Representative Image / REUTERS/Daniel Cole
ਡੌਂਕੀ ਰੂਟ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਅਮਰੀਕਾ ਵਿੱਚ ਰਹਿ ਰਹੇ ਹਰਿਆਣਾ ਦੇ 54 ਨੌਜਵਾਨਾਂ ਨੂੰ ਵਾਪਸ ਦੇਸ਼ ਭੇਜ ਦਿੱਤਾ ਗਿਆ। ਸਾਰਿਆਂ ਨੂੰ ਹੱਥਕੜੀਆਂ ਅਤੇ ਬੇੜੀਆਂ ਲਗਾ ਕੇ ਭੇਜਿਆ ਗਿਆ।
ਕੈਥਲ ਜ਼ਿਲ੍ਹੇ ਦੇ 14 ਜਵਾਨਾਂ ਦਾ ਅਮਰੀਕੀ ਸੁਪਨਾ-ਸੁਪਨਾ ਹੀ ਰਹਿ ਗਿਆ। ਇਹ ਸਾਰੇ ਵਿਅਕਤੀ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚੇ ਸਨ। ਉੱਥੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਡਿਪੋਰਟ ਕਰ ਦਿੱਤਾ ਗਿਆ। ਕੁਝ ਜਵਾਨ ਉੱਥੇ ਕਈ ਸਾਲਾਂ ਤੋਂ ਰਹਿ ਰਹੇ ਸਨ, ਜਦਕਿ ਕੁਝ ਹਾਲ ਹੀ ਵਿੱਚ ਗਏ ਸਨ। ਜਾਣਕਾਰੀ ਮੁਤਾਬਕ ਕਈਆਂ ਨੇ ਅਮਰੀਕਾ ਜਾਣ ਲਈ ਆਪਣੀ ਜ਼ਮੀਨ ਵੇਚ ਦਿੱਤੀ ਜਾਂ ਵੱਡਾ ਕਰਜ਼ਾ ਲਿਆ। ਫੜੇ ਜਾਣ ਤੋਂ ਬਾਅਦ ਕਈ ਜਵਾਨ ਲਗਭਗ ਡੇਢ ਸਾਲ ਤੱਕ ਅਮਰੀਕੀ ਜੇਲ੍ਹਾਂ ਵਿੱਚ ਬੰਦ ਰਹੇ। ਉਨ੍ਹਾਂ ਦੀ ਉਮਰ 25 ਤੋਂ 40 ਸਾਲ ਦੇ ਵਿਚਕਾਰ ਹੈ।
ਕੈਥਲ ਪੁਲਿਸ ਟੀਮ ਨੇ ਦਿੱਲੀ ਏਅਰਪੋਰਟ ਤੋਂ ਸਾਰੇ ਡਿਪੋਰਟ ਕੀਤੇ ਗਏ ਵਿਅਕਤੀਆਂ ਨੂੰ ਰਿਸੀਵ ਕਰਕੇ ਕੈਥਲ ਪੁਲਿਸ ਲਾਈਨ ਲਿਆਇਆ। ਡੀ.ਐਸ.ਪੀ. ਲਲਿਤ ਯਾਦਵ ਦੀ ਅਗਵਾਈ ਵਿੱਚ ਪੁੱਛਗਿੱਛ ਦੌਰਾਨ ਤਾਰਾਗੜ੍ਹ ਵਾਸੀ ਨਰੇਸ਼ ਕੁਮਾਰ ਦਾ ਅਪਰਾਧਿਕ ਰਿਕਾਰਡ ਸਾਹਮਣੇ ਆਇਆ। ਉਸ ’ਤੇ ਚੈਕ ਬਾਊਂਸ ਅਤੇ ਐਕਸਾਈਜ਼ ਐਕਟ ਦੇ ਮਾਮਲਿਆਂ ਵਿੱਚ ਭਗੌੜਾ ਹੋਣ ਦੇ ਦੋਸ਼ ਹਨ, ਇਸ ਲਈ ਉਸਨੂੰ ਹਿਰਾਸਤ ਵਿੱਚ ਲਿਆ ਗਿਆ। ਬਾਕੀ 13 ਵਿਅਕਤੀਆਂ ਖਿਲਾਫ਼ ਕੋਈ ਅਪਰਾਧਿਕ ਰਿਕਾਰਡ ਨਹੀਂ ਮਿਲਿਆ, ਜਿਨ੍ਹਾਂ ਨੂੰ ਪੁੱਛਗਿੱਛ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ।
ਡਿਪੋਰਟ ਹੋਣ ਵਾਲਿਆਂ ਵਿੱਚੋਂ ਸਭ ਤੋਂ ਵੱਧ ਕਰਨਾਲ ਦੇ 16 ਅਤੇ ਕੈਥਲ ਦੇ 14 ਨੌਜਵਾਨ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ, ਅੰਬਾਲਾ ਦੇ ਪੰਜ, ਕੁਰੂਕਸ਼ੇਤਰ ਅਤੇ ਯਮੁਨਾਨਗਰ ਦੇ ਚਾਰ-ਚਾਰ ਅਤੇ ਜੀਂਦ ਦੇ ਤਿੰਨ ਨੌਜਵਾਨ ਵੀ ਭਾਰਤ ਭੇਜੇ ਗਏ ਹਨ।ਡਿਪੋਰਟ ਹੋ ਕੇ ਆਏ ਇੱਕ ਨੌਜਵਾਨ ਨੇ ਦੱਸਿਆ ਕਿ ਤਿੰਨ ਨਵੰਬਰ ਨੂੰ ਅਮਰੀਕਾ ਤੋਂ ਡਿਪੋਰਟ ਕੀਤੇ ਨੌਜਵਾਨਾਂ ਦਾ ਇੱਕ ਹੋਰ ਜਹਾਜ਼ ਆਵੇਗਾ।
ਹਾਲਾਂਕਿ ਇਨ੍ਹਾਂ ਵਿੱਚੋਂ ਕਿਸੇ ਨੇ ਵੀ ਉਹਨਾਂ ਏਜੰਟਾਂ ਖ਼ਿਲਾਫ਼ ਸ਼ਿਕਾਇਤ ਦਰਜ ਨਹੀਂ ਕਰਵਾਈ, ਜਿਨ੍ਹਾਂ ਨੇ ਉਨ੍ਹਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਿਆ ਸੀ। ਡੀ.ਐਸ.ਪੀ. ਲਲਿਤ ਯਾਦਵ ਨੇ ਦੱਸਿਆ ਕਿ ਜੇ ਕੋਈ ਵਿਅਕਤੀ ਏਜੰਟਾਂ ਖ਼ਿਲਾਫ਼ ਸ਼ਿਕਾਇਤ ਕਰਦਾ ਹੈ ਤਾਂ ਕਾਰਵਾਈ ਕੀਤੀ ਜਾਵੇਗੀ। ਵਾਪਸ ਪਰਤੇ ਪ੍ਰਵਾਸੀਆਂ ਨੇ ਕਿਹਾ ਕਿ ਉਹ ਪਹਿਲਾਂ ਪਰਿਵਾਰ ਨਾਲ ਵਿਚਾਰ ਕਰਨਗੇ ਤੇ ਉਸ ਤੋਂ ਬਾਅਦ ਹੀ ਕੋਈ ਕਦਮ ਚੁੱਕਣਗੇ। ਫਰਵਰੀ ਵਿੱਚ ਵੀ ਕੈਥਲ ਦੇ 18 ਵਿਅਕਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login