ਪੰਜਾਬੀ ਫਿਲਮ ਇੰਡਸਟਰੀ ਦੇ ਨਾਮੀ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ ਦਾ ਬੁੱਧਵਾਰ (8 ਅਕਤੂਬਰ, 2025) ਨੂੰ ਚੰਡੀਗੜ੍ਹ ਵਿੱਚ ਦੇਹਾਂਤ ਹੋ ਗਿਆ। ਸੜਕ ਹਾਦਸੇ 'ਚ ਗੰਭੀਰ ਜਖਮੀ ਹੋਣ ਕਾਰਨ ਉਹਨਾਂ ਨੂੰ ਚੰਡੀਗੜ੍ਹ ਦੇ ਫੋਰਟਿਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿਸ ਵਿਚ ਇਲਾਜ ਦੌਰਾਨ 11 ਦਿਨਾਂ ਬਾਅਦ ਉਹ ਜ਼ਿੰਦਗੀ ਦੀ ਜੰਗ ਜਾਰ ਗਏ ਹਨ।
35 ਸਾਲਾ ਜਵੰਦਾ ਦੀ ਮੌਤ ਦੀ ਖ਼ਬਰ ਹਸਪਤਾਲ ਪ੍ਰਸ਼ਾਸਨ ਨੇ ਦਿੱਤੀ। ਜਿਸ ਤੋਂ ਬਾਅਦ ਪਰਿਵਾਰ, ਦੋਸਤ ਅਤੇ ਪੂਰੇ ਮਨੋਰੰਜਨ ਜਗਤ ਵਿਚ ਸੋਗ ਛਾ ਗਿਆ। ਜਵੰਦਾ, ਜੋ ਕਿ ਪੰਜਾਬੀ ਮਨੋਰੰਜਨ ਉਦਯੋਗ ਵਿੱਚ ਇੱਕ ਵੱਡੇ ਅਤੇ ਉਭਰਦੇ ਹੋਏ ਕਲਾਕਾਰ ਸੀ, ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਲਾਈਫ ਸਪੋਰਟ 'ਤੇ ਸੀ ਜਦੋਂ ਤੋਂ ਉਹਨਾਂ ਨੂੰ ਬਹੁਤ ਨਾਜੁਕ ਹਾਲਤ ਵਿੱਚ ਲਿਆਇਆ ਗਿਆ ਸੀ।
ਉਹ 27 ਸਤੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿੱਚ ਸ਼ਿਮਲਾ ਜਾਂਦੇ ਹੋਏ ਮੋਟਰਸਾਈਕਲ ਹਾਦਸੇ ਵਿੱਚ ਗੰਭੀਰ ਜਖ਼ਮੀ ਹੋ ਗਏ ਸੀ। ਹਾਦਸੇ ਵਿੱਚ ਗਾਇਕ ਦੇ ਸਿਰ ਅਤੇ ਰੀੜ੍ਹ ਦੀ ਹੱਡੀ 'ਤੇ ਗੰਭੀਰ ਸੱਟਾਂ ਆਈਆਂ। ਉਹਨਾਂ ਨੂੰ ਫੋਰਟਿਸ ਹਸਪਤਾਲ ਸ਼ਿਫਟ ਕਰਨ ਤੋਂ ਪਹਿਲਾਂ ਦਿਲ ਦਾ ਦੌਰਾ ਵੀ ਪਿਆ ਸੀ। “ਵਧੀਆ ਮੈਡੀਕਲ ਸਹੂਲਤਾਵਾਂ ਅਤੇ ਨਿਰੰਤਰ ਨਿਗਰਾਨੀ ਦੇ ਬਾਵਜੂਦ, ਜਵੰਦਾ ਨੇ ਕਈ ਅੰਗਾਂ ਦੇ ਫੇਲ ਹੋਣ ਕਾਰਨ ਦਮ ਤੋੜ ਦਿੱਤਾ,” ਹਸਪਤਾਲ ਵਲੋਂ ਦਿੱਤੇ ਗਏ ਬਿਆਨ ਵਿੱਚ ਕਿਹਾ ਗਿਆ। ਡਾਕਟਰਾਂ ਮੁਤਾਬਕ, ਉਹਨਾਂ ਦੀ ਨਿਊਰੋਲੋਜੀਕਲ ਹਾਲਤ ਬਹੁਤ ਗੰਭੀਰ ਰਹੀ, ਦਿਮਾਗੀ ਗਤੀਵਿਧੀਆਂ ਵੀ ਬਹੁਤ ਘੱਟ ਸੀ ਅਤੇ ਇਲਾਜ ਦੇ ਬਾਵਜੂਦ ਕੋਈ ਖਾਸ ਸੁਧਾਰ ਨਹੀਂ ਹੋਇਆ।
ਮੌਤ ਦੀ ਖ਼ਬਰ ਤੋਂ ਬਾਅਦ ਜਿਥੇ ਸੋਸ਼ਲ ਮੀਡੀਆਂ ‘ਤੇ ਉਹਨਾਂ ਦੇ ਚਾਹਵਾਨ ਦੁੱਖ ਵਿਚ ਨਜ਼ਰ ਆਏ ਉਥੇ ਹੀ ਨੇਤਾ, ਨਾਮੀ ਹਸਤੀਆਂ, ਕਲਾਕਾਰ ਮ੍ਰਿਤਕ ਗਾਇਕ ਰਾਜਵੀਰ ਜਵੰਦਾ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਉਹਨਾਂ ਦੇ ਘਰ ਪਹੁੰਚ ਰਹੇ ਹਨ।
ਲੁਧਿਆਣਾ ਦੇ ਜਗਰਾਓਂ ਨੇੜਲੇ ਪਿੰਡ ਪੋਨਾ ਨਾਲ ਸੰਬੰਧਤ ਰਾਜਵੀਰ ਜਵੰਦਾ ਦੇ ਪਿਤਾ ਪੰਜਾਬ ਪੁਲਿਸ ਵਿੱਚ ਸੇਵਾ ਕਰਦੇ ਸਨ, ਜਦੋਂ ਕਿ ਉਹਨਾਂ ਦੀ ਮਾਤਾ ਪਰਮਜੀਤ ਕੌਰ, ਘਰੇਲੂ ਔਰਤ ਸੀ। ਉਹਨਾਂ ਦੀ ਇੱਕ ਛੋਟੀ ਭੈਣ ਵੀ ਸੀ। ਰਾਜਵੀਰ ਵਿਆਹਿਆ ਹੋਇਆ ਸੀ ਅਤੇ ਦੋ ਬੱਚਿਆਂ ਦਾ ਪਿਤਾ ਸੀ।
2014 ਵਿੱਚ “ਮੁੰਡਾ ਲਾਈਕ ਮੀ” ਨਾਂ ਦੇ ਗੀਤ ਨਾਲ ਆਪਣਾ ਸੰਗੀਤਕ ਸਫਰ ਸ਼ੁਰੂ ਕਰਨ ਵਾਲੇ ਜਵੰਦਾ ਨੇ ਆਪਣੀ ਆਵਾਜ਼ ਅਤੇ ਪੰਜਾਬੀ ਸੰਸਕਾਰਾਂ ਉਤੇ ਅਧਾਰਤ ਗੀਤਾਂ ਰਾਹੀਂ ਲੋਕਾਂ ਦੇ ਦਿਲ ਜਿੱਤੇ। ਜਾਣਕਾਰੀ ਅਨੁਸਾਰ, ਜਵੰਦਾ ਪਹਿਲਾਂ ਪੁਲਿਸ ਅਧਿਕਾਰੀ ਬਣਨਾ ਚਾਹੁੰਦਾ ਸੀ ਪਰ ਫਿਰ ਆਪਣੇ ਅਸਲੀ ਸ਼ੌਕ ਸੰਗੀਤ ਵੱਲ ਮੁੜ ਗਏ ਅਤੇ ਸੰਗੀਤ ਤੇ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤ ਲਿਆ। ਉਹਨਾਂ ਦੀ ਅਕਾਲ ਮੌਤ ਦੀ ਖ਼ਬਰ ਨੇ ਚਾਹੁਣ ਵਾਲਿਆਂ ਅਤੇ ਪੂਰੇ ਪੰਜਾਬੀ ਮਨੋਰੰਜਨ ਜਗਤ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਹਸਪਤਾਲ ਜਾ ਕੇ ਜਵੰਦਾ ਦੀ ਸਿਹਤ ਬਾਰੇ ਜਾਣਕਾਰੀ ਲਈ ਦੌਰਾ ਵੀ ਕੀਤਾ ਸੀ।
ਮੋਹਾਲੀ ਦੇ ਸੈਕਟਰ 71 ਵਿੱਚ ਰਹਿ ਰਹੇ ਜਵੰਦਾ ਆਪਣੇ ਹਿੱਟ ਗੀਤਾਂ ਲਈ ਵੀ ਜਾਣੇ ਜਾਂਦੇ ਸੀ ਜਿਵੇਂ ਕਿ “ਤੂੰ ਦਿਸ ਪੈਂਦਾ”, “ਖੁਸ਼ ਰਿਹਾ ਕਰ”, “ਸਰਦਾਰੀ”, “ਸਰਨੇਮ”, “ਅਫਰੀਨ”, “ਲੈਂਡਲਾਰਡ”, “ਡਾਊਨ ਟੂ ਅਰਥ”, "ਕਮਲਾ", "ਮੇਰਾ ਦਿਲ" ਅਤੇ “ਕੰਗਣੀ”। ਜਵੰਦਾ ਨੇ 2018 ਵਿੱਚ ਗਿੱਪੀ ਗਰੇਵਾਲ ਦੀ ਮੁੱਖ ਭੂਮਿਕਾ ਵਾਲੀ ਪੰਜਾਬੀ ਫਿਲਮ “ਸੁਬੇਦਾਰ ਜੋਗਿੰਦਰ ਸਿੰਘ”, 2019 ਵਿੱਚ “ਜਿੰਦ ਜਾਨ”, “ਮਿੰਦੋ ਤਸੀਲਦਾਰਣੀ” ਅਤੇ "ਕਾਕਾ ਜੀ" ਵਰਗੀਆਂ ਫਿਲਮਾਂ ਰਾਹੀਂ ਪੰਜਾਬੀ ਸਿਨੇਮਾ ਵਿੱਚ ਵੀ ਆਪਣੀ ਪਛਾਣ ਬਣਾਉਣ ਵਿੱਚ ਕਾਮਯਾਬੀ ਹਾਸਲ ਕੀਤੀ।
Comments
Start the conversation
Become a member of New India Abroad to start commenting.
Sign Up Now
Already have an account? Login