ADVERTISEMENT

ADVERTISEMENT

ਸੋਨੀਆ ਰਾਮਨ WNBA ਦੇ ਇਤਿਹਾਸ ‘ਚ ਭਾਰਤੀ ਮੂਲ ਦੀ ਪਹਿਲੀ ਹੈੱਡ ਕੋਚ ਬਣੀ

ਸੀਐਟਲ ਸਟਾਰਮ ਵੱਲੋਂ ਹਾਲੇ ਤੱਕ ਇਹ ਐਲਾਨ ਨਹੀਂ ਕੀਤਾ ਗਿਆ ਕਿ ਸੋਨੀਆ ਰਾਮਨ ਨੂੰ ਸਰਕਾਰੀ ਤੌਰ ‘ਤੇ ਕਦੋਂ ਪੇਸ਼ ਕੀਤਾ ਜਾਵੇਗਾ।

ਸੋਨੀਆ ਰਾਮਨ / ਪ੍ਰਨਵੀ ਸ਼ਰਮਾ

ਈਐਸਪੀਐਨ (ESPN) ਦੀ ਰਿਪੋਰਟ ਮੁਤਾਬਕ, ਭਾਰਤੀ ਮੂਲ ਦੀ ਬਾਸਕਟਬਾਲ ਕੋਚ ਸੋਨੀਆ ਰਾਮਨ ਨੇ ਸੀਐਟਲ ਸਟਾਰਮ ਦੀ ਨਵੀਂ ਹੈੱਡ ਕੋਚ ਬਣਨ ਲਈ ਇੱਕ ਬਹੁ-ਸਾਲਾ ਸਮਝੌਤੇ ਲਈ ਸਹਿਮਤੀ ਦੇ ਦਿੱਤੀ ਹੈ। ਰਾਮਨ, ਜੋ ਇਸ ਵੇਲੇ ਨਿਊਯਾਰਕ ਲਿਬਰਟੀ ਨਾਲ ਸਹਾਇਕ ਕੋਚ ਵਜੋਂ ਕੰਮ ਕਰ ਰਹੀ ਹੈ, ਵਿਮੈਨਜ਼ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (WNBA) ਵਿੱਚ ਹੈਡ ਕੋਚ ਬਣਨ ਵਾਲੀ ਭਾਰਤੀ ਮੂਲ ਦੀ ਪਹਿਲੀ ਵਿਅਕਤੀ ਬਣ ਗਈ ਹੈ।

ਸੀਐਟਲ ਦੇ ਲਾਸ ਵੇਗਾਸ ਏਸੇਜ਼ ਤੋਂ ਪਹਿਲੇ ਦੌਰ ਦੇ ਪਲੇਆਫ ਵਿੱਚੋਂ ਬਾਹਰ ਹੋਣ ਤੋਂ ਬਾਅਦ ਨੋਏਲ ਕਵਿਨ ਦੇ ਜਾਣ 'ਤੇ ਸਟਾਰਮ ਨੇ ਇਹ ਭੂਮਿਕਾ ਭਰਨ ਲਈ ਕਦਮ ਚੁੱਕਿਆ। ਕਵਿਨ ਨੇ 2021 ਵਿੱਚ ਸੀਜ਼ਨ ਦੇ ਵਿਚਕਾਰ ਚਾਰਜ ਸੰਭਾਲਣ ਤੋਂ ਬਾਅਦ ਪੰਜ ਸੀਜ਼ਨਾਂ ਵਿੱਚ 97-89 ਦਾ ਰਿਕਾਰਡ ਬਣਾਇਆ, ਜਿਸ ਦੌਰਾਨ 2020 ਦੀ ਚੈਂਪੀਅਨਸ਼ਿਪ ਦੌੜ ਵੀ ਸ਼ਾਮਲ ਸੀ ਜਦੋਂ ਡੈਨ ਹਿਊਜ਼ ਦੀ ਗੈਰਹਾਜ਼ਰੀ ਵਿਚ ਗੈਰੀ ਕਲੌਪਨਬਰਗ ਅੰਤਰਿਮ ਕੋਚ ਸੀ।

ਸਟਾਰਮ ਦੀ ਜਨਰਲ ਮੈਨੇਜਰ ਟਾਲੀਸਾ ਰੀਆ ਨੇ ESPN ਨੂੰ ਦੱਸਿਆ ਕਿ ਫ੍ਰੈਂਚਾਇਜ਼ੀ ਇੱਕ ਨਵੇਂ ਪੜਾਅ ਵਿੱਚ ਦਾਖਲ ਹੋਣ ਦੇ ਨਾਲ ਲੀਡਰਸ਼ਿਪ ਅਤੇ ਲੰਬੇ ਸਮੇਂ ਦੀ ਪਛਾਣ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਉਨ੍ਹਾਂ ਕਿਹਾ, “ਅਸੀਂ ਇੱਕ ਅਜਿਹੇ ਨੇਤਾ ਦੀ ਭਾਲ ਕਰ ਰਹੇ ਹਾਂ ਜੋ ਟੀਮ ਨੂੰ ਸੰਭਾਲ ਸਕੇ ਅਤੇ ਇੱਕ ਨਵੀਂ ਪਹਿਚਾਣ ਕਾਇਮ ਕਰ ਸਕੇ।” ਰੀਆ ਨੇ ਇਹ ਵੀ ਕਿਹਾ ਕਿ ਟੀਮ ਇਸ ਸਮੇਂ ਪੂਰੀ ਲੀਗ ਵਿੱਚ ਹੋ ਰਹੇ ਬਦਲਾਵਾਂ ਨਾਲ ਵੀ ਨਜਿੱਠ ਰਹੀ ਹੈ।

ਉਨ੍ਹਾਂ ਕਿਹਾ, “ਅਸੀਂ ਇੱਕ ਨਵੇਂ ਅਧਿਆਏ ਵਿੱਚ ਦਾਖ਼ਲ ਹੋ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਕੋਈ ਅਜਿਹਾ ਵਿਅਕਤੀ ਆਵੇ ਜੋ ਟੀਮ ਉੱਤੇ ਆਪਣਾ ਅਸਰ ਛੱਡੇ, ਵਿਸ਼ਵਾਸ ਬਣਾਏ, ਟੀਮ ਦੀ ਏਕਤਾ ਤੇ ਖੇਡ ਅੰਦਰ ਪਹਿਚਾਣ ਬਣਾਏ — ਜੋ ਸਾਨੂੰ ਅਗਲੇ ਸਾਲਾਂ ਲਈ ਮੁਕਾਬਲਾ ਕਰਨ ਯੋਗ ਬਣਾਏ।”

ਦਸ ਦਈਏ ਕਿ ਰਾਮਨ ਪਿਛਲੇ ਸੀਜ਼ਨ ‘ਚ ਲਿਬਰਟੀ ਦੇ ਕੋਚਿੰਗ ਸਟਾਫ਼ ਵਿੱਚ ਸ਼ਾਮਲ ਹੋਈ ਸੀ, ਇਸ ਤੋਂ ਪਹਿਲਾਂ ਉਹ ਮੈਮਫਿਸ ਗ੍ਰਿਜ਼ਲਿਸ ਨਾਲ ਚਾਰ ਸਾਲਾਂ ਲਈ ਸਹਾਇਕ ਕੋਚ ਰਹੀ। ਜਦੋਂ ਉਹ 2020 ਵਿੱਚ ਮੈਮਫਿਸ ਨਾਲ ਜੁੜੀ, ਉਸ ਸਮੇਂ  ਉਹ NBA ਵਿੱਚ ਭਾਰਤੀ ਮੂਲ ਦੀ ਪਹਿਲੀ ਕੋਚ ਬਣੀ। ਇਸ ਤੋਂ ਪਹਿਲਾਂ, ਉਨ੍ਹਾਂ ਨੇ 2008 ਤੋਂ 2020 ਤੱਕ MIT ਦੀ ਮਹਿਲਾ ਬਾਸਕਟਬਾਲ ਟੀਮ ਦੀ ਹੈਡ ਕੋਚ ਵਜੋਂ ਦਹਾਕੇ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਈ।

ਸੀਐਟਲ ਸਟਾਰਮ ਵੱਲੋਂ ਹਾਲੇ ਤੱਕ ਇਹ ਐਲਾਨ ਨਹੀਂ ਕੀਤਾ ਗਿਆ ਕਿ ਸੋਨੀਆ ਰਾਮਨ ਨੂੰ ਸਰਕਾਰੀ ਤੌਰ ‘ਤੇ ਕਦੋਂ ਪੇਸ਼ ਕੀਤਾ ਜਾਵੇਗਾ।

Comments

Related