ADVERTISEMENT

ADVERTISEMENT

ਦੂਜੀ ਪੀੜ੍ਹੀ ਦਾ ਸੰਘਰਸ਼: ਪੱਛਮੀ ਦੁਨੀਆ ’ਚ ਸੱਭਿਆਚਾਰਕ ਜੜ੍ਹਾਂ ਨਾਲ ਜੁੜੇ ਰਹਿਣਾ

'ਨਿਊ ਇੰਡੀਆ ਅਬਰੌਡ' ਨੇ ਕਈ "ਦੂਜੀ ਪੀੜ੍ਹੀ" ਦੇ ਭਾਰਤੀ-ਅਮਰੀਕੀਆਂ ਨਾਲ ਗੱਲ ਕੀਤੀ

Representative Image / Unsplash

ਅਮਰੀਕੀ ਧਰਤੀ 'ਤੇ ਜਨਮੇ ਤੇ ਵੱਡੇ ਹੋਏ ਭਾਰਤੀ ਪ੍ਰਵਾਸੀਆਂ ਦੇ ਬੱਚਿਆਂ ਲਈ, ਜ਼ਿੰਦਗੀ ਅਕਸਰ ਨਾ ਇੱਧਰ ਦੀ ਅਤੇ ਨਾ ਉੱਧਰ ਦੀ ਰਹਿੰਦੀ ਹੈ। ਅਮਰੀਕਾ ਵਿੱਚ ਪੈਦਾ ਹੋਈ "ਦੂਜੀ ਪੀੜ੍ਹੀ" ਦੇ ਭਾਰਤੀ-ਅਮਰੀਕੀ ਆਪਣੇ ਆਪ ਨੂੰ ਅਕਸਰ ਥਕਾ ਦੇਣ ਵਾਲੀ ਗੱਲਬਾਤ ਵਿੱਚ ਸ਼ਾਮਿਲ ਕਰ ਲੈਂਦੇ ਹਨ ਕਿ ਆਪਣੇ ਮਾਪਿਆਂ ਤੋਂ ਮਿਲੇ ਭਾਰਤੀ ਵਿਰਸੇ ਨੂੰ ਕੁਰਬਾਨ ਕੀਤੇ ਬਿਨਾਂ ਪੱਛਮੀ ਸੱਭਿਆਚਾਰ ਨੂੰ ਖੁੱਲ੍ਹੇ ਦਿਲ ਨਾਲ ਕਿਵੇਂ ਅਪਣਾਇਆ ਜਾਵੇ। ਅਸੀਂ ਕੁਝ “ਦੂਜੀ ਪੀੜ੍ਹੀ” ਦੇ ਭਾਰਤੀ ਅਮਰੀਕੀਆਂ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਗੱਲ ਕੀਤੀ।

ਸ਼ਾਇਦ ਇਹ ਟਕਰਾਅ ਕਿਸੇ ਹੋਰ ਖੇਤਰ ਨਾਲੋਂ ਰਿਸ਼ਤਿਆਂ ਅਤੇ ਵਿਆਹ ਦੇ ਖੇਤਰ ਵਿੱਚ ਵਧੇਰੇ ਮਹਿਸੂਸ ਕੀਤਾ ਜਾਂਦਾ ਹੈ। ਪ੍ਰਵਾਸੀ ਮਾਪਿਆਂ ਲਈ ਅਰੇਂਜ ਮੈਰਿਜ ਸਦੀਆਂ ਤੋਂ ਹੀ ਉਨ੍ਹਾਂ ਦਾ ਮੂਲ ਸਿਧਾਂਤ ਬਣੀ ਹੋਈ ਹੈ। ਪਰ ਦੂਜੀ ਪੀੜ੍ਹੀ ਲਈ, ਜੋ ਹਾਲੀਵੁੱਡ ਦੇ ਰੋਮਾਂਸ ਅਤੇ ਵਿਅਕਤੀਗਤ ਚੋਣ ਦੇ ਅਮਰੀਕੀ ਆਦਰਸ਼ 'ਤੇ ਪਲ਼ੇ ਹਨ, ਉਨ੍ਹਾਂ ਲਈ ਲਵ ਮੈਰਿਜ ਵੱਲ ਰੁਝਾਨ ਬਿਲਕੁਲ ਕੁਦਰਤੀ ਹੈ।

ਮਿਆਮੀ ਵਿੱਚ ਇੱਕ ਮਾਰਕੀਟਿੰਗ ਸਲਾਹਕਾਰ, ਪ੍ਰਿਆ ਪੀ. ਨੇ ਕਿਹਾ, “ਜਦੋਂ ਮੈਂ ਵੀਹ ਸਾਲ ਦੀ ਹੋਈ, ਮੇਰੇ ਪਰਿਵਾਰ ਨੇ ਤੁਰੰਤ ਬਾਇਓਡਾਟਾ ਅਤੇ ਪਰਿਵਾਰਕ ਰੁੱਖ ਖੰਗਾਲਣੇ ਸ਼ੁਰੂ ਕਰ ਦਿੱਤੇ। ਉਹ ਵਾਰ-ਵਾਰ ਪੁੱਛਦੇ ਰਹੇ ਕਿ ਮੈਂ ਉਨ੍ਹਾਂ ਵੱਲੋਂ ਲੱਭੇ 'ਚੰਗੇ ਮੁੰਡੇ' ਨੂੰ ਕਿਉਂ ਨਹੀਂ ਮਿਲਦੀ। ਮੈਨੂੰ ਸਮਝਾਉਣਾ ਪਿਆ ਕਿ ਮੈਂ ਆਪਣਾ ਜੀਵਨ ਸਾਥੀ ਖੁਦ ਚੁਣਨਾ ਚਾਹੁੰਦੀ ਹਾਂ। ਮੈਂ ਪਹਿਲਾਂ ਇਕ ਕਨੈਕਸ਼ਨ ਮਹਿਸੂਸ ਕਰਨਾ ਚਾਹੁੰਦੀ ਹਾਂ। ਮੈਨੂੰ ਅਜਿਹਾ ਲੱਗਿਆ ਜਿਵੇਂ ਮੈਂ ਉਨ੍ਹਾਂ ਦੀ ਪੂਰੀ ਭਾਰਤੀ ਪਰੰਪਰਾ ਅਤੇ ਸੱਭਿਆਚਾਰ ਨੂੰ ਨਕਾਰ ਰਹੀ ਹਾਂ, ਹਾਲਾਂਕਿ ਮੈਂ ਸਿਰਫ਼ ਆਪਣੀ ਜ਼ਿੰਦਗੀ ਆਪਣੇ ਅਨੁਸਾਰ ਜੀਣ ਦੀ ਕੋਸ਼ਿਸ਼ ਕਰ ਰਹੀ ਸੀ।”

india flag / unsplash

ਇੱਕ ਹੋਰ ਵਿਸ਼ਾ ਅਕਾਦਮਿਕ ਸਫਲਤਾ ਦਾ ਦਬਾਅ ਹੈ। ਬਿਹਤਰ ਜੀਵਨ ਲਈ ਬਹੁਤ ਸਾਰੇ ਭਾਰਤੀ ਪ੍ਰਵਾਸੀ ਸਿੱਖਿਆ ਨੂੰ ਸਭ ਤੋਂ ਜ਼ਿਆਦਾ ਤਰਜੀਹ ਦਿੰਦੇ ਹਨ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਉਨ੍ਹਾਂ ਦੇ ਬੱਚਿਆਂ ਉੱਤੇ ਡਾਕਟਰੀ, ਇੰਜੀਨੀਅਰਿੰਗ ਜਾਂ ਕਾਨੂੰਨ ਵਰਗੇ “ਉੱਚ ਦਰਜੇ” ਦੇ ਖੇਤਰਾਂ ਵਿਚ ਜਾਣ ਦੀ ਉਮੀਦ ਥੋਪੀ ਜਾਂਦੀ ਹੈ।

ਲਾਸ ਏਂਜਲਸ ਵਿੱਚ ਇੱਕ ਮਾਰਕੀਟਿੰਗ ਕਾਰਜਕਾਰੀ, ਨਿਖਿਲ ਐੱਸ. ਨੇ ਕਿਹਾ, “ਮੈਂ ਕਾਲਜ ਵਿੱਚ ਪ੍ਰੀ-ਮੈਡ ਇਸ ਲਈ ਲਿਆ ਕਿਉਂਕਿ ਘਰ ਵਿੱਚ ਇਸੇ ਇੱਕ ਵਿਕਲਪ ਬਾਰੇ ਗੱਲ ਹੁੰਦੀ ਸੀ। ਜਿਸ ਦਿਨ ਮੈਂ ਬਿਜ਼ਨਸ ਵੱਲ ਰੁਖ਼ ਕੀਤਾ, ਘਰ ਸ਼ਾਂਤ ਹੋ ਗਿਆ। ਗੁੱਸਾ ਨਹੀਂ ਸੀ, ਪਰ ਇਕ ਡਰਾਉਣੀ ਤਰ੍ਹਾਂ ਦੀ ਨਿਰਾਸ਼ਾ। ਮੈਨੂੰ ਕਿਹਾ ਗਿਆ ਕਿ ਮੈਂ ਆਪਣੀ ‘ਸੰਭਾਵਨਾ ਬਰਬਾਦ’ ਕਰ ਰਿਹਾ ਹਾਂ। ਇਹ ਬਹੁਤ ਚੁਭਿਆ, ਪਰ ਇਸਨੇ ਹੀ ਮੈਨੂੰ ਆਪਣੇ ਚੁਣੇ ਹੋਏ ਖੇਤਰ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਹੁਣ, ਜਦੋਂ ਮੈਂ ਆਪਣੇ ਕਰੀਅਰ ਵਿੱਚ ਖੁਦ ਨੂੰ ਸਾਬਤ ਕਰ ਪਾਇਆ ਤਾਂ ਉਹ ਮੈਨੂੰ ਮਾਣ ਨਾਲ ਦੇਖਦੇ ਹਨ।”

representative image / unsplash

ਇਸ ਪੀੜ੍ਹੀ ਲਈ ਸਭ ਤੋਂ ਵੱਡੀ ਚੁਣੌਤੀ ਦੋਹਰੀ ਸੱਭਿਆਚਾਰਕ ਪਛਾਣ ਨੂੰ ਅਪਣਾਉਣਾ ਹੈ। ਐਨਵਾਈਸੀ ਅਧਾਰਤ ਰੇਖਾ ਪੀ. ਨੇ ਕਿਹਾ, “ਗੱਲ ਕਿਸੇ ਇੱਕ ਪਾਸੇ ਖੜ੍ਹਨ ਦੀ ਨਹੀਂ। ਮੈਂ ਵਿਆਹ ‘ਤੇ ਸਾੜੀ ਪਾ ਕੇ ਉਸ ਦੀ ਇਤਿਹਾਸਕ ਮਹੱਤਤਾ ਸਮਝਾ ਸਕਦੀ ਹਾਂ ਤੇ ਅਗਲੇ ਦਿਨ ਦਫ਼ਤਰ ਵਿੱਚ ਬਿਜ਼ਨਸ ਸੂਟ ਪਾ ਕੇ ਪ੍ਰਜ਼ੈਂਟੇਸ਼ਨ ਵਿੱਚ ਕਮਾਲ ਕਰ ਸਕਦੀ ਹਾਂ। ਗੱਡੀ ਚਲਾਉਂਦੇ ਬਾਲੀਵੁੱਡ ਸੁਣਦੀ ਹਾਂ ਤੇ ਜਾ ਕੇ ਹਿੱਪ-ਹੌਪ ਕਲਾਸ ਅਟੈਂਡ ਕਰਦੀ ਹਾਂ। ਮੈਂ ਭਾਰਤੀ ਵੀ ਹਾਂ ਤੇ ਅਮਰੀਕੀ ਵੀ, ਤੇ ਮੈਨੂੰ ਦੋਵਾਂ ‘ਤੇ ਮਾਣ ਹੈ। ਮੈਂ ਤਾਂ ਹੋਰ ਭਾਰਤੀ ਅਮਰੀਕੀਆਂ ਨੂੰ ਵੀ ਇਹੀ ਕਰਨ ਲਈ ਪ੍ਰੇਰਿਤ ਕਰਦੀ ਹਾਂ।”

ਇਸ ਲਈ, ਦੂਜੀ ਪੀੜ੍ਹੀ ਦੇ ਭਾਰਤੀ ਅਮਰੀਕੀ ਇੱਕ ਨਵੀਂ ਪਛਾਣ ਬਣਾ ਰਹੇ ਹਨ—ਇੱਕ ਅਜਿਹੀ ਪਹਿਚਾਣ ਜੋ ਡੂੰਘੀਆਂ ਜੜ੍ਹਾਂ ਨਾਲ ਜੁੜੀ ਹੋਈ ਹੈ, ਪਰ ਲਗਾਤਾਰ ਬਦਲ ਰਹੀ ਹੈ। ਉਹ ਦੋ ਸੰਸਾਰਾਂ ਵਿਚਕਾਰ ਇੱਕ ਪੁਲ ਵਾਂਗ ਹਨ, ਜੋ ਇੱਕ ਨਵੀਂ ਸੱਭਿਆਚਾਰਕ ਕਹਾਣੀ ਰਚ ਰਹੇ ਹਨ—ਇੱਕੋ ਸਮੇਂ ਭਾਰਤੀ ਵੀ ਅਤੇ ਅਮਰੀਕੀ ਵੀ।

Comments

Related