ADVERTISEMENTs

25- ਸੇਵਾ ਦੇ ਪੁੰਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਜੋਤੀ-ਜੋਤਿ ਪੁਰਬ

ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਭਤੀਜੇ ਦੀ ਸੁਪਤਨੀ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਪਾਸੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ।

ਧੰਨ-ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ / Courtesy photo

ਸੇਵਾ ਤੇ ਦਇਆ ਭਾਵਨਾ ਦੇ ਪੁੰਜ ਧੰਨ-ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਜੋਤੀ ਜੋਤਿ ਪੁਰਬ 7 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। ਆਓ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਜੀਵਨ-ਦਰਸ਼ਨ ਬਾਰੇ ਜਾਣੀਏ:-
 
ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬਾਸਰਕੇ ਗਿੱਲਾਂ ਵਿਖੇ ਪਿਤਾ ਭਾਈ ਤੇਜ ਭਾਨ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਗ੍ਰਹਿ ਵੈਸਾਖ ਸੁਦੀ 14 ਸੰਮਤ 1536 ਬਿ. ਮੁਤਾਬਿਕ ਸੰਨ 1479 ਈ. ਨੂੰ ਹੋਇਆ। ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਭਤੀਜੇ ਦੀ ਸੁਪਤਨੀ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਪਾਸੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ। ਬਾਣੀ ਸੁਣਨ ਤੋਂ ਬਾਅਦ ਆਪ ਗੁਰਮਤਿ ਦੇ ਪਾਂਧੀ ਬਣ ਗਏ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆ ਗਏ। ਗੁਰਮਤਿ ਜੀਵਨ ਜਾਚ ਨੂੰ ਆਪ ਜੀ ਨੇ ਨਿਮਰਤਾ ਅਤੇ ਸੇਵਾ ਭਾਵਨਾ ਨਾਲ ਅਜਿਹਾ ਨਿਭਾਇਆ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਪ ਜੀ ਨੂੰ ਚੇਤ ਸੁਦੀ 1 ਸੰਮਤ 1609 ਬਿਕਰਮੀ ਨੂੰ ਗੁਰਿਆਈ ਦੀ ਬਖਸ਼ਿਸ਼ ਕੀਤੀ। 

ਆਪ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹੁਕਮ ਅਨੁਸਾਰ ਨਗਰ ਸ੍ਰੀ ਗੋਇੰਦਵਾਲ ਸਾਹਿਬ ਦੀ ਸਥਾਪਨਾ ਕੀਤੀ। ਗੁਰਿਆਈ ਸੰਭਾਲਣ ਤੋਂ ਪਿੱਛੋਂ ਤੀਜੇ ਪਾਤਸ਼ਾਹ ਪਰਿਵਾਰ ਸਮੇਤ ਇੱਥੇ ਆ ਕੇ ਵਸ ਗਏ। ਸ੍ਰੀ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਥਾਪਦੇ ਹੋਏ ਇੱਥੇ ਬਾਉਲੀ ਸਾਹਿਬ ਦੀ ਖੁਦਵਾਈ ਕਰਵਾਈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਨੂੰ ਅੱਗੇ ਤੋਰਦਿਆਂ ਸਮਾਜ ਵਿੱਚ ਊਚ ਨੀਚ ਦਾ ਭੇਦ ਭਾਵ ਮਿਟਾਉਂਦੇ ਹੋਏ ਆਪ ਜੀ ਨੇ ਸੰਗਤ- ਪੰਗਤ ਦੀ ਸ਼ੁਰੂਆਤ ਕੀਤੀ। ਦਿੱਲੀ ਦਾ ਬਾਦਸ਼ਾਹ ਅਕਬਰ ਜਦੋਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਗੁਰੂ ਸਾਹਿਬ ਜੀ ਦੇ ਦਰਸ਼ਨ ਲਈ ਆਇਆ ਤਾਂ ਉਸਨੇ ਵੀ ਪੰਗਤ ਵਿੱਚ ਬੈਠ ਕੇ ਹੀ ਪ੍ਰਸ਼ਾਦਾ ਛਕਿਆ ਸੀ। ਆਪ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਹੋਇਆ ਜੋ ਬਾਅਦ ਵਿੱਚ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਸਰੂਪ ਵਿੱਚ ਚੌਥੇ ਗੁਰੂ ਬਣੇ। 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 18 ਰਾਗਾਂ ਅੰਦਰ ਆਪ ਜੀ ਦੀ ਪਾਵਨ ਬਾਣੀ ਸੁਸ਼ੋਭਿਤ ਹੈ। ਆਪ ਜੀ ਦੀ ਬਾਣੀ ਵਿੱਚੋਂ ਰਾਮਕਲੀ ਰਾਗ ਵਿੱਚ ਸ੍ਰੀ ਅਨੰਦ ਸਾਹਿਬ ਜੀ ਸਿੱਖਾਂ ਦੇ ਨਿਤਨੇਮ ਅਤੇ ਨਿਤਾਪ੍ਰਤੀ ਦੇ ਦਾ ਕਾਰਜਾਂ ਦਾ ਹਿੱਸਾ ਹੈ। 

ਸਿੱਖੀ ਦੇ ਪ੍ਰਚਾਰ ਲਈ ਆਪ ਜੀ ਨੇ ਵੱਖ-ਵੱਖ ਇਲਾਕਿਆਂ ਵਿੱਚ 22 ਮੰਜੀਆਂ ਭਾਵ ਪ੍ਰਚਾਰ ਕੇਂਦਰ ਸਥਾਪਿਤ ਕੀਤੇ। ਇਨ੍ਹਾਂ ਮੰਜੀਆਂ ਦੇ ਅਧੀਨ ਹੀ ਪ੍ਰਚਾਰ ਦੇ 52 ਉਪ ਕੇਂਦਰ ਵੀ ਬਣਾਏ। ਗੁਰੂ ਸਾਹਿਬ ਜੀ ਨੇ ਸਮਾਜ ਵਿੱਚ ਪ੍ਰਚਲਿਤ ਸਤੀ ਪ੍ਰਥਾ ਅਤੇ ਪਰਦਾ ਪ੍ਰਥਾ ਦਾ ਵੀ ਖੰਡਨ ਕੀਤਾ ਤੇ ਸਮਾਜ ਵਿੱਚ ਔਰਤ ਦੇ ਰੁਤਬੇ ਨੂੰ ਚੁੱਕਾ ਚੁਕਿਆ। ਆਪਣੇ ਜੀਵਨ ਅਤੇ ਬਾਣੀ, ਦੋਹਾਂ ਰੂਪਾਂ ਰਾਹੀਂ ਗੁਰੂ ਜੀ ਨੇ ਮਨੁੱਖ ਨੂੰ ਅਧਿਆਤਮਿਕ ਮੰਜਿਲ ਦੀ ਪ੍ਰਾਪਤੀ ਅਤੇ ਸੰਤੁਲਿਤ ਸਮਾਜਿਕ ਜੀਵਨ ਦੇ ਰਾਹ ਉੱਤੇ ਤੋਰਨ ਦਾ ਉਪਰਾਲਾ ਕੀਤਾ। 

ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸਿਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਦੇ ਹੋਏ ਸ੍ਰੀ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਪ੍ਰਦਾਨ ਕਰਕੇ ਭਾਦੋਂ ਸੁਦੀ 15 ਸੰਮਤ 1631 ਬਿ. ਮੁਤਾਬਿਕ 1574 ਈ. ਵਿੱਚ ਸ੍ਰੀ ਗੋਇੰਦਵਾਲ ਵਿਖੇ ਜੋਤੀ-ਜੋਤਿ ਸਮਾ ਗਏ।

Comments

Related