ADVERTISEMENT

ADVERTISEMENT

ਦ ਗ੍ਰੇਟ ਹੋਮਕਮਿੰਗ: ਭਾਰਤੀ ਡਾਇਸਪੋਰਾ ਵਾਪਸ ਆਉਣ ਦੀ ਕਿਉਂ ਕਰ ਰਿਹੈ ਚੋਣ?

ਗ੍ਰੀਨ ਕਾਰਡ ਲਈ ਲੰਬਾ ਇੰਤਜ਼ਾਰ, ਅਮਰੀਕਾ ਵਿੱਚ ਨੌਕਰੀਆਂ ਦੇ ਨੁਕਸਾਨ ਅਤੇ ਭਾਰਤ ਵਿੱਚ ਬਿਹਤਰ ਪਰਿਵਾਰਕ ਜੀਵਨ ਦੀ ਇੱਛਾ, ਭਾਰਤ ਵਾਪਸ ਪਰਤਣ ਦਾ ਕਾਰਨ ਹਨ

ਹਵਾ ਮਹਿਲ / Unsplash

ਸੈਨ ਫ੍ਰਾਂਸਿਸਕੋ ਅਧਾਰਤ ਡਿਵੈਲਪਰ ਕੁਨਾਲ ਜੇ. ਨੇ ਜ਼ਿਕਰ ਕੀਤਾ “ਅਮਰੀਕਨ ਡ੍ਰੀਮ ਹੁਣ ਭਾਰਤੀ ਡ੍ਰੀਮ ਬਣ ਚੁੱਕਾ ਹੈ! ਇਸ ਸਾਲ ਦੀ ਸ਼ੁਰੂਆਤ ਵਿੱਚ ਮੈਂ ਇੱਕ ਪ੍ਰਮੁੱਖ ਤਕਨੀਕੀ ਫਰਮ ਵਿੱਚ ਆਪਣੀ ਨੌਕਰੀ ਗੁਆ ਦਿੱਤੀ ਸੀ ਅਤੇ ਹੁਣ ਮੈਂ ਵਾਪਸ ਨਵੀਂ ਦਿੱਲੀ ਜਾ ਰਿਹਾ ਹਾਂ, ਜਿੱਥੇ ਮੈਂ ਆਪਣਾ ਖੁਦ ਦਾ ਟੈਕ ਸਟਾਰਟਅਪ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹਾਂ।“ ਸਪੱਸ਼ਟ ਹੈ ਕਿ ਕਹਾਣੀ ਬਦਲ ਗਈ ਹੈ। ਦਹਾਕਿਆਂ ਤੋਂ, ਭਾਰਤ ਦੇ ਸਭ ਤੋਂ ਹੁਸ਼ਿਆਰ ਲੋਕਾਂ ਲਈ ਮੰਤਰ ਸੀ ‘Go West’ (ਪੱਛਮ ਵੱਲ ਜਾਓ)। ਪਰ ਅੱਜ, ਇੱਕ ਸ਼ਕਤੀਸ਼ਾਲੀ ਅੰਦਰੂਨੀ ਲਹਿਰ ਇਸ ਕਹਾਣੀ ਨੂੰ ਨਵਾਂ ਰੂਪ ਦੇ ਰਹੀ ਹੈ: ਰੀਵਰਸ ਮਾਈਗ੍ਰੇਸ਼ਨ ਸਿਰਫ਼ ਇੱਕ ਛੋਟੀ ਜਿਹੀ ਧਾਰਾ ਨਹੀਂ ਹੈ, ਇਹ ਇੱਕ ਲਹਿਰ ਬਣਦੀ ਜਾ ਰਹੀ ਹੈ।

ਬਹੁਤ ਹੁਨਰਮੰਦ ਭਾਰਤੀਆਂ ਲਈ ਯੂ.ਐੱਸ. ਗ੍ਰੀਨ ਕਾਰਡ ਦਾ ਬੈਕਲਾਗ ਅਨਿਸ਼ਚਿਤਤਾ ਦੀ ਉਮਰ ਕੈਦ ਹੈ। ਕਲਪਨਾ ਕਰੋ ਕਿ ਤੁਸੀਂ ਆਪਣੇ ਪ੍ਰਮੁੱਖ ਸਾਲ ਸਮਰਪਿਤ ਕਰਦੇ ਹੋ, ਟੈਕਸ ਅਦਾ ਕਰਦੇ ਹੋ ਅਤੇ ਅਮਰੀਕੀ ਅਰਥਵਿਵਸਥਾ ਵਿੱਚ ਸ਼ਾਨਦਾਰ ਯੋਗਦਾਨ ਪਾਉਂਦੇ ਹੋ, ਪਰ ਸਥਾਈ ਨਿਵਾਸ ਲਈ 50 ਤੋਂ 100 ਸਾਲਾਂ ਦੇ ਇੰਤਜ਼ਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਐਚ-1ਬੀ ਵੀਜ਼ਾ, ਜੋ ਕਦੇ ਇੱਕ ਸੁਨਹਿਰੀ ਟਿਕਟ ਸੀ, ਹੁਣ ਇੱਕ ਫੰਧੇ ਵਾਂਗ ਲੱਗਣ ਲੱਗ ਪਿਆ ਹੈ।

ਜਦੋਂ ਟੈਕ ਉਦਯੋਗ ਵਿੱਚ ਮੰਦਹਾਲੀ ਆਈ ਅਤੇ ਸਿਲੀਕਾਨ ਵੈਲੀ ‘ਚ ਵੱਡੇ ਪੱਧਰ 'ਤੇ ਛਾਂਟੀ ਹੋਈ, ਤਾਂ H-1B ਦੀ ਨਾਜ਼ੁਕ ਹਾਲਾਤ ਸਾਹਮਣੇ ਆਈ। ਨੌਕਰੀ ਖੁਸ ਜਾਣਾ, ਇਸ ਗੱਲ ਦਾ ਡਰ ਬਣ ਗਿਆ ਕਿ ਕੁਝ ਹਫ਼ਤਿਆਂ ਵਿੱਚ ਹੀ ਸਾਰਾ ਵੱਸਿਆ-ਵਸਾਇਆ ਜੀਵਨ ਛੱਡ ਕੇ ਜਾਣਾ ਪੈ ਸਕਦਾ ਹੈ। ਇਹ ਡਰ ਅਤੇ ਇਮੀਗ੍ਰੇਸ਼ਨ ਦੀ ਸਖ਼ਤ ਹਕੀਕਤ ਨੇ ਸਾਬਿਤ ਕੀਤਾ ਕਿ ਅਮਰੀਕਾ ਵਿੱਚ ਕਰੀਅਰ ਦੀ ਸੀਮਾ ਕਈ ਵਾਰ ਟੈਲੈਂਟ ਨਹੀਂ, ਕੌਮੀਅਤ ਤੈਅ ਕਰਦੀ ਹੈ।

ਕੁਨਾਲ ਜੇ. ਨੇ ਕਿਹਾ, “ਮੈਨੂੰ ਸਭ ਤੋਂ ਵੱਧ ਖ਼ੁਸ਼ੀ ਇਸ ਗੱਲ ਦੀ ਹੈ ਕਿ ਮੈਂ ਹੁਣ H-1B ਵੀਜ਼ੇ ‘ਤੇ ਨਹੀਂ ਹਾਂ। ਇਹ ਬਹੁਤ ਪਾਬੰਦੀ ਵਾਲਾ ਸੀ। ਮੈਂ ਹਮੇਸ਼ਾਂ ਡਰ ਅਤੇ ਤਣਾਅ ਵਿੱਚ ਰਹਿੰਦਾ ਸੀ।” ਵਾਪਸ ਆਉਣਾ ਹੁਣ ਮਜਬੂਰੀ ਨਹੀਂ, ਬਲਕਿ ਵਧੀਆ ਮੌਕਿਆਂ ਅਤੇ ਸੰਤੁਲਿਤ ਜੀਵਨ ਦੀ ਖਾਤਰ ਲਿਆ ਗਿਆ ਇੱਕ ਚੰਗਾ ਫੈਸਲਾ ਹੈ।

ਬੈਂਗਲੁਰੂ, ਹੈਦਰਾਬਾਦ ਅਤੇ ਪੁਨੇ ਵਰਗੇ ਸ਼ਹਿਰ ਹੁਣ ਸਿਰਫ਼ ਆਊਟਸੋਰਸਿੰਗ ਹੱਬ ਨਹੀਂ ਸਗੋਂ ਇਹ ਨਵੀਨਤਾ ਦੇ ਕੇਂਦਰ ਹਨ, ਜਿੱਥੇ ਗਲੋਬਲ ਕੰਪਨੀਆਂ ਆਪਣੇ ਸਭ ਤੋਂ ਗੁੰਝਲਦਾਰ ਅਤੇ ਉੱਚ-ਮੁੱਲ ਵਾਲੇ ਕਾਰਜ ਚਲਾਉਂਦੀਆਂ ਹਨ। ਇਸ ਤੋਂ ਇਲਾਵਾ, ਭਾਰਤ ਹੁਣ ਦੁਨੀਆ ਦੇ ਸਭ ਤੋਂ ਰੌਚਕ ਸਟਾਰਟਅੱਪਸ ਵਿੱਚੋਂ ਇੱਕ ਹੈ। ਵਿਦੇਸ਼ੀ ਅਨੁਭਵ, ਪੂੰਜੀ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਦੀ ਸਮਝ ਵਾਲੇ ਭਾਰਤੀ ਵਾਪਸ ਆਉਣ ‘ਤੇ ਆਪਣੇ ਸਟਾਰਟਅਪ ਸ਼ੁਰੂ ਕਰਨ ਜਾਂ ਚੋਟੀ ਦੀਆਂ ਕੰਪਨੀਆਂ ਵਿੱਚ ਉੱਚ ਪੱਧਰੀ ਅਹੁਦਿਆਂ ‘ਤੇ ਕੰਮ ਕਰਨ ਲਈ ਬਿਲਕੁਲ ਤਿਆਰ ਹਨ।

ਕੁਨਾਲ ਜੇ. ਨੇ ਕਿਹਾ, “ਮੈਂ ਆਪਣੇ ਪਰਿਵਾਰ ਅਤੇ ਆਪਣਿਆਂ ਨਾਲ ਸਮਾਂ ਬਿਤਾਉਣ ਲਈ ਸਭ ਤੋਂ ਵੱਧ ਉਤਸੁਕ ਹਾਂ। ਮੈਨੂੰ ਨਹੀਂ ਲੱਗਦਾ ਕਿ ਹੁਣ ਆਪਣੇ ਘਰ ਤੋਂ ਦੂਰ ਰਹਿਣ ਦੀ ਕੁਰਬਾਨੀ ਦੇਣ ਦਾ ਕੋਈ ਮੁੱਲ ਹੈ।"

ਇਹ ਉਹ ਲੋਕ ਹਨ ਜੋ ਹਾਰ ਕੇ ਨਹੀਂ, ਸਗੋਂ ਅੰਤਰਰਾਸ਼ਟਰੀ ਅਨੁਭਵ ਅਤੇ ਉੱਚ ਯੋਗਤਾਵਾਂ ਨਾਲ ਸ਼ਕਤੀਸ਼ਾਲੀ ਹੋ ਕੇ ਵਾਪਸ ਆ ਰਹੇ ਹਨ— ਇਹ ਲੋਕ ਆਪਣੇ ਨਾਲ ਪੂੰਜੀ, ਸੋਚ ਅਤੇ ਨਵੀਨਤਾ ਲਿਆ ਰਹੇ ਹਨ। ਉਨ੍ਹਾਂ ਕਿਹਾ, “ਅਸੀਂ ਵਾਪਸ ਇਸ ਲਈ ਨਹੀਂ ਆਏ ਕਿ ਅਮਰੀਕਾ ਨੇ ਸਾਨੂੰ ਨਿਰਾਸ਼ ਕੀਤਾ, ਅਸੀਂ ਇਸ ਲਈ ਆਏ ਹਾਂ ਕਿਉਂਕਿ ਭਾਰਤ ਹੁਣ ਸਾਡੇ ਲਈ ਤਿਆਰ ਹੈ।”

ਗ੍ਰੀਨ ਕਾਰਡ ਹੁਣ ਚੋਟੀ ਦਾ ਇਨਾਮ ਨਹੀਂ ਰਿਹਾ। ਨਵੇਂ ਭਾਰਤ ਦੇ ਸੁਪਨੇ ਦੇਖਣ ਵਾਲਿਆਂ ਲਈ ਅਸਲ ਇਨਾਮ ਆਪਣੇ ਦੇਸ਼ ਵਿੱਚ ਭਵਿੱਖ ਬਣਾਉਣ ਵਿੱਚ ਹੈ। ‘ਦ ਗ੍ਰੇਟ ਹੋਮਕਮਿੰਗ’ ਜਾਰੀ ਹੈ ਅਤੇ ਇਹ ਨਵੇਂ ਭਾਰਤ ‘ਤੇ ਇੱਕ ਮਜ਼ਬੂਤ ਵਿਸ਼ਵਾਸ ਦਾ ਪ੍ਰਤੀਕ ਹੈ।

Comments

Related