ADVERTISEMENT

ADVERTISEMENT

ਅਨੋਖੇ ਅਮਰ ਸ਼ਹੀਦ- ਬਾਬਾ ਦੀਪ ਸਿੰਘ ਜੀ

ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦਾ ਆਪਣੇ ਹੱਥਾਂ ਨਾਲ ਉਤਾਰਾ ਕਰ ਕੇ ਇਨ੍ਹਾਂ ਨੂੰ ਵੱਖ-ਵੱਖ ਥਾਵਾਂ ’ਤੇ ਭੇਜਿਆ ਤਾਂ ਕਿ ਸੰਗਤ ਗੁਰਬਾਣੀ ਨੂੰ ਵੱਧ ਤੋਂ ਵੱਧ ਪੜ੍ਹ ਸਕੇ ਅਤੇ ਉਸ ਅਨੁਸਾਰ ਆਪਣਾ ਜੀਵਨ ਬਤੀਤ ਕਰ ਸਕੇ

ਪ੍ਰਤੀਕ ਤਸਵੀਰ / Courtesy Photo

ਬਾਬਾ ਦੀਪ ਸਿੰਘ ਜੀ ਸਿੱਖ ਇਤਿਹਾਸ ਦੇ ਇੱਕ ਮਹਾਨ ਸ਼ਹੀਦ ਅਤੇ ਬ੍ਰਹਮ ਗਿਆਨੀ ਸਨ।ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਨੇ ਸਿੱਖ ਕੌਮ ਲਈ ਅਨੋਖੀ ਕੁਰਬਾਨੀ ਦੀ ਮਿਸਾਲ ਪੇਸ਼ ਕੀਤੀ। ਉਨ੍ਹਾਂ ਨੂੰ ਅੱਜ ਵੀ ਸਿੱਖੀ ਸਿਧਾਂਤਾਂ ਅਤੇ ਧਰਮ ਦੀ ਰਾਖੀ ਲਈ ਸਿਰ ਤਲੀ 'ਤੇ ਰੱਖ ਕੇ ਲੜਨ ਵਾਲੇ ਯੋਧੇ ਵਜੋਂ ਯਾਦ ਕੀਤਾ ਜਾਂਦਾ ਹੈ।

 

ਉਨ੍ਹਾਂ ਦਾ ਜੀਵਨ ਗੁਰਬਾਣੀ ਦੇ ਆਦਰਸ਼ਾਂ, ਬਹਾਦਰੀ ਅਤੇ ਧਰਮ ਪ੍ਰਤੀ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਸੀ। ਜਦੋਂ ਸਿੱਖਾਂ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਅਤੇ ਮਰਿਆਦਾ ਦੀ ਗੱਲ ਆਈ ਤਾਂ ਬਾਬਾ ਦੀਪ ਸਿੰਘ ਜੀ ਆਪਣੇ ਸੱਤਰਵਿਆਂ ਦੇ ਦਹਾਕੇ ਵਾਲੇ ਉਮਰ ਵਰਗ ਵਿੱਚ ਵੀ ਅਡੋਲ ਇਰਾਦੇ ਨਾਲ ਉੱਠੇ ਅਤੇ ਗੁਰੂ ਘਰ ਦੇ ਸਨਮਾਨ ਦੀ ਰੱਖਿਆ ਲਈ ਸਾਥੀ ਸਿੰਘਾਂ ਦੀ ਅਗਵਾਈ ਕੀਤੀ ਅਤੇ ਉਨ੍ਹਾਂ ਦੀ ਕੁਰਬਾਨੀ ਨਾ ਸਿਰਫ਼ ਜੰਗੀ ਬਹਾਦਰੀ ਦੀ ਕਹਾਣੀ ਹੈ ਬਲਕਿ ਦ੍ਰਿੜ ਵਿਸ਼ਵਾਸ ਦਾ ਵੀ ਇੱਕ ਮਿਸਾਲੀ ਸੰਦੇਸ਼ ਹੈ।

 

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਨੂੰ ਤਰਨ ਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਪਹੁਵਿੰਡ ਵਿਖੇ ਮਾਤਾ ਜਿਊਣੀ ਜੀ ਅਤੇ ਪਿਤਾ ਭਗਤਾ ਜੀ ਦੇ ਘਰ ਹੋਇਆ। ਸੰਨ 1699 ’ਚ ਜਦੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਾਰੀ ਸਿੱਖ ਸੰਗਤ ਨੂੰ ਹੁੰਮ-ਹੁੰਮਾ ਕੇ ਆਉਣ ਲਈ ਆਖਿਆ ਸੀ ਤਾਂ ਉਸ ਸਮੇਂ ਬਾਬਾ ਦੀਪ ਸਿੰਘ ਜੀ ਆਪਣੇ ਮਾਤਾ-ਪਿਤਾ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਆਏ ਸਨ। ਉਦੋਂ ਹੀ ਬਾਬਾ ਦੀਪ ਸਿੰਘ ਅੰਮ੍ਰਿਤ ਦੀ ਦਾਤ ਹਾਸਲ ਕਰ ਕੇ ‘ਦੀਪ ਸਿੰਘ’ ਬਣ ਗਏ। ਕਾਫ਼ੀ ਸਮਾਂ ਆਪ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਰਹੇ। ਇਸ ਉਪਰੰਤ ਜਦੋਂ ਧੀਰਮੱਲੀਆਂ ਨੇ ਦਸਮੇਸ਼ ਪਿਤਾ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਦੇਣ ਤੋਂ ਮਨਾ ਕਰ ਦਿੱਤਾ ਤਾਂ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਜੀ ਅਤੇ ਬਾਬਾ ਦੀਪ ਸਿੰਘ ਜੀ ਨੂੰ ਸੇਵਾ ਸੌਂਪ ਕੇ ਬੀੜ ਤਿਆਰ ਕਰਵਾਈ ਸੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਲ ਕੀਤੀ। ਬਾਬਾ ਜੀ ਨੇ ਉਸ ਬੀੜ ਦਾ ਪਾਠ ਸਿੱਖਾਂ ਨੂੰ ਅਰਥਾਂ ਸਮੇਤ ਪੜ੍ਹਾਇਆ।

 

ਇਸ ਉਪਰੰਤ ਬਾਬਾ ਦੀਪ ਸਿੰਘ ਜੀ ਨੇ ਗੁਰੂ ਸਾਹਿਬਾਨ ਦੀ ਬਾਣੀ ਤੇ ਸ਼ਬਦਾਂ ਦੀ ਵਿਸਥਾਰ ਪੂਰਵਕ ਵਿਆਖਿਆ ਕੀਤੀ। ਆਪ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਕਰੀਬਨ ਦੋ ਸਾਲ ਸਮਾਂ ਗੁਜ਼ਾਰਿਆ। ਦੋ ਸਾਲ ਸ੍ਰੀ ਅਨੰਦਪੁਰ ਸਾਹਿਬ ਰਹਿ ਕੇ ਉਹ ਵਾਪਸ ਆਪਣੇ ਪਿੰਡ ਆ ਗਏ। ਜਦੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪੈ ਗਿਆ ਤਾਂ ਸਿੰਘਾਂ ਦੇ ਕਹਿਣ ‘ਤੇ ਗੁਰੂ ਸਾਹਿਬ ਨੇ ਕਿਲ੍ਹਾ ਖ਼ਾਲੀ ਕਰ ਦਿੱਤਾ। ਬਾਬਾ ਦੀਪ ਸਿੰਘ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਆਪ ਜੀ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਅਤੇ ਸ੍ਰੀ ਅਨੰਦਪੁਰ ਸਾਹਿਬ ’ਚ ਨਾਲ ਨਾ ਹੋਣ ‘ਤੇ ਖੇਦ ਜ਼ਾਹਰ ਕੀਤਾ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਜੀ ਨੂੰ ਗਲ ਨਾਲ ਲਾ ਲਿਆ ਅਤੇ ਕਿਹਾ , ‘ਆਪ ਦੇ ਹਿੱਸੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਅਜੇ ਬਾਕੀ ਹਨ, ਜੋ ਤੁਸੀਂ ਪੂਰੀਆਂ ਕਰਨੀਆਂ ਹਨ’। ਬਾਬਾ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨਾਲ ਬਹੁਤ ਸਮਾਂ ਗੁਜ਼ਾਰਿਆ ਅਤੇ ਇਸੇ ਦਰਮਿਆਨ ਆਪ ਜੀ ਨੇ ਗੁਰਮੁਖੀ ਪੜ੍ਹਨੀ ਤੇ ਲਿਖਣੀ ਸਿੱਖਣ ਦੇ ਨਾਲ-ਨਾਲ ਸਸ਼ਤਰ ਵਿੱਦਿਆ ਵੀ ਹਾਸਿਲ ਕੀਤੀ ਸੀ। ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦਾ ਆਪਣੇ ਹੱਥਾਂ ਨਾਲ ਉਤਾਰਾ ਕਰ ਕੇ ਇਨ੍ਹਾਂ ਨੂੰ ਵੱਖ-ਵੱਖ ਥਾਵਾਂ ’ਤੇ ਭੇਜਿਆ ਤਾਂ ਕਿ ਸੰਗਤ ਗੁਰਬਾਣੀ ਨੂੰ ਵੱਧ ਤੋਂ ਵੱਧ ਪੜ੍ਹ ਸਕੇ ਅਤੇ ਉਸ ਅਨੁਸਾਰ ਆਪਣਾ ਜੀਵਨ ਬਤੀਤ ਕਰ ਸਕੇ।

 

ਇਸ ਤੋਂ ਬਾਅਦ ਅਹਿਮ ਵਾਕਿਆਤ ਆਉਂਦਾ ਹੈ ਸੰਨ 1748 ਈਸਵੀ ਨੂੰ ਜਦੋਂ ਵਿਸਾਖੀ ਵਾਲੇ ਦਿਨ ਦਲ ਖ਼ਾਲਸਾ ਦੇ 65 ਜਥਿਆਂ ਨੂੰ 12 ਮਿਸਲਾਂ ’ਚ ਪੁਨਰਗਠਿਤ ਕੀਤਾ ਗਿਆ ਅਤੇ ਉਨ੍ਹਾਂ 12 ਮਿਸਲਾਂ ’ਚੋਂ ਬਾਬਾ ਦੀਪ ਸਿੰਘ ਜੀ ਨੂੰ ਸ਼ਹੀਦ ਮਿਸਲ ਦਾ ਮੁਖੀ ਥਾਪਿਆ ਗਿਆ। ਇਸ ਤੋਂ ਪਹਿਲਾਂ ਜਦੋਂ 1746 ਈਸਵੀ ’ਚ ਯਾਹੀਆ ਖਾਂ ਨੇ ਦੀਵਾਨ ਲੱਖਪਤ ਰਾਏ ਦੀ ਅਗਵਾਈ ’ਚ ਸਿੱਖਾਂ ਦਾ ਖ਼ਾਤਮਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਸੀ ਤਾਂ ਉਸ ਸਮੇਂ ਆਪਣੀ ਫ਼ੌਜੀ ਟੁਕੜੀ ਲੈ ਕੇ ਤਲਵੰਡੀ ਸਾਬੋ ਅਤੇ ਕਾਹਨੂੰਵਾਨ ਦੇ ਜੰਗਲਾਂ ’ਚ ਲੜਨ ਲਈ ਪਹੁੰਚੇ ਸਨ ਅਤੇ ਇਸ ਲੜਾਈ ਨੂੰ ‘ਛੋਟਾ ਘੱਲੂਘਾਰਾ’ ਕਿਹਾ ਜਾਂਦਾ ਹੈ। ਸੰਨ 1756 ਈਸਵੀ ’ਚ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਉੱਤੇ ਚੌਥਾ ਹਮਲਾ ਕਰ ਕੇ ਬਹੁਤ ਸਾਰੇ ਸ਼ਹਿਰਾਂ ਨੂੰ ਲੁੱਟਿਆ ਅਤੇ ਭਾਰਤੀ ਔਰਤਾਂ ਨੂੰ ਦਾਸੀ ਬਣਾ ਕੇ ਕਾਬਲ ਪਰਤ ਰਿਹਾ ਸੀ ਤਾਂ ਉਦੋਂ ਬਾਬਾ ਦੀਪ ਸਿੰਘ ਜੀ ਦੀ ਸ਼ਹੀਦ ਮਿਸਲ ਨੇ ਕੁਰੂਕਸ਼ੇਤਰ ਦੇ ਕੋਲ ਪਿਪਲੀ ਤੇ ਮਾਰਕੰਡੇ ਦੇ ਦਰਿਆ ਤੋਂ ਲਗਭਗ ਤਿੰਨ ਸੌ ਔਰਤਾਂ ਦੇ ਨਾਲ-ਨਾਲ ਜ਼ਾਲਮ ਧਾੜਵੀਆਂ ਕੋਲੋਂ ਬਹੁਤ ਸਾਰਾ ਕੀਮਤੀ ਸਾਮਾਨ ਵਾਪਸ ਹਾਸਲ ਕਰਨ ’ਚ ਸਫਲਤਾ ਹਾਸਲ ਕੀਤੀ।

 

ਇਸ ਹੱਲੇ ਤੋਂ ਅਹਿਮਦ ਸ਼ਾਹ ਅਬਦਾਲੀ ਨੇ ਕਾਫੀ ਝਟਕਾ ਮਹਿਸੂਸ ਕੀਤਾ ਅਤੇ ਇਸ ਦਾ ਬਦਲਾ ਲੈਣ ਲਈ ਉਸ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਲਾਹੌਰ ਦਾ ਗਵਰਨਰ ਨਿਯੁਕਤ ਕਰ ਕੇ ਸਿੱਖਾਂ ਨੂੰ ਖ਼ਤਮ ਕਰਨ ਲਈ ਗੁਰਦੁਆਰਿਆਂ ਨੂੰ ਢਾਹੁਣ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਇਸ ਬਾਰੇ ਪਤਾ ਲੱਗਣ ‘ਤੇ ਬਾਬਾ ਦੀਪ ਸਿੰਘ ਜੀ ਨੇ ਤੈਮੂਰ ਸ਼ਾਹ ਨਾਲ ਟੱਕਰ ਲੈਣ ਦਾ ਫ਼ੈਸਲਾ ਕੀਤਾ। ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਤੋਂ 500 ਸਿੰਘਾਂ ਦਾ ਜਥਾ ਲੈ ਕੇ ਅੰਮ੍ਰਿਤਸਰ ਵੱਲ ਤੁਰੇ ਅਤੇ ਓਥੇ ਤੱਕ ਆਉਂਦਿਆ ਇਹ ਜਥਾ ਪੰਜ ਹਜ਼ਾਰ ਸਿੰਘਾਂ ਦਾ ਹੋ ਗਿਆ ਸੀ। ਤਰਨਤਾਰਨ ਤੋਂ ਥੋੜ੍ਹੀ ਦੂਰ ਅੱਗੇ ਆ ਕੇ ਆਪਣੀ ਤਲਵਾਰ ਨਾਲ ਜ਼ਮੀਨ ’ਤੇ ਲਕੀਰ ਖਿੱਚੀ ਤੇ ਕਿਹਾ, ‘ਜਿਹੜੇ ਸਿੰਘ ਕੁਰਬਾਨੀਆਂ ਲਈ ਤਿਆਰ ਹਨ, ਉਹ ਇਸ ਲਕੀਰ ਨੂੰ ਪਾਰ ਕਰ ਕੇ ਮੇਰੇ ਵੱਲ ਆ ਜਾਣ ਅਤੇ ਜਿਨ੍ਹਾਂ ਨੇ ਘਰ ਜਾਣਾ ਹੈ, ਉਹ ਲਕੀਰ ਦੇ ਉਸ ਪਾਰ ਹੀ ਰਹਿਣ’। ਜਿਸ ਥਾਂ ‘ਤੇ ਉਨਾਂ ਨੇ ਇਹ ਬੋਲ ਉਚਾਰੇ ਸਨ ਉੱਥੇ ਹੁਣ ਗੁਰਦੁਆਰਾ ਲਕੀਰ ਸਾਹਿਬ ਸਥਾਪਿਤ ਹੈ। ਲਾਹੌਰ ਦਰਬਾਰ ’ਚ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਜਹਾਨ ਖਾਨ ਨੇ ਘਬਰਾ ਕੇ ਇਸ ਲੜਾਈ ਨੂੰ ‘ਇਸਲਾਮ ਖ਼ਤਰੇ ’ਚ ਹੈ’ ਕਹਿ ਕੇ ਵੀਹ ਹਜ਼ਾਰ ਫ਼ੌਜੀਆਂ ਨਾਲ ਅੰਮ੍ਰਿਤਸਰ ਵੱਲ ਕੂਚ ਕਰ ਲਿਆ।

 

ਦੂਜੇ ਬੰਨੇ, ਗੁਰੂ ਕੇ ਸਿੰਘ ਇਸ ਸਮੇਂ ਸ੍ਰੀ ਦਰਬਾਰ ਸਾਹਿਬ ਸਬੰਧੀ ਧਾੜਵੀਆਂ ਦੇ ਕਾਰੇ ਦਾ ਬਦਲਾ ਲੈਣ ਲਈ ਆਰ-ਪਾਰ ਦੀ ਲੜਾਈ ਲਈ ਤਿਆਰ ਸਨ। ਬਾਬਾ ਦੀਪ ਸਿੰਘ ਜੀ ਸਮੇਤ ਕਈ ਸਿੱਖ ਅਜਿਹੀ ਬਹਾਦਰੀ ਨਾਲ ਜੰਗ ਦੇ ਮੈਦਾਨ ’ਚ ਨਿੱਤਰੇ ਕਿ ਜਹਾਨ ਖਾਨ ਦੀ ਫ਼ੌਜ ’ਚ ਭਾਜੜ ਮਚ ਗਈ। ਦੂਜੇ ਪਾਸੇ ਜਹਾਨ ਖਾਨ ਦਾ ਨਾਇਬ ਫ਼ੌਜੀ ਜਮਾਲ ਸ਼ਾਹ ਅੱਗੇ ਵਧਿਆ ਅਤੇ ਬਾਬਾ ਦੀਪ ਸਿੰਘ ਜੀ ਨੂੰ ਲਲਕਾਰਨ ਲੱਗਿਆ। ਇਸ ਦੌਰਾਨ ਦੋਵਾਂ ’ਚ ਘਮਾਸਾਨ ਲੜਾਈ ਹੋਈ। ਉਸ ਸਮੇਂ ਬਾਬਾ ਦੀਪ ਸਿੰਘ ਜੀ ਦੀ ਜਮਾਲ ਸ਼ਾਹ ਦੀ ਉਮਰ 40 ਸਾਲ ਦੇ ਕਰੀਬ ਸੀ ਜੋ ਕਿ ਬਾਬਾ ਦੀਪ ਸਿੰਘ ਜੀ ਨਾਲੋਂ 35 ਸਾਲ ਛੋਟਾ ਹੋਣ ਕਰਕੇ ਇਸ ਭਰਮ ਵਿੱਚ ਸੀ ਕਿ ਓਹ ਆਪਣੀ ਫੁਰਤੀ ਨਾਲ ਜ਼ਿਆਦਾ ਵਾਰ ਕਰ ਸਕੇਗਾ। ਬਾਬਾ ਜੀ ਨੇ ਪੈਂਤੜਾ ਬਦਲ ਕੇ ਇੱਕ ਖੰਡੇ ਦਾ ਵਾਰ ਜਮਾਲ ਸ਼ਾਹ ਦੀ ਗਰਦਨ ਉੱਤੇ ਕੀਤਾ ਪਰ ਇਸੇ ਦੌਰਾਨ ਜਮਾਲ ਸ਼ਾਹ ਨੇ ਬਾਬਾ ਜੀ ਉੱਤੇ ਵੀ ਪੂਰੇ ਜੋਸ਼ ਨਾਲ ਤਲਵਾਰ ਦਾ ਵਾਰ ਕਰ ਦਿੱਤਾ ਸੀ, ਜਿਸ ਨਾਲ ਦੋਵੇਂ ਧਿਰਾਂ ਦੇ ਜਰਨੈਲਾਂ ਦੀਆਂ ਗਰਦਨਾਂ ਇੱਕੋ ਹੀ ਸਮੇਂ ਕੱਟ ਕੇ ਭੂਮੀ ਉੱਤੇ ਡਿੱਗ ਪਈਆਂ। ਉਦੋਂ ਕੋਲ ਖੜੇ ਬਾਬਾ ਦਿਆਲ ਸਿੰਘ ਜੀ ਨੇ ਬਾਬਾ ਜੀ ਨੂੰ ਉੱਚੀ ਆਵਾਜ਼ ’ਚ ਕਿਹਾ, ‘ਖ਼ਾਲਸਾ ਜੀ ਤੁਸੀਂ ਤਾਂ ਕਿਹਾ ਸੀ ਕਿ ਮੈਂ ਆਪਣਾ ਸਿਰ ਗੁਰੂ ਰਾਮਦਾਸ ਜੀ ਦੇ ਚਰਨਾਂ ’ਚ ਭੇਂਟ ਕਰਾਂਗਾ। ਤੁਸੀਂ ਤਾਂ ਇੱਥੇ ਰਸਤੇ ’ਚ ਸਰੀਰ ਤਿਆਗ ਰਹੇ ਹੋ?’ ਉਸੇ ਵੇਲੇ ਬਾਬਾ ਜੀ ਉੱਠ ਖੜ੍ਹੇ ਹੋਏ ਤੇ ਉਨ੍ਹਾਂ ਨੇ ਆਪਣਾ ਖੰਡਾ ਅਤੇ ਕੱਟਿਆ ਹੋਇਆ ਸਿਰ ਚੁੱਕ ਲਿਆ। ਦੁਸ਼ਮਣ ਦੀਆਂ ਫ਼ੌਜਾਂ ਨੇ ਬਾਬਾ ਜੀ ਨੂੰ ਸਿਰ ਹਥੇਲੀ ਉੱਤੇ ਧਰ ਕੇ ਰਣਭੂਮੀ ’ਚ ਜੂਝਦੇ ਹੋਏ ਵੇਖਿਆ ਤਾਂ ਇਸ ਦ੍ਰਿਸ਼ ਨੂੰ ਵੇਖ ਕੇ ਉਨਾਂ ਦੇ ਮੂੰਹ ਅੱਡੇ ਰਹਿ ਗਏ ਅਤੇ ਓਹ ਡਰ ਦੇ ਮਾਰੇ ਓਥੋਂ ਭੱਜਣ ਲੱਗੇ।

 

ਇਹ ਗਹਿਗੱਚ ਯੁਧ ‘ਚ ਸੈਂਕੜੇ ਹੀ ਸਿੱਖ ਯੋਧੇ ਸ਼ਹਾਦਤ ਦਾ ਜਾਮ ਪੀ ਗਏ ਪਰ ਬਾਬਾ ਦੀਪ ਸਿੰਘ ਜੀ ਨੇ ਆਪਣਾ ਹੌਸਲਾ ਨਾ ਛੱਡਿਆ। ਆਪਣੇ ਦੋਧਾਰੀ 18 ਸੇਰ ਦੇ ਖੰਡੇ ਨਾਲ ਦੁਸ਼ਮਣ ਫ਼ੌਜ ਨਾਲ ਲੜਦਿਆਂ ਬਾਬਾ ਦੀਪ ਸਿੰਘ ਜੀ ਅਖੀਰ ਸਚਖੰਡ ਸ੍ਰੀ ਦਰਬਾਰ ਸਾਹਿਬ ਪਹੁੰਚ ਗਏ ਅਤੇ ਪਰਿਕਰਮਾ ’ਚ ਜਾ ਕੇ ਗੁਰੂਘਰ ਨੂੰ ਨਮਸਕਾਰ ਕੀਤਾ ਅਤੇ 13 ਨਵੰਬਰ 1757 ਨੂੰ ਸ਼ਹੀਦੀ ਪ੍ਰਾਪਤ ਕੀਤੀ। ਸਿੱਖ ਪੰਥ ਨੂੰ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ’ਤੇ ਮਾਣ ਹੈ ਕਿ ਵਡੇਰੀ ਉਮਰ ‘ਚ ਬਾਬਾ ਦੀਪ ਸਿੰਘ ਜੀ ਨੇ ਗੁਰਧਾਮਾਂ ਦੀ ਹੋਈ ਬੇਅਦਬੀ ਦੀ ਰੱਖਿਆ ਲਈ ਸਿਰ ਤਲੀ ਧਰ ਕੇ ਜੂਝਦਿਆਂ ਸ਼ਹਾਦਤ ਪ੍ਰਾਪਤ ਕੀਤੀ ਜਿਸ ਦੀ ਅੱਜ ਵੀ ਅਤੇ ਰਹਿੰਦੀ ਦੁਨੀਆਂ ਤੱਕ ਸਿੱਖਾਂ ਵੱਲੋਂ ਮਿਸਾਲ ਦਿੱਤੀ ਜਾਵੇਗੀ।

 

ਇਸ ਤਰਾਂ, ਬਾਬਾ ਦੀਪ ਸਿੰਘ ਦੀ ਸ਼ਹਾਦਤ ਸਿੱਖ ਸਮੂਹਿਕ ਯਾਦ ਵਿੱਚ ਇੱਕ ਡੂੰਘਾ ਪ੍ਰਤੀਕਾਤਮਕ ਸਥਾਨ ਰੱਖਦੀ ਹੈ। ਉਨ੍ਹਾਂ ਦਾ ਜੀਵਨ ਦੁਨੀਆ ਭਰ ਦੇ ਸਿੱਖਾਂ ਨੂੰ ਆਪਣੇ ਵਿਸ਼ਵਾਸ ਵਿੱਚ ਦ੍ਰਿੜ ਰਹਿਣ, ਮਾਣ ਨਾਲ ਰਹਿਣ ਅਤੇ ਭਾਰੀ ਮੁਸ਼ਕਲਾਂ ਦੇ ਬਾਵਜੂਦ ਵੀ ਧਾਰਮਿਕਤਾ ਦੀ ਰੱਖਿਆ ਕਰਨ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ। ਅੱਜ, ਬੇਅੰਤ ਸੰਗਤਾਂ ਉਸ ਯਾਦਗਾਰ 'ਤੇ ਸ਼ਰਧਾ ਨਾਲ ਝੁਕਦੀਆਂ ਹਨ ਜੋ ਉਨ੍ਹਾਂ ਦੀ ਸਰਵਉੱਚ ਕੁਰਬਾਨੀ ਨੂੰ ਦਰਸਾਉਂਦੀ ਹੈ। ਉਨ੍ਹਾਂ ਦੀ ਯਾਦ ਸਿੱਖਾਂ ਅਤੇ ਉਨ੍ਹਾਂ ਸਾਰਿਆਂ ਨੂੰ ਪ੍ਰੇਰਿਤ ਕਰਦੀ ਹੈ ਜੋ ਉਨ੍ਹਾਂ ਦੀ ਬਹਾਦਰੀ ਦੀ ਗਾਥਾ ਸੁਣਦੇ ਹਨ ਅਤੇ ਇਹ ਭਾਵ ਪ੍ਰਾਪਤ ਕਰਦੇ ਹਨ ਕਿ ਉਹ ਵੀ ਨਿਆਂ ਨੂੰ ਕਾਇਮ ਰੱਖਣ ਅਤੇ ਸੱਚ ਅਤੇ ਧਾਰਮਿਕਤਾ ਲਈ ਅਟੱਲ ਖੜ੍ਹੇ ਰਹਿਣ। ਬਾਬਾ ਦੀਪ ਸਿੰਘ ਜੀ ਦੀ ਵਿਰਾਸਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਪਵਿੱਤਰ ਨਿਸ਼ਾਨੀਆਂ ਅਤੇ ਅਸਥਾਨਾਂ ਦੀ ਰੱਖਿਆ ਕਰਨ ਦੀ ਹਿੰਮਤ ਅਤੇ ਮੁਸ਼ਕਲਾਂ ਨੂੰ ਸਹਿਣ ਦੀ ਤਾਕਤ ਉਹ ਸਭ ਤੋਂ ਉੱਚੇ ਗੁਣ ਹਨ ਜੋ ਇੱਕ ਮਨੁੱਖੀ ਆਤਮਾ ਪ੍ਰਾਪਤ ਕਰ ਸਕਦੀ ਹੈ।

Comments

Related