ਸੰਯੁਕਤ ਰਾਜ ਅਮਰੀਕਾ ਵਿੱਚ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫਬੀਆਈ) ਵੱਲੋਂ 5 ਅਗਸਤ ਨੂੰ ਜਾਰੀ ਕੀਤੀ 2024 ਦੀ ਨਫਰਤੀ ਅਪਰਾਧਾਂ ਸਬੰਧੀ ਅੰਕੜਾ ਰਿਪੋਰਟ ਮੁਤਾਬਕ, ਸਿੱਖ ਅਜੇ ਵੀ ਦੇਸ਼ ਦਾ ਤੀਸਰਾ ਸਭ ਤੋਂ ਵੱਧ ਨਿਸ਼ਾਨਾ ਬਣਨ ਵਾਲਾ ਧਾਰਮਿਕ ਸਮੂਹ ਹੈ। ਸਿੱਖ ਕੋਲੀਸ਼ਨ ਨੇ ਕਿਹਾ ਕਿ ਭਾਵੇਂ ਪਿਛਲੇ ਸਾਲ ਦੇ ਮੁਕਾਬਲੇ ਐਂਟੀ-ਸਿੱਖ ਨਫਰਤੀ ਅਪਰਾਧਾਂ ਵਿੱਚ ਥੋੜ੍ਹੀ ਕਮੀ ਆਈ ਹੈ, ਪਰ ਖਤਰਾ ਅਜੇ ਵੀ ਸਿੱਖ ਆਬਾਦੀ ਦੇ ਅਨੁਪਾਤ ਨਾਲੋਂ ਕਈ ਗੁਣਾ ਵੱਧ ਹੈ।
ਐਫਬੀਆਈ ਰਿਪੋਰਟ ਨੇ ਦਰਜ ਕੀਤਾ ਕਿ 2024 ਵਿੱਚ ਐਂਟੀ-ਸਿੱਖ ਨਫਰਤੀ ਹਿੰਸਾ ਦੇ 153 ਮਾਮਲੇ ਸਾਹਮਣੇ ਆਏ, ਜਦੋਂ ਕਿ 2023 ਵਿੱਚ ਇਹ ਗਿਣਤੀ 150 ਅਤੇ 2022 ਵਿੱਚ 198 ਸੀ। ਭਾਵੇਂ ਕਿ 2022 ਦੇ ਮੁਕਾਬਲੇ ਨਫਰਤੀ ਅਪਰਾਧਾਂ ਦੀ ਗਿਣਤੀ ਘਟੀ ਹੈ, ਪਰ ਸਿੱਖ ਅਜੇ ਵੀ ਜ਼ਿਆਦਾਤਰ ਹੋਰ ਧਾਰਮਿਕ ਸਮੂਹਾਂ ਨਾਲੋਂ ਵੱਧ ਨਿਸ਼ਾਨੇ ਬਣ ਰਹੇ ਹਨ, ਸਿਰਫ਼ ਯਹੂਦੀ ਅਤੇ ਮੁਸਲਿਮ ਭਾਈਚਾਰੇ ਉਨ੍ਹਾਂ ਤੋਂ ਅੱਗੇ ਹਨ।
ਐਫਬੀਆਈ ਡਾਟਾ ‘ਤੇ ਪ੍ਰਤੀਕਿਰਿਆ ਦਿੰਦਿਆਂ ਸਿੱਖ ਕੋਲੀਸ਼ਨ ਨੇ ਕਿਹਾ, “ਸਿੱਖ ਅਜੇ ਵੀ ਹਿੰਸਕ ਨਫਰਤੀ ਹਮਲਿਆਂ ਦੇ ਖ਼ਤਰੇ ਹੇਠ ਹਨ, ਜੋ ਸਾਡੀ ਆਬਾਦੀ ਦੇ ਆਕਾਰ ਨਾਲੋਂ ਹੈਰਾਨੀਜਨਕ ਤੌਰ ‘ਤੇ ਵੱਧ ਹੈ,” ਅਤੇ ਇਹ ਅੰਕੜੇ ਵੀ ਅਸਲ ਸਮੱਸਿਆ ਦਾ ਪੂਰਾ ਪੱਧਰ ਨਹੀਂ ਦੱਸਦੇ।
ਕੋਲੀਸ਼ਨ ਦੀ ਸੀਨੀਅਰ ਫੈਡਰਲ ਪਾਲਸੀ ਮੈਨੇਜਰ ਮਨਨਿਰਮਲ ਕੌਰ ਨੇ ਕਿਹਾ ਕਿ ਇਹ ਡਾਟਾ ਸਾਫ਼ ਦਿਖਾਉਂਦਾ ਹੈ ਕਿ “ਭੇਦਭਾਵ ਅਧਾਰਿਤ ਹਿੰਸਾ ਅੱਜ ਵੀ ਮੌਜੂਦ ਹੈ।” ਉਨ੍ਹਾਂ ਕਿਹਾ, “ਭਾਵੇਂ ਇਸ ਡਾਟਾ ਨੂੰ ਇਕੱਠਾ ਕਰਨ ਵਿੱਚ ਕੁਝ ਕਮੀਆਂ ਹਨ, ਪਰ ਇਹ ਨਵੀਂ ਜਾਣਕਾਰੀ ਸਾਫ਼ ਕਰਦੀ ਹੈ ਕਿ ਭੇਦਭਾਵ ਅਧਾਰਿਤ ਹਿੰਸਾ ਅਜੇ ਵੀ ਫੈਲੀ ਹੋਈ ਹੈ, ਜਿਸਦਾ ਮਤਲਬ ਹੈ ਕਿ ਸਾਡੀਆਂ ਸਾਰੀਆਂ ਕਮਿਊਨਿਟੀਆਂ ਦੀ ਵਧੀਆ ਸੁਰੱਖਿਆ ਲਈ ਸਭ ਤੋਂ ਪਹਿਲਾ ਅਤੇ ਬੁਨਿਆਦੀ ਕਦਮ ਦੇਸ਼-ਪੱਧਰੀ ਰਿਪੋਰਟਿੰਗ ਨੂੰ ਸੁਧਾਰਨਾ ਅਤੇ ਸਮੱਸਿਆ ਦੇ ਪੂਰੇ ਪੱਧਰ ਨੂੰ ਸਮਝਣਾ ਹੈ।”
ਕੋਲੀਸ਼ਨ ਅਨੁਸਾਰ ਹਜ਼ਾਰਾਂ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਜੇ ਵੀ ਜ਼ੀਰੋ ਨਫਰਤੀ ਅਪਰਾਧ ਦਰਜ ਕਰਦੀਆਂ ਹਨ। ਸਮੂਹ ਨੇ ਕਿਹਾ,“ਇਹ ਸਮਝਣਾ ਮਹੱਤਵਪੂਰਨ ਹੈ ਕਿ ਇਹ ਜੋ ਤਸਵੀਰ ਹੈ, ਉਹ ਬੁਨਿਆਦੀ ਤੌਰ ‘ਤੇ ਅਧੂਰੀ ਹੈ। ਕਈ ਮਾਮਲਿਆਂ ਵਿੱਚ, ਹੋ ਸਕਦਾ ਹੈ ਕਿ ਉਨ੍ਹਾਂ ਖੇਤਰਾਂ ਵਿੱਚ ਭੇਦਭਾਵ ਅਧਾਰਿਤ ਅਪਰਾਧ ਨਾ ਹੋਏ ਹੋਣ, ਪਰ ਜ਼ਿਆਦਾ ਸੰਭਾਵਨਾ ਇਹ ਹੈ ਕਿ ਕੁਝ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਸੰਭਾਵਿਤ ਭੇਦਭਾਵ ਅਧਾਰਿਤ ਅਪਰਾਧਾਂ ਦੀ ਜਾਂਚ ਜਾਂ ਮੁਕੱਦਮਾ ਨਾ ਚਲਾਉਣ ਅਤੇ ਹੋਰ ਲੰਬੇ ਸਮੇਂ ਤੋਂ ਚਲਦੀਆਂ ਸਮੱਸਿਆਵਾਂ ਕਾਰਨ ਲੋਕ ਨਫਰਤ ਦਾ ਸ਼ਿਕਾਰ ਹੋਣ ਤੋਂ ਬਾਅਦ ਅੱਗੇ ਆਉਣ ਤੋਂ ਹਿਚਕਦੇ ਹਨ।”
ਸਮੂਹ ਨੇ “ਇੰਪ੍ਰੂਵਿੰਗ ਰਿਪੋਰਟਿੰਗ ਟੂ ਪ੍ਰਿਵੈਂਟ ਹੇਟ ਐਕਟ” (IRPHA) ਦੇ ਸਮਰਥਨ ਨੂੰ ਦੁਹਰਾਇਆ, ਜੋ ਅਮਰੀਕੀ ਹਾਊਸ ਆਫ ਰਿਪਰਜ਼ੈਂਟੇਟਿਵਜ਼ ਵਿੱਚ ਪੇਸ਼ ਬਿੱਲ ਹੈ ਅਤੇ ਜਿਸਦਾ ਉਦੇਸ਼ ਨਫਰਤੀ ਅਪਰਾਧਾਂ ਸਬੰਧੀ ਡਾਟਾ ਇਕੱਠਾ ਕਰਨ ਅਤੇ ਸਿੱਖਿਆ ਨੂੰ ਮਜ਼ਬੂਤ ਕਰਨਾ ਹੈ।
Comments
Start the conversation
Become a member of New India Abroad to start commenting.
Sign Up Now
Already have an account? Login