ਦਿਲਜੀਤ ਦੋਸਾਂਝ ਨੇ ਬਾਇਓਪਿਕ 'ਅਮਰ ਸਿੰਘ ਚਮਕੀਲਾ' ਵਿੱਚ ਆਪਣੀ ਸ਼ਾਨਦਾਰ ਕਲਾਕਾਰੀ ਦੇ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਹੁਣ ਉਹਨਾਂ ਨੇ ਇਕ ਹੋਰ ਵੱਡੀ ਉਪਲਬਧੀ ਹਾਸਲ ਕੀਤੀ ਹੈ , ਜਿਸ ਵਿੱਚ ਉਹਨਾਂ ਦਾ ਨਾਮ ਅੰਤਰਰਾਸ਼ਟਰੀ ਐਮੀ ਅਵਾਰਡਸ 2025 ਵਿੱਚ ਸਰਵੋਤਮ ਅਦਾਕਾਰ ਸ਼੍ਰੇਣੀ ਵਿੱਚ ਨਾਮਜ਼ਦ ਹੋਇਆ ਹੈ। ਇਸ ਤੋਂ ਇਲਾਵਾ, ਫ਼ਿਲਮ ਨੂੰ ਸਰਵੋਤਮ ਟੀਵੀ ਮੂਵੀ/ਮਿਨੀ ਸੀਰੀਜ਼ ਸ਼੍ਰੇਣੀ ਵਿੱਚ ਵੀ ਨਾਮਜ਼ਦਗੀ ਮਿਲੀ ਹੈ।
ਅੰਤਰਰਾਸ਼ਟਰੀ ਐਮੀ ਅਵਾਰਡਸ 2025 ਵਿੱਚ ਨਾਮਜ਼ਦਗੀ ਮਿਲਣ ਬਾਰੇ ਗੱਲ ਕਰਦਿਆਂ, ਦਿਲਜੀਤ ਦੋਸਾਂਝ ਨੇ ਕਿਹਾ, “ਮੈਂ ਸੱਚਮੁੱਚ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਪੰਜਾਬ ਦੇ ਇੱਕ ਕਲਾਕਾਰ ਅਮਰ ਸਿੰਘ ਚਮਕੀਲਾ ਨੂੰ ਅੰਤਰਰਾਸ਼ਟਰੀ ਐਮੀ ਅਵਾਰਡਸ ਵਰਗੇ ਵਕਾਰੀ ਮੰਚ 'ਤੇ ਵਿਸ਼ਵ ਪੱਧਰ 'ਤੇ ਮਾਨਤਾ ਦਿੱਤੀ ਜਾ ਰਹੀ ਹੈ ਅਤੇ ਉਸ ਬਾਰੇ ਚਰਚਾ ਹੋ ਰਹੀ ਹੈ। ਇਹ ਨਾਮਜ਼ਦਗੀ ਸਿਰਫ਼ ਮੇਰੇ ਲਈ ਨਹੀਂ, ਸਗੋਂ ਚਮਕੀਲਾ ਦੀ ਪੂਰੀ ਵਿਰਾਸਤ ਲਈ ਹੈ। ਮੈਂ ਇਮਤਿਆਜ਼ ਅਲੀ ਸਰ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਇਸ ਕਿਰਦਾਰ ਲਈ ਚੁਣਿਆ।"
ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਫ਼ਿਲਮ 'ਅਮਰ ਸਿੰਘ ਚਮਕੀਲਾ' ਦੀ ਖੂਬ ਤਾਰੀਫ਼ ਹੋ ਰਹੀ ਹੈ। ਫ਼ਿਲਮ 'ਅਮਰ ਸਿੰਘ ਚਮਕੀਲਾ' ਨੂੰ 'ਬੈਸਟ ਪਰਫਾਰਮੈਂਸ ਬਾਏ ਐਨ ਐਕਟਰ' ਅਤੇ 'ਟੀਵੀ ਮੂਵੀ/ਮਿੰਨੀ-ਸੀਰੀਜ਼' ਸ਼੍ਰੇਣੀ ਵਿੱਚ ਵੀ ਨਾਮਜ਼ਦ ਕੀਤਾ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਫ਼ਿਲਮ 'ਅਮਰ ਸਿੰਘ ਚਮਕੀਲਾ' 12 ਅਪ੍ਰੈਲ 2024 ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਈ ਸੀ ਅਤੇ ਇਸ ਦਾ ਨਿਰਦੇਸ਼ਨ ਇਮਤਿਆਜ਼ ਅਲੀ ਨੇ ਕੀਤਾ ਸੀ। ਇਸ ਫ਼ਿਲਮ ਵਿੱਚ ਦਿਲਜੀਤ ਦੋਸਾਂਝ ਦੇ ਨਾਲ-ਨਾਲ ਪਰਿਨੀਤੀ ਚੋਪੜਾ ਵੀ ਮੁੱਖ ਭੂਮਿਕਾ ਵਿੱਚ ਸੀ। ਇਹ ਫ਼ਿਲਮ ਅਮਰ ਸਿੰਘ ਚਮਕੀਲਾ ਦੀ ਜ਼ਿੰਦਗੀ 'ਤੇ ਆਧਾਰਿਤ ਹੈ, ਜੋ 1980 ਦੇ ਦਹਾਕੇ ਦੇ ਇੱਕ ਵਿਵਾਦਿਤ ਪੰਜਾਬੀ ਗਾਇਕ ਸਨ।
ਇਮਤਿਆਜ਼ ਅਲੀ ਦੇ ਨਿਰਦੇਸ਼ਨ ਵਿੱਚ ਬਣੀ ਇਹ ਫ਼ਿਲਮ ਚਮਕੀਲਾ ਦੇ ਜੀਵਨ 'ਤੇ ਆਧਾਰਿਤ ਸੀ, ਜਿਨ੍ਹਾਂ ਨੂੰ ਅਕਸਰ 'ਪੰਜਾਬ ਦਾ ਐਲਵਿਸ' ਕਿਹਾ ਜਾਂਦਾ ਹੈ। ਜੋ 1980 ਦੇ ਦਹਾਕੇ ਵਿਚ ਇੱਕ ਸਾਧਾਰਨ ਪਿਛੋਕੜ ਤੋਂ ਉੱਠ ਕੇ ਵਿਵਾਦਿਤ ਪੰਜਾਬੀ ਗਾਇਕ ਸਨ। ਉਹ ਆਪਣੇ ਬੇਬਾਕ ਗੀਤਾਂ ਅਤੇ ਸਮੇਂ ਤੋਂ ਪਹਿਲਾਂ ਹੋਈ ਮੌਤ ਲਈ ਜਾਣੇ ਜਾਂਦੇ ਸਨ। 12 ਅਪ੍ਰੈਲ, 2024 ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਈ ਇਹ ਫ਼ਿਲਮ, ਪੰਜਾਬ ਦੇ ਇੱਕ ਦਲਿਤ ਸਿੱਖ ਪਰਿਵਾਰ ਤੋਂ ਸੁਪਰਸਟਾਰ ਬਣਨ ਤੱਕ ਦੇ ਚਮਕੀਲਾ ਦੇ ਸਫ਼ਰ ਨੂੰ ਦਰਸਾਉਂਦੀ ਹੈ, ਜਿਨ੍ਹਾਂ ਦੇ ਭੜਕਾਊ ਗੀਤ ਅਕਸਰ ਪਿਆਰ ਅਤੇ ਬਗਾਵਤ 'ਤੇ ਕੇਂਦਰਿਤ ਹੁੰਦੇ ਸਨ। ਕਹਾਣੀ ਉਨ੍ਹਾਂ ਦੇ ਤੇਜ਼ੀ ਨਾਲ ਉਭਾਰ ਅਤੇ 27 ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਦੁਖਦਾਈ ਕਤਲ, ਦੋਵਾਂ ਨੂੰ ਦਿਖਾਉਂਦੀ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਭਾਰਤੀ ਕੰਟੈਂਟ ਲਗਾਤਾਰ ਐਮੀ ਅਵਾਰਡਸ ਵਿੱਚ ਆਪਣੀ ਛਾਪ ਛੱਡ ਰਿਹਾ ਹੈ। 2020 ਵਿੱਚ, ਨੈੱਟਫਲਿਕਸ ਦੀ 'ਦਿੱਲੀ ਕ੍ਰਾਈਮ' ਨੇ ਸਰਵੋਤਮ ਡਰਾਮਾ ਸੀਰੀਜ਼ ਦਾ ਪੁਰਸਕਾਰ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ, ਜਦੋਂ ਕਿ ਕਾਮੇਡੀਅਨ ਵੀਰ ਦਾਸ ਨੇ 2021 ਵਿੱਚ ਆਪਣੇ ਨੈੱਟਫਲਿਕਸ ਕਾਮੇਡੀ ਸਪੈਸ਼ਲ 'ਵੀਰ ਦਾਸ: ਫਾਰ ਇੰਡੀਆ' ਲਈ ਐਮੀ ਪੁਰਸਕਾਰ ਜਿੱਤਿਆ ਸੀ।
ਇੰਟਰਨੈਸ਼ਨਲ ਅਕੈਡਮੀ ਆਫ ਟੈਲੀਵਿਜ਼ਨ ਆਰਟਸ ਐਂਡ ਸਾਇੰਸਜ਼ ਨੇ 53ਵੇਂ ਇੰਟਰਨੈਸ਼ਨਲ ਐਮੀ ਅਵਾਰਡਸ ਲਈ ਨਾਮਜ਼ਦਗੀਆਂ ਦਾ ਐਲਾਨ ਕਰ ਦਿੱਤਾ ਹੈ। ਇਸ ਸਾਲ 16 ਸ਼੍ਰੇਣੀਆਂ ਵਿੱਚ ਰਿਕਾਰਡ 64 ਨੋਮੀਨੇਸ਼ਨ ਹੋਏ ਹਨ, ਜਿਨ੍ਹਾਂ ਵਿੱਚ 26 ਦੇਸ਼ਾਂ ਦੇ ਪ੍ਰਤੀਯੋਗੀ ਸ਼ਾਮਲ ਹਨ। ਨਾਮਜ਼ਦਗੀਆਂ ਵਿੱਚ ਸਭ ਤੋਂ ਅੱਗੇ ਯੂਨਾਈਟਿਡ ਕਿੰਗਡਮ ਹੈ, ਜਿਸ ਨੇ 12 ਨੋਮੀਨੇਸ਼ਨਜ਼ ਹਾਸਲ ਕੀਤੇ ਹਨ। ਇਸ ਤੋਂ ਬਾਅਦ ਬ੍ਰਾਜ਼ੀਲ ਦੀਆਂ ਅੱਠ ਅਤੇ ਦੱਖਣੀ ਅਫਰੀਕਾ ਦੀਆਂ ਚਾਰ ਨਾਮਜ਼ਦਗੀਆਂ ਹਨ।
Comments
Start the conversation
Become a member of New India Abroad to start commenting.
Sign Up Now
Already have an account? Login