ADVERTISEMENT

ADVERTISEMENT

ਭਾਰਤ ਵਿੱਚ ਨਵੇਂ ਸਾਲ ਦੀ ਆਮਦ: ਪੁਰਾਣੀਆਂ ਯਾਦਾਂ ਅਤੇ ਨਵੇਂ ਜਸ਼ਨ

ਭਾਰਤ ਦਾ ਨਵਾਂ ਸਾਲ ਹੁਣ ਘਰਾਂ ਦੇ ਕਮਰਿਆਂ ਤੋਂ ਲੈ ਕੇ ਛੱਤਾਂ, ਆਲੀਸ਼ਾਨ ਕਿਸ਼ਤੀਆਂ ਅਤੇ ਡਿਜੀਟਲ ਸਕ੍ਰੀਨਾਂ ਤੱਕ ਫੈਲ ਚੁੱਕਾ ਹੈ

 Representative Image Representative Image / Pexels

ਬਹੁਤ ਸਾਰੇ ਭਾਰਤੀਆਂ ਲਈ 31 ਦਸੰਬਰ ਦਾ ਆਉਣਾ ਅਜਿਹੀਆਂ ਯਾਦਾਂ ਨੂੰ ਤਾਜ਼ਾ ਕਰ ਦਿੰਦਾ ਹੈ ਜੋ ਹੁਣ ਕਾਫ਼ੀ ਧੁੰਦਲੀਆਂ ਮਹਿਸੂਸ ਹੁੰਦੀਆਂ ਹਨ। ਕਿਸੇ ਸਮੇਂ ‘ਨਿਊ ਈਅਰ’ਜ਼ ਈਵ’ ਸਿਰਫ਼ ਵਕਤ ਦਾ ਇੱਕ ਸ਼ਾਂਤ ਪੜਾਅ ਹੁੰਦਾ ਸੀ, ਕੋਈ ਵੱਡੀ ਤਿਆਰੀਆਂ ਵਾਲਾ ਮੌਸਮ ਨਹੀਂ। ਕਸਬਿਆਂ ਅਤੇ ਸ਼ਹਿਰਾਂ ਦੇ ਮੱਧ-ਵਰਗੀ ਘਰਾਂ ਵਿੱਚ, ਇਹ ਰਾਤ ਪਰਿਵਾਰ ਦੇ ਆਲੇ-ਦੁਆਲੇ ਘੁੰਮਦੀ ਸੀ। ਦੂਰਦਰਸ਼ਨ ‘ਤੇ ਨਵੇਂ ਸਾਲ ਦੇ ਪ੍ਰੋਗਰਾਮ ਚੱਲਦੇ ਰਹਿੰਦੇ ਸੀ, ਗੁਆਂਢੀ ਮਿਲਣ ਆਉਂਦੇ ਸਨ। ਕੋਈ ਖ਼ਾਸ ਮੌਕੇ ਲਈ ਬਚਾ ਕੇ ਰੱਖਿਆ ਮਠਿਆਈ ਦਾ ਡੱਬਾ ਖੋਲ੍ਹ ਦਿੰਦਾ ਸੀ। ਫਿਰ ਅੱਧੀ ਰਾਤ ਨੂੰ ਇਕ-ਦੂਜੇ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਅਤੇ ਅਕਸਰ ਦਿਨ ਉੱਥੇ ਹੀ ਮੁਕ ਜਾਂਦਾ। 1 ਜਨਵਰੀ ਦੀ ਸ਼ੁਰੂਆਤ ਧਾਰਮਿਕ ਸਥਾਨਾਂ 'ਤੇ ਜਾਣ, ਸਵੇਰ ਦੀ ਸੈਰ ਜਾਂ ਘਰ ਵਿੱਚ ਸਾਦੇ ਭੋਜਨ ਨਾਲ ਸਵੇਰੇ ਜਲਦੀ ਹੁੰਦੀ ਸੀ। 

ਨਵੇਂ ਸਾਲ ਦਾ ਉਹ ਰੂਪ ਅੱਜ ਵੀ ਮੌਜੂਦ ਹੈ, ਪਰ ਹੁਣ ਇਸ ਦੇ ਨਾਲ ਹੀ ਇੱਕ ਬਿਲਕੁਲ ਵੱਖਰੀ ਤਰ੍ਹਾਂ ਦਾ ਜਸ਼ਨ ਵੀ ਸ਼ਾਮਲ ਹੋ ਗਿਆ ਹੈ।

ਅੱਜ ਦੇ ਸ਼ਹਿਰੀ ਭਾਰਤ ਵਿੱਚ, ਖਾਸ ਕਰਕੇ ਅਮੀਰ ਵਰਗ ਵਿੱਚ, ਨਵੇਂ ਸਾਲ ਦੀ ਸ਼ਾਮ ਇੱਕ ਬਹੁਤ ਹੀ ਯੋਜਨਾਬੱਧ ਪ੍ਰੋਗਰਾਮ ਬਣ ਗਿਆ ਹੈ। ਪਾਰਟੀਆਂ ਹਫਤੇ ਪਹਿਲਾਂ ਹੀ ਬੁੱਕ ਕਰ ਲਈਆਂ ਜਾਂਦੀਆਂ ਹਨ। ਮਹਿਮਾਨਾਂ ਦੀ ਸੂਚੀ, ਮੀਨੂ ਅਤੇ ਪਹਿਰਾਵੇ ਦੀ ਚੋਣ ਉਨੀ ਹੀ ਸੋਚ-ਸਮਝ ਕੇ ਕੀਤੀ ਜਾਂਦੀ ਹੈ ਜਿੰਨੀ ਕਿ ਪਾਰਟੀ ਵਿਚ ਜਾਣ ਸਮੇਂ ਕੀਤੀ ਜਾਂਦੀ ਹੈ। 

ਤੋਹਫ਼ੇ ਦੇਣ ਦਾ ਰਿਵਾਜ ਹੁਣ ਪ੍ਰੀਮੀਅਮ ਚੀਜ਼ਾਂ ਵੱਲ ਵਧ ਗਿਆ ਹੈ। ਪਰਿਵਾਰਾਂ ਅਤੇ ਕਾਰਪੋਰੇਟ ਸਰਕਲਾਂ ਵਿੱਚ ਮਹਿੰਗੇ ਚਾਕਲੇਟ, ਬਾਹਰੋਂ ਮੰਗਵਾਏ ਗਏ ਸੁੱਕੇ ਮੇਵੇ, ਮੋਮਬੱਤੀਆਂ ਅਤੇ ਲਾਈਫਸਟਾਈਲ ਉਤਪਾਦਾਂ ਦੇ ਲਗਜ਼ਰੀ ਹੈਂਮਪਰਜ਼ ਦਿੱਤੇ ਜਾਂਦੇ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਤੋਹਫ਼ੇ ਨਿੱਜੀ ਪੱਧਰ 'ਤੇ ਤਿਆਰ ਕੀਤੇ ਜਾਂਦੇ ਹਨ ਤਾਂ ਜੋ ਉਹ ਦੂਜਿਆਂ ਨਾਲੋਂ ਵੱਖਰੇ ਨਜ਼ਰ ਆਉਣ। ਕੇਕ, ਜੋ ਕਦੇ ਘਰ ਬਣਾਏ ਜਾਂਦੇ ਸਨ ਜਾਂ ਦਿਨ ਵੇਲੇ ਦੁਕਾਨ ਤੋਂ ਲਏ ਜਾਂਦੇ ਸਨ, ਹੁਣ ਖ਼ਾਸ ਡਿਜ਼ਾਈਨ ਦੇ ਨਾਲ ਅੱਧੀ ਰਾਤ ਤੋਂ ਕੁਝ ਮਿੰਟ ਪਹਿਲਾਂ ਡਿਲੀਵਰ ਕੀਤੇ ਜਾਂਦੇ ਹਨ। 

ਜਿਵੇਂ-ਜਿਵੇਂ ਘੜੀ ਰਾਤ ਦੇ ਬਾਰਾਂ ਵਜੇ ਦੇ ਨੇੜੇ ਪਹੁੰਚਦੀ ਹੈ, ਡਿਲੀਵਰੀ ਐਪਸ 'ਤੇ ਬਰਫ਼, ਡਰਿੰਕਸ, ਸਨੈਕਸ ਅਤੇ ਪਾਰਟੀ ਦੇ ਸਮਾਨ ਦੇ ਆਰਡਰਾਂ ਦਾ ਹੜ੍ਹ ਆ ਜਾਂਦਾ ਹੈ। ਬਾਅਦ ਵਿੱਚ ਅੰਕੜਾ ਮਾਹਿਰ ਇਹਨਾਂ ਪੈਟਰਨਾਂ ਦਾ ਅਧਿਐਨ ਕਰਕੇ ਲੋਕਾਂ ਦੇ ਖਰਚ ਕਰਨ ਦੀ ਸਮਰੱਥਾ ਨੂੰ ਸਮਝਦੇ ਹਨ। ਪਹਿਰਾਵੇ ਵਿੱਚ ਵੀ ਬਦਲਾਅ ਆਇਆ ਹੈ। ਗੂੜ੍ਹੇ ਰੰਗਾਂ ਦਾ ਦਬਦਬਾ ਹੈ। ਰਵਾਇਤੀ ਪਹਿਰਾਵਾ ਅਜੇ ਵੀ ਪ੍ਰਸਿੱਧ ਹੈ, ਪਰ ਹੁਣ ਇਸ ਵਿੱਚ ਆਧੁਨਿਕ ਸਟਾਈਲ ਸ਼ਾਮਲ ਹੋ ਗਿਆ ਹੈ। ਤਿਆਰ ਹੋਣਾ ਹੁਣ ਜਸ਼ਨ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੈ। 

ਭਾਰਤ ਦੇ ਹਰ ਸ਼ਹਿਰ ਵਿੱਚ ਨਵੇਂ ਸਾਲ ਦਾ ਆਪਣਾ ਅੰਦਾਜ਼ ਹੈ। ਦਿੱਲੀ ਦਾ ਕਨਾਟ ਪਲੇਸ ਸ਼ਾਮ ਤੱਕ ਭਰ ਜਾਂਦਾ ਹੈ, ਜਿੱਥੇ ਪਬ ਅਤੇ ਰੈਸਟੋਰੈਂਟ ਥੀਮ ਨਾਈਟਸ ਕਰਵਾਉਂਦੇ ਹਨ। ਮੁੰਬਈ ਦੀਆਂ ਛੱਤਾਂ ਅਤੇ ਸਮੁੰਦਰ-ਕਿਨਾਰੇ ਵਾਲੇ ਇਲਾਕੇ ਲੋਕਾਂ ਨਾਲ ਖਚਾਖੱਚ ਭਰ ਜਾਂਦੇ ਹਨ।ਬੀਚ ਸਮਾਗਮਾਂ ਤੋਂ ਲੈ ਕੇ ਖਾਮੋਸ਼ ਚੜ੍ਹਦੇ-ਸੂਰਜ ਸਮੇਂ ਦੀਆਂ ਪ੍ਰਾਰਥਨਾਵਾਂ ਤੱਕ ਗੋਆ ਅਜੇ ਵੀ ਦੇਸ਼ ਦਾ ਸਭ ਤੋਂ ਵੱਡਾ ਪਾਰਟੀ ਟਿਕਾਣਾ ਹੈ। ਬੈਂਗਲੁਰੂ, ਪੁਣੇ ਅਤੇ ਜੈਪੁਰ ਆਪਣਾ-ਆਪਣਾ ਰੰਗ ਲਿਆਉਂਦੇ ਹਨ, ਜਦਕਿ ਛੋਟੇ ਸ਼ਹਿਰ ਵੀ ਪਿੱਛੇ ਨਹੀਂ—ਡੀਜੇ ਨਾਈਟਸ, ਛੱਤ ‘ਤੇ ਪਾਰਟੀਆਂ ਨਾਲ ਉਹ ਵੀ ਨਵਾਂ ਸਾਲ ਬੜੇ ਚਾਅ ਨਾਲ ਮਨਾਉਂਦੇ ਹਨ।

ਫਿਰ ਵੀ, ਭਾਰਤ ਦਾ ਨਵੇਂ ਸਾਲ ਨਾਲ ਰਿਸ਼ਤਾ ਸਿਰਫ਼ 1 ਜਨਵਰੀ ਤੱਕ ਸੀਮਿਤ ਨਹੀਂ ਰਿਹਾ। ਖੇਤਰੀ ਨਵੇਂ ਸਾਲ—ਜਿਵੇਂ ਉਗਾਦੀ, ਗੁੜੀ ਪੜਵਾ, ਵਿਸਾਖੀ, ਬੋਹਾਗ ਬੀਹੂ ਅਤੇ ਹੋਰ ਅੱਜ ਵੀ ਸਾਡੇ ਸੱਭਿਆਚਾਰ ਵਿੱਚ ਡੂੰਘੀ ਜਗ੍ਹਾ ਰੱਖਦੇ ਹਨ। ਇਹ ਦਿਨ ਪਾਰਟੀਆਂ ਨਾਲ ਨਹੀਂ, ਸਗੋਂ ਰਵਾਇਤੀ ਭੋਜਨ, ਧਾਰਮਿਕ ਪ੍ਰੰਪਰਾਵਾਂ, ਰੀਤੀ-ਰਿਵਾਜਾਂ ਅਤੇ ਪਰਿਵਾਰਕ ਮਿਲਣੀਆਂ ਨਾਲ ਮਨਾਏ ਜਾਂਦੇ ਹਨ। 

ਪਿਛਲੇ ਕੁਝ ਸਾਲਾਂ ਵਿੱਚ, ਸਭ ਤੋਂ ਅਮੀਰ ਵਰਗ ਦੇ ਜਸ਼ਨਾਂ ਦਾ ਪੱਧਰ ਬਹੁਤ ਵਧ ਗਿਆ ਹੈ। ਪਟਾਕਿਆਂ ਦੀ ਥਾਂ ਹੁਣ ਡਰੋਨ ਸ਼ੋਅ ਨੇ ਲੈ ਲਈ ਹੈ। ਪ੍ਰਾਈਵੇਟ ਕਿਸ਼ਤੀ ਪਾਰਟੀਆਂ ਅਤੇ ਲਗਜ਼ਰੀ ਟ੍ਰੇਨਾਂ ਵਿੱਚ ਜਸ਼ਨ ਮਨਾਉਣਾ ਹੁਣ ਨਵੇਂ ਸਾਲ ਦਾ ਹਿੱਸਾ ਹੈ। 2025 ਵਿੱਚ, ਬਹੁਤ ਸਾਰੇ ਅਮੀਰ ਭਾਰਤੀਆਂ ਨੇ ਦੁਬਈ, ਲੰਡਨ, ਨਿਊਯਾਰਕ ਅਤੇ ਸਿਡਨੀ ਵਰਗੇ ਸ਼ਹਿਰਾਂ ਵਿੱਚ ਜਾ ਕੇ ਜਸ਼ਨ ਮਨਾਉਣ ਦੀ ਚੋਣ ਕੀਤੀ। ਇਹ ਸਾਰਾ ਖਰਚਾ ਦੇਸ਼ ਦੀ ਆਰਥਿਕਤਾ ਦਾ ਇੱਕ ਅਹਿਮ ਪਹਿਲੂ ਪੇਸ਼ ਕਰਦਾ ਹੈ। ਸਰਕਾਰਾਂ ਅਤੇ ਵਪਾਰਾਂ ਲਈ ਇਹ ਅੰਕੜੇ ਮਹੱਤਵਪੂਰਨ ਹੁੰਦੇ ਹਨ। 

ਅੰਤ ਵਿੱਚ ਜੋ ਬਾਕੀ ਰਹਿ ਜਾਂਦਾ ਹੈ, ਉਹ ਹੈ ਯਾਦਾਂ। ਬਹੁਤ ਸਾਰੇ ਲੋਕ ਅੱਜ ਵੀ ਉਹਨਾਂ ਪੁਰਾਣੇ ਨਵੇਂ ਸਾਲਾਂ ਬਾਰੇ ਸੋਚਦੇ ਹਨ—ਜਿਹੜੇ ਬਿਨਾਂ ਕਿਸੇ ਬੁਕਿੰਗ ਜਾਂ ਐਪਸ ਦੇ ਹੁੰਦੇ ਸਨ। ਉਹ ਦਿਨ ਜੋ ਘਰਾਂ ਵਿੱਚ ਆਪਣੇ ਪਰਿਵਾਰ ਦੇ ਵਿਚਕਾਰ ਗੁਜ਼ਰਦੇ ਸਨ। ਜਦੋਂ ਭਾਰਤ ਨੇ ਇੱਕ ਹੋਰ ਸਾਲ ਵਿੱਚ ਕਦਮ ਰੱਖਿਆ ਹੈ, ਇਹ ਕਈ ਤਰੀਕਿਆਂ ਨਾਲ ਜਸ਼ਨ ਮਨਾ ਰਿਹਾ ਹੈ, ਪਰ ਦੇਸ਼ ਆਧੁਨਿਕਤਾ ਅਤੇ ਤਕਨਾਲੋਜੀ ਨੂੰ ਅਪਣਾਉਂਦੇ ਹੋਏ, ਆਪਣੇ ਪੁਰਾਣੇ ਰੰਗਾਂ ਅਤੇ ਯਾਦਾਂ ਨੂੰ ਵੀ ਨਾਲ ਲੈ ਕੇ ਚੱਲਦਾ ਹੈ।

Comments

Leave A Comment

Required fields are marked (*).

Related

Talk to us?