ਦਿਲਜੀਤ ਦੋਸਾਂਝ / Courtesy Photo
ਸਿੱਖਸ ਫਾਰ ਜਸਟਿਸ (SFJ) ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ 1 ਨਵੰਬਰ ਨੂੰ ਆਸਟ੍ਰੇਲੀਆ ਵਿੱਚ ਹੋਣ ਵਾਲੇ ਕਾਂਸਰਟ ਨੂੰ ਰੱਦ ਕਰਵਾਉਣ ਦੀ ਧਮਕੀ ਦਿੱਤੀ ਹੈ। ਇਸ ਦਿਨ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ‘ਸਿੱਖ ਨਸਲਕੁਸ਼ੀ ਯਾਦਗਾਰੀ ਦਿਵਸ’ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਇਹ ਵਿਵਾਦ ਉਸ ਸਮੇਂ ਉੱਠਿਆ ਜਦੋਂ ਦਿਲਜੀਤ ਦੋਸਾਂਝ ਨੇ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ ਦੇ ਸ਼ੋਅ ‘ਕੌਣ ਬਨੇਗਾ ਕਰੋੜਪਤੀ’ ਦੇ ਸੀਜ਼ਨ 17 ਵਿੱਚ ਸ਼ਿਰਕਤ ਕੀਤੀ ਅਤੇ ਪ੍ਰੋਮੋ ਵਿੱਚ ਉਨ੍ਹਾਂ ਨੂੰ ਅਮਿਤਾਭ ਬੱਚਨ ਦੇ ਪੈਰ ਛੂੰਹਦੇ ਅਤੇ ਉਨ੍ਹਾਂ ਨੂੰ ਗਲੇ ਲਗਾਉਂਦੇ ਵੇਖਿਆ ਗਿਆ। ਇਹ ਐਪੀਸੋਡ 31 ਅਕਤੂਬਰ ਨੂੰ ਪ੍ਰਸਾਰਿਤ ਹੋਵੇਗਾ।
ਸੰਗਠਨ ਦਾ ਦਾਅਵਾ ਹੈ ਕਿ ਅਮਿਤਾਭ ਬੱਚਨ ਨੇ 31 ਅਕਤੂਬਰ 1984 ਨੂੰ ‘ਖੂਨ ਕਾ ਬਦਲਾ ਖੂਨ ਸੇ ਲੇਂਗੇ’ ਦੇ ਨਾਅਰੇ ਨਾਲ ਭੀੜ ਨੂੰ ਉਕਸਾਇਆ ਸੀ, ਜਿਸ ਤੋਂ ਬਾਅਦ ਹਿੰਸਕ ਭੀੜ ਨੇ ਸਿੱਖ ਨਸਲਕੁਸ਼ੀ ਨੂੰ ਅੰਜਾਮ ਦਿੱਤਾ। ਇਸ ਦੌਰਾਨ ਭਾਰਤ ਭਰ ਵਿੱਚ 30,000 ਤੋਂ ਵੱਧ ਸਿੱਖ ਪੁਰਸ਼ਾਂ, ਮਹਿਲਾਵਾਂ ਅਤੇ ਬੱਚਿਆਂ ਦੀ ਹੱਤਿਆ ਕੀਤੀ ਗਈ ਸੀ।
SFJ ਦੇ ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ, “ਅਮਿਤਾਭ ਬੱਚਨ, ਜਿਨ੍ਹਾਂ ਦੇ ਸ਼ਬਦਾਂ ਨੇ ਨਸਲਕੁਸ਼ੀ ਨੂੰ ਉਕਸਾਇਆ, ਉਨ੍ਹਾਂ ਦੇ ਪੈਰ ਛੂਹ ਕੇ ਦਿਲਜੀਤ ਦੋਸਾਂਝ ਨੇ 1984 ਦੇ ਸਿੱਖ ਨਸਲਕੁਸ਼ੀ ਦੇ ਹਰ ਪੀੜਤ, ਹਰ ਵਿਧਵਾ ਅਤੇ ਹਰ ਅਨਾਥ ਦਾ ਅਪਮਾਨ ਕੀਤਾ ਹੈ। ਇਹ ਅਗਿਆਨਤਾ ਨਹੀਂ ਸਗੋਂ ਵਿਸ਼ਵਾਸਘਾਤ ਹੈ। ਜਿਨ੍ਹਾਂ ਸਿੱਖਾਂ ਨੂੰ ਜ਼ਿੰਦਾ ਸਾੜਿਆ ਗਿਆ, ਜਿਨ੍ਹਾਂ ਮਹਿਲਾਵਾਂ ਨਾਲ ਬਲਾਤਕਾਰ ਹੋਇਆ, ਜਿਨ੍ਹਾਂ ਬੱਚਿਆਂ ਨੂੰ ਮਾਰ ਦਿੱਤਾ ਗਿਆ, ਉਨ੍ਹਾਂ ਦੇ ਸਿਵੇ ਅਜੇ ਵੀ ਠੰਡੇ ਨਹੀ ਹੋਏ। ਕੋਈ ਵੀ ਸਿੱਖ, ਜੋ ਆਪਣੀ ਅੰਤਰਆਤਮਾ ਦੀ ਆਵਾਜ਼ ਸੁਣਦਾ ਹੈ, 1 ਨਵੰਬਰ ‘ਤੇ ਜਸ਼ਨ ਨਹੀਂ ਮਨਾ ਸਕਦਾ।”
SFJ ਅਨੁਸਾਰ, ਪਿਛਲੇ 41 ਸਾਲਾਂ ਵਿੱਚ ਸਿੱਖਾਂ ਦੇ ਕਤਲ ਨੂੰ ਉਕਸਾਉਣ ਵਾਲੇ ਕਿਸੇ ਭਾਰਤੀ ਨੇਤਾ ਜਾਂ ਸੈਲੀਬ੍ਰਿਟੀ ਨੂੰ ਕਦੇ ਵੀ ਜਵਾਬਦੇਹ ਨਹੀਂ ਠਹਿਰਾਇਆ ਗਿਆ, ਬਲਕਿ ਉਨ੍ਹਾਂ ਨੂੰ ਇਨਾਮਾਂ ਤੇ ਸਨਮਾਨਾਂ ਨਾਲ ਨਿਵਾਜਿਆ ਗਿਆ ਹੈ। ਸੰਗਠਨ ਨੇ ਕਿਹਾ ਕਿ ਹੁਣ ਜਦੋਂ ਦੁਨੀਆ 1984 ਦੇ ਨਸਲਕੁਸ਼ੀ ਨੂੰ ਯਾਦ ਕਰਦੀ ਹੈ, ਦਿਲਜੀਤ ਦੋਸਾਂਝ- ਜੋ ਇੱਕ ਵਿਸ਼ਵ ਪੱਧਰੀ ਪੰਜਾਬੀ ਆਈਕਨ ਹਨ, ਉਸ ਸ਼ੋਕ ਦੇ ਮਹੀਨੇ ਨੂੰ ਵਪਾਰਕ ਸਮਾਰੋਹ ਵਿੱਚ ਬਦਲ ਰਹੇ ਹਨ।
SFJ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਦਿਲਜੀਤ ਦੋਸਾਂਝ ਨੂੰ '2010 ਦੇ ਤਖ਼ਤ ਫਰਮਾਨ' ਅਨੁਸਾਰ ਸੱਦਿਆ ਜਾਵੇ, ਜਿਸ ਵਿੱਚ ਨਵੰਬਰ 1984 ਨੂੰ “ਸਿੱਖ ਨਸਲਕੁਸ਼ੀ ਮਹੀਨਾ” ਘੋਸ਼ਿਤ ਕੀਤਾ ਗਿਆ ਸੀ।
ਸੂਤਰਾਂ ਅਨੁਸਾਰ, SFJ ਨੇ 1 ਨਵੰਬਰ 2025 ਨੂੰ ਦਿਲਜੀਤ ਦੋਸਾਂਝ ਦੇ ਆਸਟ੍ਰੇਲੀਆਈ ਕਾਂਸਰਟ ਸਥਾਨ ਦੇ ਬਾਹਰ ਰੈਲੀ ਕਰਨ ਦਾ ਯੋਜਨਾ ਬਣਾਈ ਹੈ। ਸੰਗਠਨ ਨੇ ਸਾਰੇ ਸਿੱਖ ਸੰਸਥਾਨਾਂ, ਕਲਾਕਾਰਾਂ ਅਤੇ ਦਰਸ਼ਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਵੰਬਰ 1984 ਦੇ ਨਸਲਕੁਸ਼ੀ ਨਾਲ ਜੁੜੇ ਕਿਸੇ ਵੀ ਵਿਅਕਤੀ ਜਾਂ ਇਵੈਂਟ ਦਾ ਬਾਈਕਾਟ ਕਰਨ।
ਸੰਗਠਨ ਦਾ ਕਹਿਣਾ ਹੈ ਕਿ 10 ਜੁਲਾਈ 2010 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਹ ਐਲਾਨ ਕੀਤਾ ਸੀ ਕਿ 1984 ਦੀਆਂ ਹੱਤਿਆਵਾਂ ਦੰਗੇ ਨਹੀਂ ਸਨ, ਸਗੋਂ ਸਿੱਖਾਂ ਨੂੰ ਖਤਮ ਕਰਨ ਦੀ ਸਾਜ਼ਿਸ਼ ਸੀ। ਪੰਜ ਸਿੰਘ ਸਾਹਿਬਾਨਾਂ ਨੇ ਆਦੇਸ਼ ਦਿੱਤਾ ਸੀ ਕਿ ਹਰ ਸਾਲ 1 ਨਵੰਬਰ ਨੂੰ ‘ਨਸਲਕੁਸ਼ੀ ਯਾਦਗਾਰੀ ਦਿਵਸ’ ਵਜੋਂ ਮਨਾਇਆ ਜਾਵੇ। ਇਸਦੇ ਬਾਵਜੂਦ, ਦਿਲਜੀਤ ਦੋਸਾਂਝ ਨੇ ਅਮਿਤਾਭ ਬੱਚਨ ਦਾ ਸਨਮਾਨ ਕੀਤਾ, ਜਿਨ੍ਹਾਂ ‘ਤੇ ਸਿੱਖਾਂ ਦਾ ਖੂਨ ਵਹਾਉਣ ਲਈ ਭੀੜ ਨੂੰ ਉਕਸਾਉਣ ਦੇ ਦੋਸ਼ ਹਨ ਅਤੇ ਉਹਨਾਂ ਨੇ ਇਸ ਪਵਿੱਤਰ ਯਾਦਗਾਰੀ ਦਿਵਸ ਸਮੇਂ ਦੌਰਾਨ ਕਾਂਸਰਟ ਕਰਨ ਦਾ ਫੈਸਲਾ ਕੀਤਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login