73 ਸਾਲਾਂ ਦੀ ਸਿੱਖ ਮਹਿਲਾ ਹਰਜੀਤ ਕੌਰ ਨੂੰ ਅਮਰੀਕਾ ਦੇ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ICE) ਦੀ ਹਿਰਾਸਤ ਦੌਰਾਨ “ਅਣਮਨੁੱਖੀ ਸਲੂਕ” ਦਾ ਸ਼ਿਕਾਰ ਹੋਣ ਤੋਂ ਬਾਅਦ ਭਾਰਤ ਡਿਪੋਰਟ ਕਰ ਦਿੱਤਾ ਗਿਆ ਹੈ। ਅਮਰੀਕਾ ਵਿੱਚ ਸਿੱਖ ਸੰਸਥਾਵਾਂ ਅਤੇ ਉਹਨਾਂ ਦੇ ਵਕੀਲਾਂ ਨੇ ਇਸ ਕਦਮ ਦੀ ਸਖ਼ਤ ਨਿੰਦਾ ਕੀਤੀ ਹੈ।
ਹਰਜੀਤ ਕੌਰ ਇੱਕ ਦਾਦੀ ਹੈ ਅਤੇ ਉਹ ਕੈਲੀਫੋਰਨੀਆ ਵਿੱਚ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਰਹਿ ਰਹੀ ਹੈ, ਪਿਛਲੇ 13 ਸਾਲਾਂ ਤੋਂ ਹਰਕੁਲੀਜ਼, ਕੈਲੀਫੋਰਨੀਆ ਵਿੱਚ ICE ਕੋਲ ਰੁਟੀਨ ਚੈਕ-ਇਨ ਕਰਦੇ ਸਨ। । 8 ਸਤੰਬਰ ਨੂੰ ਰੁਟੀਨ ਚੈਕ-ਇਨ ਦੌਰਾਨ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਬੇਕਰਸਫੀਲਡ, ਕੈਲੀਫੋਰਨੀਆ ਦੇ ਇਕ ICE ਪ੍ਰੋਸੈਸਿੰਗ ਸੈਂਟਰ ਵਿੱਚ ਰੱਖਿਆ ਗਿਆ। ਬਾਅਦ ਵਿੱਚ ਉਨ੍ਹਾਂ ਨੂੰ ਦੇਸ਼ ਦੇ ਦੂਜੇ ਕੋਨੇ ਵਿੱਚ, ਜੌਰਜੀਆ ਦੇ ਲੰਪਕਿਨ ਸਥਿਤ ਡਿਟੈਨਸ਼ਨ ਸੈਂਟਰ ਭੇਜਿਆ ਗਿਆ ਅਤੇ 19 ਸਤੰਬਰ ਨੂੰ ਇੱਕ ਚਾਰਟਰਡ ਫਲਾਈਟ ਰਾਹੀਂ ਭਾਰਤ ਭੇਜ ਦਿੱਤਾ ਗਿਆ।
ਉਨ੍ਹਾਂ ਦੇ ਵਕੀਲ ਦੀਪਕ ਅਹਲੂਵਾਲੀਆ ਨੇ ਕਿਹਾ ਕਿ ਨਾ ਤਾਂ ਪਰਿਵਾਰ ਅਤੇ ਨਾ ਹੀ ਕਾਨੂੰਨੀ ਸਲਾਹਕਾਰ ਨੂੰ ਜੌਰਜੀਆ ਟ੍ਰਾਂਸਫਰ ਬਾਰੇ ਸੂਚਿਤ ਕੀਤਾ ਗਿਆ। ਉਹਨਾਂ ਕਿਹਾ, “ਹਰਜੀਤ ਕੌਰ ਨੇ ICE ਵੱਲੋਂ ਯਾਤਰਾ ਦਸਤਾਵੇਜ਼ ਪ੍ਰਾਪਤ ਕਰਨ ਲਈ 13 ਸਾਲਾਂ ਤੋਂ ਵੱਧ ਉਡੀਕ ਕੀਤੀ। ਇੱਕ 73 ਸਾਲ ਦੀ ਦਾਦੀ, ਜਿਸਦਾ ਕੋਈ ਕ੍ਰਿਮਿਨਲ ਰਿਕਾਰਡ ਨਹੀਂ ਸੀ, ਜਿਸ ਤੋਂ ਨਾ ਤਾਂ ਭੱਜਣ ਦਾ ਖਤਰਾ ਸੀ ਅਤੇ ਨਾ ਹੀ ਕਮਿਊਨਿਟੀ ਲਈ ਜੋਖਮ—ਉਹਨਾਂ ਨੂੰ ਕਦੇ ਵੀ ਹਿਰਾਸਤ ਵਿੱਚ ਨਹੀਂ ਲਿਆ ਜਾਣਾ ਚਾਹੀਦਾ ਸੀ। ਖ਼ਾਸ ਕਰਕੇ ICE ਹਿਰਾਸਤ ਵਿੱਚ ਉਹਨਾਂ ਨਾਲ ਜਿਹੋ ਜਿਹਾ ਸਲੂਕ ਕੀਤਾ ਗਿਆ, ਉਹ ਤਾਂ ਬਿਲਕੁਲ ਵੀ ਕਬੂਲਯੋਗ ਨਹੀਂ।”
ਸਿੱਖ ਕੁਲੀਸ਼ਨ ਨੇ ਕਿਹਾ ਕਿ ਹਿਰਾਸਤ ਦੌਰਾਨ ਹਰਜੀਤ ਕੌਰ ਨਾਲ ਬੁਨਿਆਦੀ ਦੇਖਭਾਲ ਦੇ ਮਿਆਰਾਂ ਦੀ ਵਾਰ-ਵਾਰ ਉਲੰਘਣਾ ਕੀਤੀ ਗਈ। ਬਿਆਨ ਅਨੁਸਾਰ, ਉਨ੍ਹਾਂ ਨੂੰ ਆਵਾਜਾਈ ਦੌਰਾਨ ਹੱਥਕੜੀਆਂ ਪਾਈਆਂ ਗਈਆਂ, ਬਿਸਤਰੇ ਜਾਂ ਕੁਰਸੀਆਂ ਤੋਂ ਬਿਨਾਂ ਸੈੱਲਾਂ ਵਿੱਚ ਰੱਖਿਆ ਗਿਆ, ਧਾਰਮਿਕ ਮਾਨਤਾਵਾਂ ਅਨੁਸਾਰ ਸ਼ਾਕਾਹਾਰੀ ਭੋਜਨ ਤੋਂ ਇਨਕਾਰ ਕੀਤਾ ਗਿਆ ਅਤੇ ਦੰਦਾਂ ਦੀਆਂ ਸਮੱਸਿਆਵਾਂ ਦੇ ਬਾਵਜੂਦ ਕਈ ਵਾਰ ਸਿਰਫ਼ ਇੱਕ ਸੇਬ ਜਾਂ ਬਰਫ਼ ਦਿੱਤੀ ਗਈ। ਇਹ ਵੀ ਦੋਸ਼ ਲਾਇਆ ਗਿਆ ਕਿ ਉਨ੍ਹਾਂ ਨੂੰ ਸ਼ਾਵਰ, ਪਾਣੀ ਅਤੇ ਸਫ਼ਾਈ ਦੀਆਂ ਸਹੂਲਤਾਂ ਤੋਂ ਵੀ ਵਾਂਝਾ ਰੱਖਿਆ ਗਿਆ ਅਤੇ ਨਿਰਧਾਰਤ ਦਵਾਈ ਦੇਣ ਵਿੱਚ ਦੇਰੀ ਕੀਤੀ ਗਈ।
ਸੰਸਥਾ ਨੇ ਕਿਹਾ, “ਇਹ ਬਹੁਤ ਹੀ ਗੰਦਾ ਸਲੂਕ ਹੈ ਜੋ ਕਿਸੇ ਵੀ ਮਨੁੱਖ ਨਾਲ ਨਹੀਂ ਹੋਣਾ ਚਾਹੀਦਾ। ਸਭ ਤੋਂ ਦਿਲ ਦਹਿਲਾ ਦੇਣ ਵਾਲੀ ਗੱਲ ਹੈ ਕਿ ਇੱਕ 73 ਸਾਲ ਦੀ ਮਹਿਲਾ ਨੂੰ ਇਹ ਸਭ ਸਹਿਣਾ ਪਿਆ।”
ਸਿੱਖ ਕੁਲੀਸ਼ਨ ਤੋਂ ਇਲਾਵਾ, ਸਿੱਖ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਨੇ ਵੀ ICE ਵੱਲੋਂ ਇਸ ਕੇਸ ਦੇ ਨਿਪਟਾਰੇ ਦੀ ਨਿੰਦਾ ਕਰਦਿਆਂ ਬਿਆਨ ਜਾਰੀ ਕੀਤਾ। SALDEF ਦੀ ਐਗਜ਼ਿਕਿਊਟਿਵ ਡਾਇਰੈਕਟਰ, ਕਿਰਨ ਕੌਰ ਗਿੱਲ ਨੇ ਕਿਹਾ, “ਇਹ ਕੇਸ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਜਵਾਬਦੇਹੀ ਅਤੇ ਮਨੁੱਖਤਾ ਭਰੇ ਸਲੂਕ ਦੀ ਤੁਰੰਤ ਲੋੜ ਨੂੰ ਦਰਸਾਉਂਦਾ ਹੈ। ਕੋਈ ਵੀ ਵਿਅਕਤੀ ਅਜਿਹੇ ਅਪਮਾਨਜਨਕ ਸਲੂਕ ਦਾ ਹੱਕਦਾਰ ਨਹੀਂ, ਖ਼ਾਸ ਕਰਕੇ ਉਹ, ਜਿਸ ਨੇ ਦਹਾਕਿਆਂ ਤੱਕ ICE ਦੀਆਂ ਲੋੜਾਂ ਨੂੰ ਇਮਾਨਦਾਰੀ ਨਾਲ ਪੂਰਾ ਕੀਤਾ ਹੋਵੇ।”
ਹੀਰਲ ਮਹਿਤਾ, ਜੋ ਪਰਿਵਾਰ ਦੇ ਨੇੜਲੇ ਦੋਸਤ ਹਨ, ਉਹਨਾਂ ਨੇ ਕਿਹਾ ਕਿ ਪਰਿਵਾਰ ਨੂੰ ਪੂਰੀ ਪ੍ਰਕਿਰਿਆ ਦੌਰਾਨ ਬੇਖਬਰ ਰੱਖਿਆ ਗਿਆ। ਉਹਨਾਂ ਨੇ ਅੱਗੇ ਕਿਹਾ ,“ਹਰ ਪੜਾਅ ‘ਤੇ ਸਾਨੂੰ ਹਨੇਰੇ ਵਿੱਚ ਰੱਖਿਆ ਗਿਆ ਅਤੇ ਸਾਨੂੰ ਨਹੀਂ ਪਤਾ ਸੀ ਕਿ ਅਗਲਾ ਕਦਮ ਕੀ ਹੋਵੇਗਾ। ICE ਵੱਲੋਂ ਹਰਜੀਤ ਕੌਰ ਨਾਲ ਕੀਤਾ ਗਿਆ ਅਣਮਨੁੱਖੀ ਵਿਵਹਾਰ ਬਹੁਤ ਹੀ ਪਰੇਸ਼ਾਨੀਜਨਕ ਸੀ, ਪਰ ਉਹਨਾਂ ਦੀ ਹਿੰਮਤ—ਅਤੇ SALDEF, ਦੀਪਕ ਅਹਲੂਵਾਲੀਆ, ਸਿੱਖ ਕੁਲੀਸ਼ਨ, ਜਕਾਰਾ, ਕਾਂਗਰਸਮੈਨ ਗਰਾਮੈਂਡੀ ਅਤੇ ਹਰਪ੍ਰੀਤ ਸੰਧੂ ਵੱਲੋਂ ਮਿਲੇ ਸ਼ਾਨਦਾਰ ਸਹਿਯੋਗ ਨੇ ਉਹਨਾਂ ਦੀ ਮਦਦ ਕੀਤੀ।”
SALDEF ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਨੇ ਹਰਜੀਤ ਕੌਰ ਦੀ ਨਜ਼ਰਬੰਦੀ ਅਤੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਦੌਰਾਨ ਉਨ੍ਹਾਂ ਦੀ ਸੁਰੱਖਿਆ ਅਤੇ ਸਨਮਾਨ ਲਈ ਵਕਾਲਤ ਕਰਨ ਵਾਸਤੇ ਚੁਣੇ ਹੋਏ ਅਧਿਕਾਰੀਆਂ ਅਤੇ ਭਾਈਚਾਰੇ ਦੇ ਸਾਥੀਆਂ ਨਾਲ ਮਿਲ ਕੇ ਕੰਮ ਕੀਤਾ। SALDEF ਅਤੇ ਸਿੱਖ ਕੁਲੀਸ਼ਨ ਦੋਵਾਂ ਨੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਜਵਾਬਦੇਹੀ ਅਤੇ ਸੁਧਾਰਾਂ ਦੀ ਪੈਰਵੀ ਕਰਨ ਦੀ ਵਚਨਬੱਧਤਾ ਦਹੁਰਾਈ।
Comments
Start the conversation
Become a member of New India Abroad to start commenting.
Sign Up Now
Already have an account? Login