ADVERTISEMENT

ADVERTISEMENT

ਮੇਅਰ ਪਦਾਂ 'ਤੇ ਭਾਰਤੀ-ਮੂਲ ਦੇ ਨੇਤਾਵਾਂ ਦਾ ਉਭਾਰ

ਨਿਊਯਾਰਕ ਸਿਟੀ ਮੇਅਰ ਵਜੋਂ ਮਮਦਾਨੀ ਦੀ ਚੋਣ ਨੇ ਹੋਰ ਅਮਰੀਕੀ ਸ਼ਹਿਰਾਂ ਦੇ ਭਾਰਤੀ ਮੂਲ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੀ ਭੂਮਿਕਾ ਨੂੰ ਉਜਾਗਰ ਕੀਤਾ ਹੈ

ਭਾਰਤੀ ਅਮਰੀਕੀ ਨੇਤਾ / image provided

ਨਿਊਯਾਰਕ ਸਿਟੀ ਦੇ ਅਗਲੇ ਮੇਅਰ ਵਜੋਂ ਜ਼ੋਹਰਾਨ ਮਮਦਾਨੀ ਦੀ ਚੋਣ ਨੂੰ ਅਮਰੀਕਾ ਭਰ ਦੀ ਭਾਰਤੀ-ਅਮਰੀਕੀ ਕਮਿਊਨਿਟੀ ਵੱਲੋਂ ਵੱਡੇ ਪੱਧਰ ’ਤੇ ਸਰਾਹਿਆ ਜਾ ਰਿਹਾ ਹੈ। ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਅਤੇ ਇਕ ਗਲੋਬਲ ਵਿੱਤੀ ਤੇ ਸੱਭਿਆਚਾਰਕ ਕੇਂਦਰਾਂ ਵਿਚੋਂ ਇੱਕ ਨਿਊਯਾਰਕ, ‘ਸਟ੍ਰਾਂਗ–ਮੇਅਰ ਮਾਡਲ’ ‘ਤੇ ਚੱਲਦਾ ਹੈ, ਜਿਸ ਵਿੱਚ ਮੇਅਰ ਸ਼ਹਿਰ ਦਾ ਮੁੱਖ ਕਾਰਜਕਾਰੀ ਅਧਿਕਾਰੀ (CEO) ਹੁੰਦਾ ਹੈ।

ਇਸ ਸ਼ਕਤੀਸ਼ਾਲੀ ਭੂਮਿਕਾ ਵਿੱਚ ਮਮਦਾਨੀ- ਪੁਲਿਸਿੰਗ, ਸਕੂਲਾਂ, ਰਿਹਾਇਸ਼, ਸ਼ਹਿਰੀ ਸੇਵਾਵਾਂ, ਸਰਕਾਰੀ ਸੰਪਤੀ ਅਤੇ ਸ਼ਹਿਰ ਦੇ 110 ਤੋਂ 115 ਬਿਲੀਅਨ ਡਾਲਰ ਦੇ ਵਿਆਪਕ ਸਾਲਾਨਾ ਬਜਟ—ਜੋ ਕਿ ਅਮਰੀਕਾ ਦਾ ਸਭ ਤੋਂ ਵੱਡਾ ਸ਼ਹਿਰੀ ਬਜਟ ਹੈ—ਵਰਗੇ ਮੁੱਖ ਖੇਤਰਾਂ ’ਤੇ ਮਹੱਤਵਪੂਰਨ ਕਾਰਜਕਾਰੀ ਅਥਾਰਟੀ ਦੀ ਵਰਤੋਂ ਕਰਨਗੇ। ਇਸ ਵਿੱਚ 3.25 ਲੱਖ ਕਰਮਚਾਰੀਆਂ ਅਤੇ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਸਕੂਲ ਪ੍ਰਣਾਲੀ ਦਾ ਪ੍ਰਬੰਧਨ ਕਰਨਾ ਸ਼ਾਮਲ ਹੈ, ਜੋ 1.1 ਮਿਲੀਅਨ ਤੋਂ ਵੱਧ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਦਾ ਹੈ।

ਮਮਦਾਨੀ ਦੀ ਜਿੱਤ ਇੱਕ ਵਿਆਪਕ ਰੁਝਾਨ ਦੀ ਨੁਮਾਇੰਦਗੀ ਵੀ ਕਰਦੀ ਹੈ। ਇਸ ਮਹੀਨੇ ਹੋਈਆਂ ਅਮਰੀਕਾ ਦੀਆਂ ਆਫ-ਈਅਰ ਚੋਣਾਂ ਵਿੱਚ ਹੋਰ ਤਿੰਨ ਭਾਰਤੀ ਅਮਰੀਕੀ ਮੇਅਰ—ਹੇਮੰਤ ਮਰਾਠੇ, ਆਫਤਾਬ ਪੁਰੇਵਾਲ ਅਤੇ ਸੈਮ ਜੋਸ਼ੀ—ਦੀ ਮੁੜ ਚੋਣ ਵੀ ਹੋਈ, ਜਿਸ ਨਾਲ ਭਾਰਤੀ-ਅਮਰੀਕੀ ਭਾਈਚਾਰੇ ਦੀ ਵਧ ਰਹੀ ਰਾਜਨੀਤਿਕ ਮੌਜੂਦਗੀ ਸਪਸ਼ਟ ਹੁੰਦੀ ਹੈ।

ਵੈਸਟ ਵਿੰਡਸਰ, ਨਿਊ ਜਰਸੀ ਦੇ ਮੇਅਰ ਹੇਮੰਤ ਮਰਾਠੇ ਆਪਣੇ ਸ਼ਹਿਰ ਵਿੱਚ ਇਸ ਅਹੁਦੇ ’ਤੇ ਪਹੁੰਚਣ ਵਾਲੇ ਪਹਿਲੇ ਭਾਰਤੀ ਅਮਰੀਕੀ ਹਨ। ਉਨ੍ਹਾਂ ਨੇ 4 ਨਵੰਬਰ ਨੂੰ ਹੋਈ ਗੈਰ-ਪੱਖਪਾਤੀ ਚੋਣ ਵਿੱਚ ਆਪਣੇ ਭਾਰਤੀ-ਅਮਰੀਕੀ ਮੁਕਾਬਲੇਬਾਜ਼ ਸੁਜੀਤ ਸਿੰਘ ਨੂੰ ਹਰਾ ਕੇ ਤੀਜੀ ਵਾਰ ਜਿੱਤ ਹਾਸਲ ਕੀਤੀ।

ਐਡੀਸਨ ਦੇ ਪਹਿਲੇ ਭਾਰਤੀ-ਅਮਰੀਕੀ ਮੇਅਰ ਸੈਮ ਜੋਸ਼ੀ ਨੇ ਵੀ ਵੱਡੇ ਫ਼ਰਕ ਨਾਲ ਮੁੜ ਜਿੱਤ ਦਰਜ਼ ਕੀਤੀ। 34 ਸਾਲਾ ਜੋਸ਼ੀ ਨੂੰ ਭਾਰਤੀ-ਅਮਰੀਕੀ ਵੋਟਰਾਂ ਅਤੇ ਕੈਂਪੇਨ ਦਾਨੀਆਂ (Donors) ਨੇ ਖੁੱਲ੍ਹਾ ਸਮਰਥਨ ਦਿੱਤਾ।

ਸਿਨਸਿਨਾਟੀ ਦੇ ਤਿੱਬਤੀ ਭਾਰਤੀ-ਅਮਰੀਕੀ ਮੇਅਰ ਆਫਤਾਬ ਪੁਰੇਵਾਲ, ਜਿਨ੍ਹਾਂ ਨੇ ਸ਼ਹਿਰ ਦੇ ਪਹਿਲੇ ਏਸ਼ੀਅਨ-ਅਮਰੀਕੀ ਮੇਅਰ ਵਜੋਂ ਇਤਿਹਾਸ ਰਚਿਆ ਸੀ, ਵੀ ਮੁੜ ਚੁਣੇ ਗਏ। ਉਹ ਵੱਡੇ ਫਰਕ ਨਾਲ ਚਾਰ ਸਾਲਾਂ ਦੇ ਕਾਰਜਕਾਲ ਲਈ ਮੁੜ ਮੇਅਰ ਬਣੇ। ਏਸ਼ੀਅਨ-ਅਮਰੀਕਨਾਂ ਅਤੇ ਭਾਰਤੀ-ਅਮਰੀਕੀਆਂ ਨੇ ਉਨ੍ਹਾਂ ਦੀ ਮੁਹਿੰਮ ਦਾ ਵੱਡੇ ਪੱਧਰ 'ਤੇ ਸਮਰਥਨ ਕੀਤਾ। ਉਨ੍ਹਾਂ ਦੀ ਮੁਹਿੰਮ ਲਈ ਬਹੁਤ ਸਾਰੇ ਦਾਨੀ ਵੀ ਭਾਰਤੀ-ਅਮਰੀਕੀ ਸਨ।

ਡੈਮੋਕ੍ਰੈਟਿਕ ਨੇਤਾ ਤੇ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੇ ਸਲਾਹਕਾਰ ਅਜੈ ਜੈਨ ਭੁਟੋਰੀਆ ਦੇ ਅਨੁਸਾਰ, ਇਹ ਸਾਰੇ ਨੇਤਾ ਆਪਣੀਆਂ ਮੁਹਿੰਮਾਂ ਦੌਰਾਨ ਭਾਰਤੀ-ਅਮਰੀਕੀ ਕਮਿਊਨਿਟੀ ਨਾਲ ਗਹਿਰੇ ਤੌਰ ’ਤੇ ਜੁੜਦੇ ਹਨ। ਇਸ ਨਾਲ ਵੋਟਰ ਟਰਨਆਉਟ, ਨਾਗਰਿਕ ਭਾਗੀਦਾਰੀ ਅਤੇ ਨਵੇਂ ਉਮੀਦਵਾਰਾਂ ਦੇ ਆਉਣ ਨੂੰ ਪ੍ਰੇਰਣਾ ਮਿਲਦੀ ਹੈ। ਅਮਰੀਕਾ ਵਿੱਚ ਕਈ ਸ਼ਹਿਰਾਂ ਵਿੱਚ ਮੇਅਰ ਆਪਣੇ ਸ਼ਹਿਰ ਦੇ ਬਹੁਤ ਪ੍ਰਭਾਵਸ਼ਾਲੀ CEO ਵਾਂਗ ਕੰਮ ਕਰਦੇ ਹਨ।

ਇੰਡੀਆਸਪੋਰਾ (Indiaspora) ਦੇ ਕਾਰਜਕਾਰੀ ਨਿਰਦੇਸ਼ਕ ਸੰਜੀਵ ਜੋਸ਼ੀਪੁਰਾ ਕਹਿੰਦੇ ਹਨ, "ਅਮਰੀਕਾ ਵਿੱਚ ਭਾਰਤੀ ਮੂਲ ਦੇ ਸਥਾਨਕ ਕਾਨੂੰਨਸਾਜ਼ ਅਤੇ ਮੇਅਰ ਹੋਰਨਾਂ ਲਈ ਇੱਕ ਗਾਈਡ, ਪ੍ਰੇਰਨਾਦਾਇਕ ਅਧਿਆਪਕ ਅਤੇ ਇਕ ਉਦਾਹਰਣ ਵਜੋਂ ਸੇਵਾ ਕਰ ਰਹੇ ਹਨ ਜੋ ਉਨ੍ਹਾਂ ਦੇ ਨਕਸ਼ੇ-ਕਦਮਾਂ 'ਤੇ ਚੱਲਣਾ ਚਾਹੁੰਦੇ ਹਨ।"

ਸਿਲਿਕਾਨ ਵੈਲੀ ਦੇ ਫਰੀਮੌਂਟ ਸ਼ਹਿਰ ਵਿੱਚ ਰਾਜ ਸਲਵਾਨ 2024 ਵਿੱਚ ਪਹਿਲੇ ਭਾਰਤੀ ਅਮਰੀਕੀ ਮੇਅਰ ਬਣੇ। ਉਨ੍ਹਾਂ ਦਾ ਜਨਮ ਅੰਮ੍ਰਿਤਸਰ ਨੇੜੇ ਇਕ ਪਿੰਡ ਵਿੱਚ ਹੋਇਆ ਸੀ। ਛੇ ਸਾਲ ਦੀ ਉਮਰ ਵਿੱਚ ਅਮਰੀਕਾ ਆਏ ਅਤੇ ਫਰੀਮੌਂਟ ਵਿੱਚ ਪਲੇ-ਵਧੇ। ਉਹ ਬੇਘਰ, ਵਧਦਾ ਅਪਰਾਧ, ਟ੍ਰੈਫ਼ਿਕ ਅਤੇ ਬੁਨਿਆਦੀ ਢਾਂਚੇ ਦੀ ਗਿਰਾਵਟ ਵਰਗੀਆਂ ਸੰਗੀਨ ਚੁਣੌਤੀਆਂ ’ਤੇ ਕੰਮ ਕਰ ਰਹੇ ਹਨ।

ਹੈਦਰਾਬਾਦ-ਜਨਮੇ ਡਾਕਟਰ ਡੈਨੀ ਅਵੂਲਾ 2024 ਵਿੱਚ ਰਿਚਮੰਡ ਦੇ ਪਹਿਲੇ ਭਾਰਤੀ-ਜਨਮੇ ਮੇਅਰ ਬਣੇ। ਉਹ ਸਿਹਤ ਜ਼ਿਲ੍ਹੇ ਦੇ ਡਾਇਰੈਕਟਰ ਰਹਿ ਚੁੱਕੇ ਹਨ।

ਭਾਰਤ ਦੇ ਨੈਲੋਰ ਵਿੱਚ ਜੰਮੇ, ਡੈਮੋਕ੍ਰੇਟਿਕ ਸਿਆਸਤਦਾਨ ਉਪੇਂਦਰ ਚਿਵੂਕੁਲਾ ਦਾ ਜਨਤਕ ਜੀਵਨ ਵਿੱਚ ਇੱਕ ਲੰਮਾ ਅਤੇ ਸ਼ਾਨਦਾਰ ਕਰੀਅਰ ਰਿਹਾ ਹੈ, ਜਿਸ ਵਿੱਚ 2000 ਵਿੱਚ ਨਿਊ ਜਰਸੀ ਦੇ ਫਰੈਂਕਲਿਨ ਟਾਊਨਸ਼ਿਪ ਦੇ ਮੇਅਰ ਵਜੋਂ ਸੇਵਾ ਕਰਨਾ ਸ਼ਾਮਲ ਹੈ। ਉਹ ਵਰਤਮਾਨ ਵਿੱਚ ਨਿਊ ਜਰਸੀ ਬੋਰਡ ਆਫ਼ ਪਬਲਿਕ ਯੂਟਿਲਿਟੀਜ਼ ਵਿੱਚ ਸੇਵਾ ਨਿਭਾਅ ਰਹੇ ਹਨ ਅਤੇ 2002 ਤੋਂ 2014 ਤੱਕ ਰਾਜ ਦੀ ਜਨਰਲ ਅਸੈਂਬਲੀ ਵਿੱਚ ਨਿਊ ਜਰਸੀ ਦੇ 17ਵੇਂ ਜ਼ਿਲ੍ਹੇ ਦੀ ਨੁਮਾਇੰਦਗੀ ਕੀਤੀ। ਉਹ ਨਿਊ ਜਰਸੀ ਵਿਧਾਨ ਸਭਾ ਲਈ ਚੁਣੇ ਜਾਣ ਵਾਲੇ ਪਹਿਲੇ ਭਾਰਤੀ-ਅਮਰੀਕੀ ਅਤੇ ਸੰਯੁਕਤ ਰਾਜ ਵਿੱਚ ਕਿਸੇ ਵੀ ਰਾਜ ਦੇ ਪੱਧਰ ‘ਤੇ ਚੁਣੇ ਜਾਣ ਵਾਲੇ ਚੌਥੇ ਭਾਰਤੀ ਅਮਰੀਕੀ ਸਨ। ਚਿਵੂਕੁਲਾ ਨੇ 1998 ਤੋਂ 2005 ਤੱਕ ਫਰੈਂਕਲਿਨ ਟਾਊਨਸ਼ਿਪ ਕੌਂਸਲ ਵਿੱਚ ਵੀ ਸੇਵਾ ਕੀਤੀ।

ਭਾਰਤ ਵਿੱਚ ਜਨਮੀ ਸਵਿਤਾ ਵੈਦਯਾਨਾਥਨ ਨੇ 2017 ਤੋਂ 2018 ਤੱਕ ਸਿਲੀਕਾਨ ਵੈਲੀ, ਕੈਲੀਫੋਰਨੀਆ ਵਿੱਚ ਕੁਪਰਟੀਨੋ ਦੀ ਮੇਅਰ ਵਜੋਂ ਸੇਵਾ ਕੀਤੀ। ਉਹ 2014 ਵਿੱਚ ਕੁਪਰਟੀਨੋ ਸਿਟੀ ਕੌਂਸਲ ਲਈ ਚੁਣੀ ਗਈ ਸੀ। ਕੁਪਰਟੀਨੋ ਦੀ ਪਹਿਲੀ ਭਾਰਤੀ-ਅਮਰੀਕੀ ਮੇਅਰ, ਵੈਦਯਾਨਾਥਨ ਨੇ ਦਿੱਲੀ ਦੇ ਸੇਂਟ ਸਟੀਫਨ ਕਾਲਜ ਤੋਂ ਗਣਿਤ ਦੀ ਡਿਗਰੀ ਅਤੇ ਸੈਨ ਜੋਸ ਸਟੇਟ ਯੂਨੀਵਰਸਿਟੀ ਤੋਂ ਐਮਬੀਏ ਦੀ ਡਿਗਰੀ ਪ੍ਰਾਪਤ ਕੀਤੀ ਹੈ।

ਰਵੀ ਭੱਲਾ, ਜਿਨ੍ਹਾਂ ਨੇ 2018 ਤੋਂ ਨਿਊ ਜਰਸੀ ਦੇ ਹੋਬੋਕੇਨ ਦੇ ਪਹਿਲੇ ਸਿੱਖ ਮੇਅਰ ਵਜੋਂ ਸੇਵਾ ਕੀਤੀ ਅਤੇ ਇਸ ਤੋਂ ਪਹਿਲਾਂ 2009 ਤੋਂ 2018 ਤੱਕ ਹੋਬੋਕੇਨ ਸਿਟੀ ਕੌਂਸਲ ਵਿੱਚ ਸੇਵਾ ਕੀਤੀ, ਇੱਕ ਨਾਗਰਿਕ ਅਧਿਕਾਰਾਂ ਦੇ ਵਕੀਲ ਹਨ। ਇਸ ਮਹੀਨੇ ਦੇ ਸ਼ੁਰੂ ਵਿੱਚ, ਭੱਲਾ ਨਿਊ ਜਰਸੀ ਜਨਰਲ ਅਸੈਂਬਲੀ ਲਈ ਚੁਣੇ ਗਏ ਸਨ।

ਡੈਮੋਕ੍ਰੇਟਿਕ ਪਾਰਟੀ ਲਈ ਇੱਕ ਰਾਸ਼ਟਰੀ ਫੰਡਰੇਜ਼ਰ ਅਤੇ ਇੱਕ ਭਾਈਚਾਰਕ ਆਗੂ ਭੂਟੋਰੀਆ ਨੇ ਸਲਵਾਨ ਦੀ ਤਾਰੀਫ਼ ਕੀਤੀ, ਜਿਨ੍ਹਾਂ ਨੇ 2024 ਵਿੱਚ ਫਰੀਮੌਂਟ ਦੇ ਪਹਿਲੇ ਭਾਰਤੀ-ਅਮਰੀਕੀ ਮੇਅਰ ਵਜੋਂ ਇਤਿਹਾਸ ਰਚਿਆ, 47 ਪ੍ਰਤੀਸ਼ਤ ਵੋਟਾਂ ਨਾਲ ਇੱਕ ਮੁਕਾਬਲੇ ਵਾਲੀ ਜਿੱਤ ਹਾਸਲ ਕੀਤੀ। ਭੂਟੋਰੀਆ, ਜੋ ਖੁਦ ਇੱਕ ਫਰੀਮੌਂਟ ਨਿਵਾਸੀ ਹੈ ਅਤੇ ਜਿਸ ਨੇ ਮੇਅਰ ਵਜੋਂ ਸਲਵਾਨ ਦੀ ਮੁਹਿੰਮ ਦਾ ਸਮਰਥਨ ਕੀਤਾ ਸੀ, ਕਹਿੰਦੇ ਹਨ: “ਮੇਅਰ ਵਜੋਂ ਸਲਵਾਨ ਦੀ ਭੂਮਿਕਾ ਬੇ ਏਰੀਆ ਵਿੱਚ ਸਾਡੇ ਭਾਈਚਾਰੇ ਦੀ ਤਾਕਤ ਨੂੰ ਦਰਸਾਉਂਦੀ ਹੈ।”

ਭੂਟੋਰੀਆ ਮਹਿਸੂਸ ਕਰਦੇ ਹਨ ਕਿ ਸਲਵਾਨ ਦੀ ਅਗਵਾਈ ਵਿੱਚ, ਫਰੀਮੌਂਟ ਇੱਕ ਨਵੇਂ ਏਜੰਡੇ ਨੂੰ ਅੱਗੇ ਵਧਾ ਰਿਹਾ ਹੈ: ਡਾਊਨਟਾਊਨ ਦਾ ਨਵੀਨੀਕਰਨ, ਬਿਹਤਰ ਪਾਰਕਾਂ ਦੀ ਨਿਰਮਾਣ, ਬੇਘਰਿਆਂ ਲਈ ਟਿਕਾਊ ਹੱਲ, ਰਹਿਣ ਲਈ ਸਸਤਾ ਅਤੇ ਪਰਿਵਾਰਕ-ਅਨੁਕੂਲ ਸ਼ਹਿਰ ਅਤੇ ਛੋਟੇ-ਮੱਧਮ ਅਤੇ ਵੱਡੇ ਕਾਰੋਬਾਰਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨਾ।

ਭੂਟੋਰੀਆ ਨੇ ਅੱਗੇ ਕਿਹਾ, “ਮੇਅਰ ਆਪਣੇ ਸ਼ਹਿਰਾਂ ਦੇ ਸੀ.ਈ.ਓ. ਵਜੋਂ ਕੰਮ ਕਰਦੇ ਹਨ। ਉਹ ਬਜਟ, ਜਨਤਕ ਸੁਰੱਖਿਆ ਅਤੇ ਆਰਥਿਕ ਵਿਕਾਸ ਦਾ ਪ੍ਰਬੰਧਨ ਕਰਦੇ ਹਨ। ਜਦੋਂ ਭਾਰਤੀ-ਅਮਰੀਕੀ ਇਹਨਾਂ ਅਹੁਦਿਆਂ 'ਤੇ ਹੁੰਦੇ ਹਨ, ਤਾਂ ਇਹ ਸਾਡੇ ਭਾਈਚਾਰੇ ਦੀ ਪ੍ਰਤਿਭਾ, ਸਖ਼ਤ ਮਿਹਨਤ, ਅਤੇ ਜਨਤਕ ਸੇਵਾ ਪ੍ਰਤੀ ਵਚਨਬੱਧਤਾ ਨੂੰ ਸ਼ਕਤੀਸ਼ਾਲੀ ਢੰਗ ਨਾਲ ਪ੍ਰਦਰਸ਼ਿਤ ਕਰਦਾ ਹੈ।”

ਮਿਸ਼ੀਗਨ ਰਾਜ ਦੇ ਸੈਨੇਟਰ ਸੈਮ ਸਿੰਘ ਨੇ ਈਸਟ ਲੈਨਸਿੰਗ ਸਿਟੀ ਕੌਂਸਲ ਦੇ ਇੱਕ ਚੁਣੇ ਹੋਏ ਕੌਂਸਲਰ ਵਜੋਂ ਜਨਤਕ ਜੀਵਨ ਅਤੇ ਨਾਗਰਿਕ ਸ਼ਮੂਲੀਅਤ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ, ਜਿੱਥੇ ਉਨ੍ਹਾਂ ਨੇ ਤਿੰਨ ਕਾਰਜਕਾਲ ਸੇਵਾ ਕੀਤੀ, ਜਿਸ ਵਿੱਚ 2006–07 ਦੌਰਾਨ ਮੇਅਰ ਦਾ ਇੱਕ ਟਰਮ ਵੀ ਸ਼ਾਮਲ ਸੀ। ਉਹ ਮਿਸ਼ੀਗਨ ਸੈਨੇਟ ਲਈ ਚੁਣੇ ਜਾਣ ਵਾਲੇ ਪਹਿਲੇ ਭਾਰਤੀ-ਅਮਰੀਕੀ ਵੀ ਹਨ। ਸਿੰਘ ਨੇ 2013 ਤੋਂ 2018 ਤੱਕ ਰਾਜ ਪ੍ਰਤੀਨਿਧੀ ਵਜੋਂ ਵੀ ਤਿੰਨ ਕਾਰਜਕਾਲ ਸੇਵਾ ਨਿਭਾਈ। ਆਪਣੇ ਆਖਰੀ ਕਾਰਜਕਾਲ ਵਿੱਚ, ਉਨ੍ਹਾਂ ਨੇ ਡੈਮੋਕ੍ਰੇਟਿਕ ਨੇਤਾ ਵਜੋਂ ਸੇਵਾ ਕੀਤੀ। ਉਹ ਮਿਸ਼ੀਗਨ ਨਾਨ-ਪ੍ਰੋਫਿਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੀ.ਈ.ਓ., ਨਿਊ ਇਕਾਨਮੀ ਇਨੀਸ਼ੀਏਟਿਵ ਲਈ ਸੀਨੀਅਰ ਸਲਾਹਕਾਰ ਅਤੇ ਪਬਲਿਕ ਪਾਲਿਸੀ ਐਸੋਸੀਏਟਸ ਦੇ ਸੀ.ਈ.ਓ. ਵੀ ਰਹੇ ਹਨ।

ਹੋਰ ਭਾਰਤੀ ਮੂਲ ਦੇ ਮੇਅਰਾਂ ਵਿੱਚ ਕਸ਼ਮੀਰ ਗਿੱਲ ਸ਼ਾਮਲ ਹਨ, ਜੋ 2009–10 ਅਤੇ 2013–14 ਵਿੱਚ ਕੈਲੀਫੋਰਨੀਆ ਦੇ ਯੂਬਾ ਸਿਟੀ ਦੇ ਮੇਅਰ ਰਹੇ। ਰਿਪਬਲਿਕਨ ਗਿੱਲ, ਸੰਯੁਕਤ ਰਾਜ ਵਿੱਚ ਮੇਅਰ ਚੁਣੇ ਜਾਣ ਵਾਲੇ ਪਹਿਲੇ ਸਿੱਖ ਸਨ। ਜਦੋਂ ਉਹ ਤਿੰਨ ਸਾਲਾਂ ਦੇ ਸਨ ਤਾਂ ਉਨ੍ਹਾਂ ਦਾ ਪਰਿਵਾਰ ਪੰਜਾਬ ਦੇ ਹੁਸ਼ਿਆਰਪੁਰ ਤੋਂ ਅਮਰੀਕਾ ਆ ਗਿਆ ਸੀ ਅਤੇ ਉਹ ਆਪਣੇ ਪਰਿਵਾਰ ਦੇ ਫਲਾਂ ਦੇ ਬਾਗਾਂ ਵਿੱਚ ਕੰਮ ਕਰਦੇ ਹੋਏ ਵੱਡੇ ਹੋਏ। ਉਨ੍ਹਾਂ ਨੇ ਖੇਤੀਬਾੜੀ ਕਾਰੋਬਾਰ ਵਿੱਚ ਡਿਗਰੀ ਪ੍ਰਾਪਤ ਕੀਤੀ। ਮੇਅਰ ਵਜੋਂ ਉਨ੍ਹਾਂ ਨੇ ਸ਼ਹਿਰ ਦੇ ਲੈਵੀ (levee) ਅੱਪਗ੍ਰੇਡ ਲਈ ਫੈਡਰਲ ਫੰਡਾਂ ਦੀ ਵਕਾਲਤ ਕੀਤੀ।

ਨਿਊਯਾਰਕ ਦੇ ਲੌਰੇਲ ਹਾਲੋ ਦੇ ਸਾਬਕਾ ਮੇਅਰ ਹਰਵਿੰਦਰ 'ਹੈਰੀ' ਆਨੰਦ, ਨਿਊਯਾਰਕ ਰਾਜ ਵਿੱਚ ਇਹ ਅਹੁਦਾ ਸੰਭਾਲਣ ਵਾਲੇ ਪਹਿਲੇ ਭਾਰਤੀ-ਅਮਰੀਕੀ ਸਨ। ਉਨ੍ਹਾਂ ਨੇ 2007 ਤੋਂ 2013 ਦੇ ਵਿਚਕਾਰ ਤਿੰਨ ਕਾਰਜਕਾਲ ਲਈ ਸੇਵਾ ਨਿਭਾਈ। ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਏ ਇੱਕ ਕੈਮੀਕਲ ਇੰਜੀਨੀਅਰ, ਆਨੰਦ 1982 ਵਿੱਚ ਅਮਰੀਕਾ ਆ ਗਏ ਸੀ। ਉਨ੍ਹਾਂ ਨੇ ਲੌਰੇਲ ਹਾਲੋ ਲਈ ਪੁਲਿਸ ਕਮਿਸ਼ਨਰ ਵਜੋਂ ਵੀ ਸੇਵਾ ਕੀਤੀ ਅਤੇ ਨਾਸਾਓ ਕਾਉਂਟੀ, ਨਿਊਯਾਰਕ ਵਿੱਚ ਸਿਵਲੀਅਨ ਪੁਲਿਸ ਅਕੈਡਮੀ ਵਿੱਚ ਭਾਗ ਲਿਆ। ਉਹ ਨਾਸਾਓ ਕਾਉਂਟੀ ਲਾਅ ਇਨਫੋਰਸਮੈਂਟ ਐਕਸਪਲੋਰਿੰਗ ਐਡਵਾਈਜ਼ਰੀ ਬੋਰਡ ਦੇ ਨਿਰਦੇਸ਼ਕ ਅਤੇ ਨਾਸਾਓ ਕਾਉਂਟੀ ਪੁਲਿਸ ਰਿਜ਼ਰਵ ਦੇ ਇੱਕ ਸਰਗਰਮ ਮੈਂਬਰ ਵੀ ਸਨ।

ਭਾਰਤੀ-ਅਮਰੀਕੀ ਸਤੀਸ਼ ਹਿਰੇਮਥ, ਇੱਕ ਪ੍ਰੈਕਟੀਸ਼ਨਰ ਦੰਦਾਂ ਦੇ ਡਾਕਟਰ- 2010 ਅਤੇ 2018 ਦੇ ਵਿਚਕਾਰ ਐਰੀਜ਼ੋਨਾ ਦੇ ਓਰੋ ਵੈਲੀ ਦੇ ਮੇਅਰ ਸਨ।

ਇਨ੍ਹਾਂ ਸਭ ਸਫ਼ਲਤਾਵਾਂ ਨਾਲ ਇਹ ਸਪਸ਼ਟ ਹੈ ਕਿ ਭਾਰਤੀ-ਅਮਰੀਕੀ ਮੇਅਰ ਸਿਰਫ਼ ਪ੍ਰਸ਼ਾਸਕ ਨਹੀਂ ਰਹੇ—ਉਹ ਸਮਾਵੇਸ਼ਤਾ, ਸਮਾਨਤਾ ਅਤੇ ਸਮੁਦਾਇਕ ਸਹਿ-ਅਸਤਿਤਵ ਦੇ ਪ੍ਰਮੁੱਖ ਵਕੀਲ ਬਣ ਰਹੇ ਹਨ। ਸਥਾਨਕ ਪੱਧਰ ’ਤੇ ਇਹ ਪ੍ਰਭਾਵ ਆਗੇ ਚੱਲ ਕੇ ਰਾਜ ਅਤੇ ਰਾਸ਼ਟਰੀ ਪੱਧਰ ’ਤੇ ਵੀ ਪ੍ਰਤਿਨਿੱਧਿਤਾ ਅਤੇ ਨੀਤੀ ਬਦਲਾਅ ਦਾ ਰਾਹ ਖੋਲ੍ਹਦਾ ਹੈ।

Comments

Related