ਅਮਰੀਕੀ ਰਿਪਲਿਕਨ ਕਾਰਕੁੰਨ ਅਤੇ ਟਿੱਪਣੀਕਾਰ ਚਾਰਲੀ ਕਿਰਕ ਦੀ 10 ਸਤੰਬਰ ਨੂੰ ਯੂਟਾਹ ਯੂਨੀਵਰਸਿਟੀ ਵਿੱਚ ਇੱਕ ਵਿਅਕਤੀ ਵੱਲੋਂ ਗੋਲੀ ਮਾਰ ਕੇ ਕਤਲ ਕਰ ਦੇਣ ਦੀ ਘਟਨਾ ਉੱਪਰ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੈਸੀ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਹਨਾਂ ਨੇ ਸਿੱਖਸ ਆਫ ਅਮਰੀਕਾ ਵੱਲੋਂ ਇਸ ਹਿੰਸਾ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਅਮਰੀਕਾ ਵਿੱਚ ਰਾਜਨੀਤਿਕ ਹਿੰਸਾ ਇੱਕ ਬੇਹੱਦ ਖਤਰਨਾਕ ਵਰਤਾਰਾ ਸਾਬਤ ਹੋ ਸਕਦੀ ਹੈ ਅਤੇ ਅਮਰੀਕਾ ਜਿਹੇ ਦੇਸ਼ ਵਿੱਚ ਅਜਿਹੀ ਹਿੰਸਾ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ।
ਜ਼ਿਕਰਯੋਗ ਹੈ ਕਿ ਪ੍ਰੈਜੀਡੈਂਟ ਡੋਨਾਲਡ ਟਰੰਪ ਦੇ ਨਜ਼ਦੀਕੀ ਸਾਥੀ ਚਾਰਲੀ ਕਿਰਕ ਨੂੰ 10 ਸਤੰਬਰ ਨੂੰ ਉਦੋਂ ਗਰਦਨ ਵਿੱਚ ਗੋਲੀ ਮਾਰਕੇ ਜ਼ਖਮੀ ਕਰ ਦਿੱਤਾ ਗਿਆ ਸੀ, ਜਦੋਂ ਉਹ ਯੂਟਾਹ ਯੂਨੀਵਰਸਿਟੀ ਵਿੱਚ ਉਹ ਆਪਣੇ ‘‘ਅਮਰੀਕਾ ਕਮਬੈਕ ਟੂਰ’’ ਤਹਿਤ ‘‘ਪਰੂਵ ਮੀ ਰੌਂਗ’’ ਟੇਬਲ ਤੇ ਬੈਠ ਕੇ ਵਿਦਿਆਰਥੀਆਂ ਨਾਲ ਡੀਬੇਟ ਕਰ ਰਿਹਾ ਸੀ। ਚਾਰਲੀ ਕਿਰਕ ਗੋਲੀ ਲੱਗਣ ਕਾਰਨ ਜ਼ਖਮੀ ਹੋਣ ਮਗਰੋਂ ਹਸਪਤਾਲ ਵਿੱਚ ਦਮ ਤੋੜ ਗਿਆ ਸੀ।
ਉੱਧਰ ਟੈਕਸਸ ਵਿੱਚ ਇੱਕ ਸਿਰਫਿਰੇ ਵਲੋਂ ਭਾਰਤੀ ਮੂਲ ਦੇ ਚੰਦਰ ਮੌਲੀ ਨਾਗਮੱਲਵੀ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੀ ਵੀ ਸਿੱਖਸ ਆਫ ਅਮਰੀਕਾ ਵੱਲੋਂ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਮਿ੍ਰਤਕ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ ਹੈ। ਇਸ ਘਟਨਾ ਵਿੱਚ ਇੱਕ ਮੋਟਲ ਵਿੱਚ ਕੰਮ ਕਰਦੇ ਨਾਗਮੱਲਵੀ ਦੀ ਕੋਬੋਲ ਮਾਰਟੀਨੇਜ ਨਾਂ ਦੇ ਵਿਅਕਤੀ ਵਲੋਂ ਖਰਾਬ ਵਾਸ਼ਿੰਗ ਮਸ਼ੀਨ ਦੀ ਵਰਤੋਂ ਨੂੰ ਲੈ ਕੇ ਹੋਈ ਮਾਮੂਲੀ ਬਹਿਸ ਵਲੋਂ ਕੋਬੋਲ ਵੱਲੋਂ ਨਾਗਮੱਲਵੀ ਦੀ ਉਹਨਾਂ ਦੇ ਪੁੱਤਰ ਅਤੇ ਪਤਨੀ ਦੇ ਸਾਹਮਣੇ ਸਿਰ ਵੱਢ ਕੇ ਹੱਤਿਆ ਕਰ ਦਿੱਤੀ ਗਈ ਸੀ। ਸਿੱਖਸ ਆਫ ਅਮਰੀਕਾ ਵਲੋਂ ਟਰੰਪ ਪ੍ਰਸਾਸ਼ਨ ਨੂੰ ਅਪੀਲ ਕਰਦਿਆਂ ਮੰਗ ਕੀਤੀ ਗਈ ਹੈ ਕਿ ਅਜਿਹੀਆਂ ਘਟਨਾਵਾਂ ਦੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਅਮਰੀਕਾ ਵਿੱਚ ਬੀਤੇ ਸਮੇਂ ਵਿੱਚ ਵਧਦੀ ਹੋਈ ਹਿੰਸਾ ਦੀ ਇਸ ਬਿਰਤੀ ਉੱਪਰ ਰੋਕ ਲਗਾਈ ਜਾ ਸਕੇ।
Comments
Start the conversation
Become a member of New India Abroad to start commenting.
Sign Up Now
Already have an account? Login