨ ਵਧੀ ਚਿੰਤਾ

ਵੀਡੀਓ ਵਿੱਚ ਮੁੱਖ ਤੌਰ ’ਤੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਲੋਕ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਕੀਮਤੀ ਸਾਲ ਕੈਨੇਡਾ ਵਿੱਚ ਬਿਤਾਏ ਹਨ

ਕੈਨੇਡਾ ਵਿੱਚ ਵਰਕ ਪਰਮਿਟਾਂ ਦੇ ਖ਼ਤਮ ਹੋਣ ਅਤੇ ਸਖ਼ਤ ਹੁੰਦੇ ਨਿਯਮਾਂ ਕਾਰਨ ਵੱਡੀ ਗਿਣਤੀ ਵਿੱਚ ਭਾਰਤੀ ਪ੍ਰਵਾਸੀ ਆਪਣੇ ਭਵਿੱਖ ਲਈ ਸੰਘਰਸ਼ ਕਰ ਰਹੇ ਹਨ। ਮੈਨੀਟੋਬਾ ਤੋਂ ਵਾਇਰਲ ਹੋਈ ਇੱਕ ਵੀਡੀਓ ਵਿੱਚ ਅੰਤਰਰਾਸ਼ਟਰੀ ਗ੍ਰੈਜੂਏਟ, ਹੁਨਰਮੰਦ ਕਾਮੇ ਅਤੇ ਹੋਰ ਟੈਂਪਰੇਰੀ (ਆਰਜ਼ੀ) ਪਰਮਿਟ ਧਾਰਕ ਸਰਕਾਰ ਤੋਂ "ਇਨਸਾਫ਼" ਦੀ ਮੰਗ ਕਰ ਰਹੇ ਹਨ।

ਵੀਡੀਓ ਵਿੱਚ ਮੁੱਖ ਤੌਰ ’ਤੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਲੋਕ ਦਾਅਵਾ ਕਰਦੇ ਹਨ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਕੀਮਤੀ ਸਾਲ ਕੈਨੇਡਾ ਵਿੱਚ ਬਿਤਾਏ ਹਨ—ਕੰਮ ਕੀਤਾ, ਟੈਕਸ ਭਰੇ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕੀਤਾ—ਪਰ ਹੁਣ ਦੇਸ਼ ਉਨ੍ਹਾਂ ਤੋਂ ਮੂੰਹ ਮੋੜ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ, “ਸਾਡੀ ਮੰਗ ਸਧਾਰਨ ਹੈ—ਸਾਡੇ ਵਰਕ ਪਰਮਿਟ ਵਧਾਏ ਜਾਣ ਅਤੇ ਸਾਨੂੰ ਇੱਥੇ ਰਹਿਣ ਦਾ ਮੌਕਾ ਦਿੱਤਾ ਜਾਵੇ।”

ਇਹ ਸਥਿਤੀ ਓਟਾਵਾ (ਕੈਨੇਡਾ ਸਰਕਾਰ) ਦੀ ਉਸ ਯੋਜਨਾ ਦਾ ਹਿੱਸਾ ਹੈ ਜਿਸ ਦੇ ਤਹਿਤ 2027 ਤੱਕ ਆਰਜ਼ੀ ਨਿਵਾਸੀਆਂ ਦੀ ਗਿਣਤੀ ਨੂੰ ਕੁੱਲ ਆਬਾਦੀ ਦੇ 7 ਫੀਸਦੀ ਤੋਂ ਘਟਾ ਕੇ 5 ਫੀਸਦੀ ਕਰਨ ਦਾ ਟੀਚਾ ਰੱਖਿਆ ਗਿਆ ਹੈ। 



ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ “30 ਫ਼ੀਸਦੀ ਵਰਕ ਪਰਮਿਟ ਪਹਿਲਾਂ ਹੀ ਸਮਾਪਤ ਹੋ ਚੁੱਕੇ ਹਨ ਅਤੇ 48 ਫ਼ੀਸਦੀ 2026 ਵਿੱਚ ਖਤਮ ਹੋਣਗੇ, ਜਿਸ ਨਾਲ ਸਿਰਫ਼ ਮੈਨੀਟੋਬਾ ਵਿੱਚ ਲਗਭਗ 1,500 ਲੋਕ ਪ੍ਰਭਾਵਿਤ ਹੋਣਗੇ।”

ਇਸ ਵਿੱਚ ਅੱਗੇ ਕਿਹਾ ਗਿਆ, “ਇਸੇ ਸਮੇਂ ਸਰਕਾਰ 1.8 ਮਿਲੀਅਨ ਅਸਥਾਈ ਵਿਦੇਸ਼ੀ ਕਰਮਚਾਰੀਆਂ ਨੂੰ ਵਾਪਸ ਭੇਜਣ ਦੀ ਗੱਲ ਕਰ ਰਹੀ ਹੈ, ਜਦਕਿ ਦੁਨੀਆ ਭਰ ਤੋਂ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਉਹੀ ਵਾਅਦੇ ਕਰਕੇ ਬੁਲਾਇਆ ਜਾ ਰਿਹਾ ਹੈ ਜੋ ਸਾਡੇ ਨਾਲ ਕੀਤੇ ਗਏ ਸਨ। ਅੰਤਰਰਾਸ਼ਟਰੀ ਵਿਦਿਆਰਥੀ ਚਾਰ ਗੁਣਾ ਵੱਧ ਫੀਸਾਂ ਭਰਦੇ ਹਨ, ਟੈਕਸ ਅਦਾ ਕਰਦੇ ਹਨ, ਆਪਣੀ ਕਮਾਈ ਕੈਨੇਡਾ ਵਿੱਚ ਹੀ ਖਰਚਦੇ ਹਨ ਅਤੇ ਮਜ਼ਦੂਰੀ ਦੀ ਘਾਟ ਨੂੰ ਪੂਰਾ ਕਰਦੇ ਹਨ।”

ਗਰੁੱਪ ਦਾ ਕਹਿਣਾ ਹੈ ਕਿ ਉਹ ਕੋਈ ਖਾਸ ਸਲੂਕ ਨਹੀਂ ਮੰਗ ਰਹੇ, ਸਗੋਂ ਸਿਰਫ਼ ਇਨਸਾਫ਼, ਸਵੀਕਾਰਤਾ ਅਤੇ ਉਹਨਾਂ ਸਾਲਾਂ ਦੀ ਕਦਰ ਦੀ ਮੰਗ ਕਰ ਰਹੇ ਹਨ ਜੋ ਉਹ ਪਹਿਲਾਂ ਹੀ ਕੈਨੇਡਾ ਦੀ ਤਰੱਕੀ ਲਈ ਦੇ ਚੁੱਕੇ ਹਨ।

Comments

Related