ADVERTISEMENT

ADVERTISEMENT

੨੫ ਜੇਠ ਗੁਰਿਆਈ ਦਿਵਸ ’ਤੇ ਵਿਸ਼ੇਸ਼, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

ਸੰਤ ਅਤੇ ਸਿਪਾਹੀ ਦੇ ਸਰਵੋਤਮ ਸਰੂਪ ਦੇ ਪ੍ਰਤੀਕ ਛੇਵੇਂ ਪਾਤਸ਼ਾਹ,ਜਿਨ੍ਹਾਂ ਨੇ ਸਿੱਖਾਂ ਨੂੰ ਜ਼ੁਲਮ ਵਿਰੁੱਧ ਡਟਣ ਦਾ ਬਲ ਬਖ਼ਸ਼ਿਆ

 ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ / ਫੋਟੋ ਕ੍ਰੈਡਿਟ

‘ਮੀਰੀ ਅਤੇ ਪੀਰੀ’ ਦਾ ਸਿਧਾਂਤ, ‘ਸੰਤ’ ਅਤੇ ‘ਸਿਪਾਹੀ’ ਦੇ ਮਹਾਨ ਗੁਣਾਂ ਨਾਲ ਲਬਰੇਜ਼ ਸੰਕਲਪ ਨੂੰ ਸਿੱਖ ਕੌਮ ਦੀ ਝੋਲੀ ਪਾਉਣ ਵਾਲੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਹ ਇੱਕ ਮਹਾਨ ਅਤੇ ਅਮੁੱਲ ਦੇਣ ਹੈ ਜਿਸ ਵਰਗੀ ਦੁਨੀਆ ਵਿੱਚ ਕੋਈ ਹੋਰ ਮਿਸਾਲ ਨਹੀਂ ਲੱਭਦੀ। ‘ਮੀਰੀ ਅਤੇ ਪੀਰੀ’ ਦੇ ਸਿਧਾਂਤ ਨੂੰ ਸਿੱਖਾਂ ਦੇ ਮਨ ਮਸਤਕ ਵਿੱਚ ਲਾਗੂ ਕਰਕੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਕੌਮ ਨੂੰ ਇੱਕੋ ਫਲਸਫੇ ਰਾਹੀਂ ਕਈ ਗੁਣ ਬਖਸ਼ ਦਿੱਤੇ। ਇਤਿਹਾਸ ਵਿੱਚ ‘ਮੀਰ’ ਦੀ ਤਲਵਾਰ ਜ਼ਰ, ਜ਼ੋਰੂ ਤੇ ਜ਼ਮੀਨ ਲਈ ਉੱਠਦੀ ਸੀ ਅਤੇ ‘ਪੀਰ’ ਦੀ ਤਲਵਾਰ ਦੂਜਿਆਂ ਦੇ ਧਰਮ ਨੂੰ ਮਾਰ ਮਕਾਉਣ ਲਈ ਵਰਤੀ ਜਾਂਦੀ ਰਹੀ, ਪਰ ਗੁਰੂ ਸਾਹਿਬ ਨੇ ਇਤਿਹਾਸ ਵਿੱਚ ਪਹਿਲੀ ਵਾਰ ਤਲਵਾਰ ਦੀ ਮਾਰੂ ਸ਼ਕਤੀ ਨੂੰ ਉਸਾਰੂ ਸ਼ਕਤੀ ਵਿੱਚ ਤਬਦੀਲ ਕੀਤਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਜੀਵਨ ਕਾਲ ਵਿੱਚ ਚਾਰ ਜੰਗਾਂ ਲੜੀਆਂ ਅਤੇ ਚੌਹਾਂ ਜੰਗਾਂ ਦੇ ਜਰਨੈਲਾਂ ਨੂੰ ਆਪਣੇ ਹੱਥੀਂ ਮੌਤ ਦੇ ਘਾਟ ਉਤਾਰਿਆ। ਆਪ ਰੋਜ਼ਾਨਾ ਦੇ ਜੀਵਨ ਵਿੱਚ ਉਨਾਂ ਗੁਣਾਂ ਤੇ ਅਮਲ ਕਰਨ ਦੇ ਹੱਕ ਵਿੱਚ ਸਨ, ਜਿਹੜੇ ਹਰ ਥਾਂ ਰੱਬ ਦੀ ਸਰਵ-ਵਿਆਪਕਤਾ ਦੀ ਭਾਵਨਾ ਵਿੱਚੋਂ ਪੈਦਾ ਹੋਏ ਸਨ। ਐਸੇ ਦੀਨ ਦਿਆਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਸਮੇਂ ਦੀ ਸਿੱਖ ਕੌਮ ਦੇ ਇਤਿਹਾਸ ਦੇ ਨਾਲ ਨਾਲ ਦੇਸ਼ ਅਤੇ ਵਿਸ਼ਵ ਇਤਿਹਾਸ ਵਿੱਚ ਵੀ ਇੱਕ ਵੱਡੀ ਮਹੱਤਤਾ ਬਣਦੀ ਹੈ।


ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹਾੜ ਵਦੀ 7, 21 ਹਾੜ ਸੰਮਤ 1652 ਬਿਕ੍ਰਮੀ ਮੁਤਾਬਿਕ 19 ਜੂਨ 1595 ਈ: ਨੂੰ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ, ਪਿੰਡ ਵਡਾਲੀ, ਜ਼ਿਲਾ ਅੰਮਿ੍ਰਤਸਰ ਵਿਖੇ ਹੋਇਆ ਅਤੇ ਇਸੇ ਕਰਕੇ ਉਸ ਨਗਰ ਨੂੰ ਹੁਣ ਤੱਕ ਵੀ ‘ਗੁਰੂ ਕੀ ਵਡਾਲੀ’ ਕਿਹਾ ਜਾਂਦਾ ਹੈ। ਸੰਸਾਰ ਵਿਚ ਹਮੇਸ਼ਾ ਤੋਂ ਦੋ ਗੁਣਾਂ ਦੀ ਮਹਿਮਾ ਹੁੰਦੀ ਆਈ ਹੈ- ‘ਸਿਮਰਨ’ ਅਤੇ ‘ਸਿਆਸੀ ਤਾਕਤ’। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਣ ਨੂੰ ਸਿਖਰ ਉੱਤੇ ਪੁਚਾ ਦਿੱਤਾ ਸੀ। ਤੱਤੀ ਤਵੀ ’ਤੇ ਬਹਿ ਕੇ ਵੀ ਸ਼ਾਂਤ ਰਹਿਣਾ, ਇਹ ਸਿਮਰਨ ਦਾ ਅਲੌਕਿਕ ਸਿਖਰ ਸੀ। ਪਹਿਲੇ ਗੁਣ ਦੇ ਕਾਰਨ ਗੁਰੂ ਸਾਹਿਬਾਨ ਦਾ ਬਹੁਤ ਸਤਿਕਾਰ ਸੀ ਅਤੇ ਦੂਜੀ ਸ਼ਕਤੀ ਦੇ ਕਾਰਨ ਆਮ ਜਨਤਾ ਮੁਗਲਾਂ ਦੀ ਸਰਕਾਰ ਅੱਗੇ ਝੁਕਦੀ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਚਾਹੁੰਦੇ ਸਨ ਕਿ ਲੋਕੀਂ ਅਤੇ ਖਾਸਕਰ ਸਿੱਖ ਅਕਾਰਣ ਹੀ ਝੁਕਣ ਵਾਲਾ ਸੁਭਾਅ ਬਦਲਣ। ਇਸ ਵਾਸਤੇ ਉਨਾਂ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਬਾਲਕ ਉਮਰੇ ਹੀ ਧਾਰਮਿਕ ਵਿੱਦਿਆ ਦੇ ਨਾਲ-ਨਾਲ ਸ਼ਸਤਰ ਵਿੱਦਿਆ ਦਾ ਅਭਿਆਸ ਵੀ ਕਰਨ ਲਈ ਕਿਹਾ।


ਸੰਨ 1603 ਵਿੱਚ (ਗੁਰੂ) ਹਰਗੋਬਿੰਦ ਸਾਹਿਬ ਜੀ ਦੀ ਵਿੱਦਿਆ ਅਤੇ ਸ਼ਸਤਰਾਂ ਦੀ ਸਿਖਲਾਈ ਲਈ ਬਾਬਾ ਬੱੁਢਾ ਜੀ ਨੂੰ ਜ਼ਿੰਮੇਵਾਰੀ ਸੌਂਪੀ ਗਈ। ਸ਼ਸਤਰ ਵਿੱਦਿਆ ਦਾ ਆਪ ਜੀ ਨੂੰ ਬਹੁਤ ਸ਼ੌਂਕ ਸੀ ਅਤੇ ਜਲਦੀ ਹੀ ਨਿਪੁੰਨ ਹੋ ਗਏ। ਬਾਬਾ ਬੁੱਢਾ ਜੀ ਆਪ ਨੂੰ ਦੇਖ ਕੇ ‘ਮਹਾਂਬਲੀ ਯੋਧਾ’ ਹੋਣ ਦਾ ਆਖ ਦੇਂਦੇ ਸਨ। ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਵਿਆਹ ਡੱਲਾ ਨਿਵਾਸੀ ਸ੍ਰੀ ਨਰਾਇਣ ਦਾਸ ਦੀ ਸਪੁੱਤਰੀ ਮਾਤਾ ਦਮੋਦਰੀ ਜੀ ਨਾਲ ਸੰਮਤ 1661 (ਸੰਨ 1604) ਵਿੱਚ ਹੋਇਆ। ਆਪ ਜੀ ਦੇ ਘਰ ਪੰਜ ਪੁੱਤਰਾਂ- ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਣੀ ਰਾਇ ਜੀ, ਬਾਬਾ ਅਟੱਲ ਰਾਇ ਜੀ, ਬਾਬਾ ਤੇਗ ਮੱਲ ਜੀ (ਗੁਰੂ ਤੇਗ ਬਹਾਦਰ ਜੀ) ਅਤੇ ਇੱਕ ਪੁੱਤਰੀ ਬੀਬੀ ਵੀਰੋ ਜੀ ਨੇ ਜਨਮ ਲਿਆ। ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ, ਗੁਰੂ ਸਾਹਿਬ ਜੀ ਦੇ ਲਾਡਲੇ ਫ਼ਰਜ਼ੰਦ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗਿਆਰਾਂ ਵਰੇ ਦੀ ਉਮਰ ਵਿੱਚ ਗੁਰਿਆਈ ਦੀ ਮਹਾਨ ਜ਼ਿੰਮੇਵਾਰੀ ਸੰਭਾਲੀ ਅਤੇ ਆਉਣ ਵਾਲੇ ਸਮੇਂ ਸਿੱਖ ਇਤਿਹਾਸ ਵਿੱਚ ਨਵਾਂ ਅਧਿਆਇ ਜੋੜ ਦਿੱਤਾ।


ਗਵਾਲੀਅਰ ਦੇ ਕਿਲੇ ’ਚੋਂ ਰਿਹਾਅ ਹੋਣ ਅਤੇ ਜਹਾਂਗੀਰ ਵੱਲੋਂ ਨਜ਼ਰਬੰਦ ਕੀਤੇ ਗਏ 52 ਪਹਾੜੀ ਰਾਜਿਆਂ ਦੀ ਰਿਹਾਈ ਕਰਵਾਉਣ ਉਪਰੰਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਸਾਹਿਬ ਅੰਮਿ੍ਰਤਸਰ ਪਹੁੰਚਣ ਵਾਲੇ ਦਿਨ ਨੂੰ ਸਮੂਹ ਸੰਗਤਾਂ ‘ਬੰਦੀ ਛੋੜ ਦਿਵਸ’ ਵਜੋਂ ਮਨਾਉਂਦੀਆਂ ਹਨ। ਗੁਰੂ ਸਾਹਿਬ ਸਾਰੇ ਧਰਮਾਂ ਨਾਲ ਪ੍ਰੇਮ ਅਤੇ ਸਦਭਾਵਨਾ ਨਾਲ ਰਹਿਣ ਦਾ ਉਪਦੇਸ਼ ਦਿੰਦੇ ਸਨ। ਉਨਾਂ ਸ੍ਰੀ ਹਰਗੋਬਿੰਦਪੁਰ ਅਤੇ ਕਰਤਾਰਪੁਰ ਨਾਂਅ ਦੇ ਦੋ ਨਗਰ ਵਸਾਏ। ਵਿਲੱਖਣ ਗੱਲ ਇਹ ਹੈ ਕਿ ਸ੍ਰੀ ਹਰਗੋਬਿੰਦਪੁਰ ਵਿੱਚ ਉਨਾਂ ਨੇ ਉੱਥੇ ਰਹਿੰਦੇ ਮੁਸਲਮਾਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਉਨਾਂ ਲਈ ਇੱਕ ਸੁੰਦਰ ਮਸਜਿਦ ਬਣਵਾਈ, ਜਿਸ ਨੂੰ ‘ਗੁਰੂ ਦੀ ਮਸੀਤ’ ਕਹਿ ਕੇ ਯਾਦ ਕੀਤਾ ਜਾਂਦਾ ਹੈ।


ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੰਗੀਤ ਦੇ ਵੀ ਮਹਾਨ ਕਦਰਦਾਨ ਸਨ। ਸ੍ਰੀ ਹਰਿਮੰਦਰ ਸਾਹਿਬ ਵਿੱਚ ਜਿੱਥੇ ਰੂਹਾਨੀ ਕੀਰਤਨ ਹੁੰਦਾ ਹੈ, ਉੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੂਰਮਿਆਂ ਵਿੱਚ ਜੋਸ਼ ਭਰਨ ਲਈ ਢਾਡੀਆਂ ਵੱਲੋਂ ਢੱਡ ਸਾਰੰਗੀ ਨਾਲ ਵਾਰਾਂ ਗਾਉਣ ਦੀ ਪ੍ਰੰਪਰਾ ਸ਼ੁਰੂ ਕੀਤੀ। ਇਸੇ ਲਈ ਉਨਾਂ ਨੂੰ ਢਾਡੀ ਕਲਾ ਦਾ ਬਾਨੀ ਮੰਨਿਆ ਜਾਂਦਾ ਹੈ। ਕੁਝ ਵਿਦਵਾਨਾਂ ਅਨੁਸਾਰ ਗੁਰੂ ਸਾਹਿਬ ਨੇ ਤਾਉਸ ਨਾਂਅ ਦਾ ਇੱਕ ਵਿਲੱਖਣ ਸਾਜ਼ ਵੀ ਈਜਾਦ ਕਰਵਾਇਆ। ਇਤਿਹਾਸਕਾਰਾਂ ਮੁਤਾਬਕ ਜੰਗਾਂ ਤੋਂ ਬਾਅਦ ਗੁਰੂ ਸਾਹਿਬ ਅਤੇ ਜਹਾਂਗੀਰ ਦੇ ਸਬੰਧ ਮਿੱਤਰਤਾਪੂਰਨ ਹੋ ਗਏ ਸਨ। ਉਹ ਕੁਝ ਸਮਾਂ ਜਹਾਂਗੀਰ ਦੇ ਸੱਦੇ ’ਤੇ ਆਗਰਾ ਵਿੱਚ ਉਨਾਂ ਦੇ ਮਹਿਮਾਨ ਵਜੋਂ ਵੀ ਰਹੇ। ਸਿੱਖ ਸੰਗਤ ਗੁਰੂ ਸਾਹਿਬ ਨੂੰ ‘ਸੱਚੇ ਪਾਤਸ਼ਾਹ’ ਕਹਿ ਕੇ ਸਤਿਕਾਰ ਭੇਟ ਕਰਦੀਆਂ ਸਨ।


ਆਪਣੇ ਸਮੁੱਚੇ ਜੀਵਨ ਦੌਰਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਅਹਿਮ ਯੋਗਦਾਨ ਪਾਇਆ ਅਤੇ ਨਾਲ ਦੀ ਨਾਲ ਸ਼ਸਤਰ ਕਲਾ ਜ਼ਰੀਏ ਸੰਗਤ ਨੂੰ ਜ਼ੁਲਮ ਦਾ ਵੀ ਟਾਕਰਾ ਕਰਨ ਦੀ ਤਾਕਤ ਅਤੇ ਮੁਹਾਰਤ ਬਖਸ਼ੀ ਜੋ ਓਸ ਵੇਲੇ ਦੀ ਮੁੱਖ ਲੋੜ ਬਣ ਚੁੱਕੀ ਸੀ। ਜਿੱਥੇ ਛੇਵੇਂ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ਦੀ ‘ਸੰਤ ਬਲ’ ਅਤੇ ‘ਰਾਜ ਬਲ’ ਨਾਲ ਸਾਂਝ ਪੁਆਈ, ਉੱਥੇ ਹੀ ਸੰਤਾਂ ਨੂੰ ‘ਸਿਪਾਹੀ ਵਾਲਾ’ ਅਤੇ ਇੱਕ ‘ਯੋਧੇ ਵਾਲਾ’ ਮੁਹਾਂਦਰਾ ਵੀ ਬਖ਼ਸ਼ਿਸ਼ ਕੀਤਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਜੀਵਨ ਧਾਰਾ ਮਨੁੱਖ ਨੂੰ ਜਿੱਥੇ ਜ਼ੁਲਮ ਅਤੇ ਅਨਿਆਂ ਵਿਰੁੱਧ ਲੜਨ ਦਾ ਬਲ ਪ੍ਰਦਾਨ ਕਰਦੀ ਹੈ, ਉੱਥੇ ਭਗਤੀ ਅਤੇ ਸ਼ਕਤੀ ਦੇ ਅਰਥਾਂ ਨੂੰ ਵਿਹਾਰਕਤਾ ਨਾਲ ਜੋੜਨ ਦੀ ਪ੍ਰੇਰਣਾ ਵੀ ਦਿੰਦੀ ਹੈ।

 

Comments

Related