ਪ੍ਰਸਿੱਧ ਸਿੱਖ ਹਸਤੀਆਂ ਨੂੰ ਕੀਤਾ ਗਿਆ ਸਨਮਾਨਿਤ / ਇੰਡੀਆ ਅਬਰੌਡ ਪੰਜਾਬੀ
ਮੈਰਿਲੈਂਡ/ਅਮਰੀਕਾ: ਅਮਰੀਕਾ ਦੀ ਧਰਤੀ ‘ਤੇ ਇੱਕ ਵਾਰ ਫਿਰ ਸਿੱਖ ਕੌਮ ਦੀ ਪਛਾਣ, ਸੇਵਾ ਅਤੇ ਕੌਮੀ ਯੋਗਦਾਨ ਦੀ ਗੂੰਜ ਸੁਣਾਈ ਦਿੱਤੀ, ਜਦੋਂ “ਸਿੱਖਸ ਆਫ ਅਮਰੀਕਾ” ਵੱਲੋਂ ਆਪਣੇ ਸਾਲਾਨਾ “ਵਿਸਾਖੀ ਗਾਲਾ ਅਤੇ ਸਿੱਖ ਹੀਰੋ ਅਵਾਰਡ 2026” ਦਾ ਸ਼ਾਨਦਾਰ ਆਯੋਜਨ ਮੈਰੀਲੈਂਡ ਵਿਖੇ ਕੀਤਾ ਗਿਆ। ਇਹ ਸਮਾਗਮ ਸਿਰਫ਼ ਇੱਕ ਅਵਾਰਡ ਸਮਾਰੋਹ ਨਹੀਂ ਸੀ, ਸਗੋਂ ਦੁਨੀਆ ਭਰ ਵਿੱਚ ਵੱਸਦੇ ਸਿੱਖਾਂ ਦੀ ਵਿਲੱਖਣ ਪਹਿਚਾਣ, ਸਿਆਸੀ ਹਿੱਸੇਦਾਰੀ, ਸੇਵਾ ਭਾਵਨਾ ਅਤੇ ਭਾਈਚਾਰਕ ਏਕਤਾ ਦਾ ਇੱਕ ਪ੍ਰਤੀਕ ਬਣ ਕੇ ਸਾਹਮਣੇ ਆਇਆ।
17 ਮਈ ਨੂੰ ਹੋਏ ਇਸ ਵਿਸ਼ੇਸ਼ ਸਮਾਗਮ ਵਿੱਚ ਅਮਰੀਕਾ, ਬ੍ਰਿਟੇਨ, ਭਾਰਤ ਅਤੇ ਪਾਕਿਸਤਾਨ ਸਮੇਤ ਕਈ ਦੇਸ਼ਾਂ ਨਾਲ ਜੁੜੀਆਂ ਪ੍ਰਸਿੱਧ ਸਿੱਖ ਹਸਤੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਸਿੱਖ ਭਾਈਚਾਰੇ ਨਾਲ ਸੰਬੰਧਤ ਆਗੂਆਂ, ਉਦਯੋਗਪਤੀਆਂ, ਕਾਨੂੰਨਘਾੜਿਆਂ, ਸਮਾਜਸੇਵੀਆਂ, ਧਾਰਮਿਕ ਅਤੇ ਕੌਮੀ ਆਗੂਆਂ, ਮੀਡੀਆ ਪ੍ਰਤੀਨਿਧੀਆਂ ਅਤੇ ਦੱਖਣੀ ਏਸ਼ੀਆਈ ਭਾਈਚਾਰੇ ਦੀਆਂ ਵੱਖ-ਵੱਖ ਸੰਸਥਾਵਾਂ ਦੇ ਮੈਂਬਰਾਂ ਨੇ ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ।
ਸਮਾਗਮ ਦੌਰਾਨ ਸਾਰਾ ਮਾਹੌਲ ਸਿੱਖ ਵਿਰਾਸਤ, ਸੇਵਾ ਅਤੇ ਵਿਸ਼ਵ ਪੱਧਰ ‘ਤੇ ਵਧ ਰਹੀ ਸਿੱਖ ਸ਼ਕਤੀ ਦੇ ਰੰਗਾਂ ਨਾਲ ਰੰਗਿਆ ਹੋਇਆ ਨਜ਼ਰ ਆਇਆ। ਮੰਚ ਤੋਂ ਵਾਰ-ਵਾਰ ਇਹ ਸੰਦੇਸ਼ ਦਿੱਤਾ ਗਿਆ ਕਿ ਸਿੱਖ ਕੌਮ ਦੀ ਪਛਾਣ ਸਿਰਫ਼ ਦਸਤਾਰ ਜਾਂ ਧਾਰਮਿਕ ਚਿੰਨ੍ਹਾਂ ਤੱਕ ਸੀਮਿਤ ਨਹੀਂ, ਸਗੋਂ ਮਨੁੱਖਤਾ ਦੀ ਸੇਵਾ, ਸੱਚਾਈ, ਹਿੰਮਤ ਅਤੇ ਸਮਾਜ ਲਈ ਯੋਗਦਾਨ ਵਿੱਚ ਹੈ।
ਸਮਾਗਮ ਦੀ ਸ਼ੁਰੂਆਤ ਦੌਰਾਨ ਇੱਕ ਵਿਸ਼ੇਸ਼ ਵੀਡੀਓ ਪੇਸ਼ਕਾਰੀ ਦਿਖਾਈ ਗਈ, ਜਿਸ ਵਿੱਚ ਅਮਰੀਕਾ ਵਿੱਚ ਸਿੱਖਾਂ ਦੇ ਇਤਿਹਾਸ, ਸੰਘਰਸ਼ ਅਤੇ ਯੋਗਦਾਨ ਨੂੰ ਦਰਸਾਇਆ ਗਿਆ। ਇਸ ਪ੍ਰਜ਼ੈਂਟੇਸ਼ਨ ਵਿੱਚ ਦੱਸਿਆ ਗਿਆ ਕਿ ਇੱਕ ਸਦੀ ਤੋਂ ਵੀ ਵੱਧ ਸਮੇਂ ਤੋਂ ਸਿੱਖ ਅਮਰੀਕਾ ਦੀ ਤਰੱਕੀ, ਖੇਤੀਬਾੜੀ, ਫੌਜੀ ਸੇਵਾਵਾਂ, ਵਪਾਰ ਅਤੇ ਸਮਾਜਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਹਨ। ਪੇਸ਼ਕਾਰੀ ਵਿੱਚ ਇਹ ਵੀ ਕਿਹਾ ਗਿਆ ਕਿ “ਸਿੱਖਸ ਆਫ ਅਮਰੀਕਾ” ਸਿਰਫ਼ ਇੱਕ ਸੰਸਥਾ ਨਹੀਂ, ਸਗੋਂ ਏਕਤਾ, ਸੱਭਿਆਚਾਰ ਅਤੇ ਸੇਵਾ ਦੀ ਧੜਕਣ ਹੈ।
ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੈਸੀ / ਇੰਡੀਆ ਅਬਰੌਡ ਪੰਜਾਬੀਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੈਸੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਪਲ ਉਨ੍ਹਾਂ ਲਈ ਬਹੁਤ ਹੀ ਮਾਣ ਵਾਲਾ ਹੈ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਅਮਰੀਕਾ ਆਪਣੇ 250ਵੇਂ ਸਾਲ ਵੱਲ ਵੱਧ ਰਿਹਾ ਹੈ, ਉਸ ਵਿੱਚ ਸਿੱਖ ਭਾਈਚਾਰੇ ਦਾ ਯੋਗਦਾਨ ਵੀ ਇੱਕ ਮਹੱਤਵਪੂਰਨ ਅਧਿਆਇ ਵਜੋਂ ਦਰਜ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਸਦਾ ਹੀ ਪਿਆਰ, ਸੇਵਾ ਅਤੇ ਮਨੁੱਖਤਾ ਦਾ ਸੰਦੇਸ਼ ਦਿੱਤਾ ਹੈ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਵੀ ਇਹੀ ਵਿਰਾਸਤ ਅੱਗੇ ਲੈ ਕੇ ਜਾਣ ਦੀ ਲੋੜ ਹੈ। “ਸਿੱਖ ਹੀਰੋ ਅਵਾਰਡ” ਦਾ ਮਕਸਦ ਉਹਨਾਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਨਾ ਹੈ, ਜੋ ਚੁੱਪਚਾਪ ਸਮਾਜ ਅਤੇ ਮਨੁੱਖਤਾ ਲਈ ਕੰਮ ਕਰ ਰਹੀਆਂ ਹਨ। ਇਹ ਉਹ ਲੋਕ ਹਨ ਜੋ ਬਿਨਾਂ ਕਿਸੇ ਸ਼ੋਰ-ਸ਼ਰਾਬੇ ਦੇ ਕੌਮ ਦੀ ਸੇਵਾ ਕਰਦੇ ਹਨ ਅਤੇ ਆਪਣੇ ਕੰਮ ਰਾਹੀਂ ਨਵੀਂ ਪੀੜ੍ਹੀ ਲਈ ਪ੍ਰੇਰਣਾ ਬਣਦੇ ਹਨ।
ਮੰਚ ਦੀ ਸੰਚਾਲਨਾ ਡਾ. ਸੁਖਪਾਲ ਸਿੰਘ ਧਨੋਆ ਨੇ ਕੀਤੀ / ਇੰਡੀਆ ਅਬਰੌਡ ਪੰਜਾਬੀ
ਸਮਾਗਮ ਦੀ ਮੰਚ ਸੰਚਾਲਨਾ ਕਰ ਰਹੇ ਸੀਨੀਅਰ ਪੱਤਰਕਾਰ ਅਤੇ ਵਾਈਟ ਹਾਊਸ ਤੱਕ ਪਹੁੰਚ ਬਣਾਉਣ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਰਿਪੋਰਟਰ ਡਾ. ਸੁਖਪਾਲ ਸਿੰਘ ਧਨੋਆ ਨੇ ਕਿਹਾ ਕਿ ਇਹ ਮੰਚ ਉਹਨਾਂ ਲੋਕਾਂ ਨੂੰ ਸਮਰਪਿਤ ਹੈ, ਜੋ ਕੈਮਰਿਆਂ ਤੋਂ ਦੂਰ ਰਹਿ ਕੇ ਵੀ ਮਨੁੱਖਤਾ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦਾ ਸਮਾਂ ਉਹਨਾਂ ਲੋਕਾਂ ਨੂੰ ਸਨਮਾਨ ਦੇਣ ਦਾ ਹੈ, ਜੋ ਸਮਾਜ ਨੂੰ ਇਕੱਠਾ ਰੱਖਣ ਲਈ ਆਪਣੀ ਪੂਰੀ ਜ਼ਿੰਦਗੀ ਲਗਾ ਰਹੇ ਹਨ। ਡਾ. ਧਨੋਆ ਨੇ ਪਿਛਲੇ ਸਾਲ ਸ਼ੁਰੂ ਕੀਤੇ ਗਏ “ਸਿੱਖ ਹੀਰੋ ਅਵਾਰਡ” ਦੀ ਯਾਦ ਤਾਜ਼ਾ ਕਰਦਿਆਂ ਕਿਹਾ ਕਿ ਉਸ ਵੇਲੇ ਬਹੁਤ ਸਾਰੇ ਲੋਕਾਂ ਨੇ ਇਸ ਪਹਿਲ ਨੂੰ ਇਤਿਹਾਸਕ ਅਤੇ ਵਿਲੱਖਣ ਦੱਸਿਆ ਸੀ, ਕਿਉਂਕਿ ਇਹ ਸਮਾਗਮ ਸਿੱਖਾਂ ਨੂੰ ਇੱਕ-ਦੂਜੇ ਨਾਲ ਮੁਕਾਬਲਾ ਕਰਨ ਦੀ ਬਜਾਏ ਇੱਕ-ਦੂਜੇ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਲਈ ਪ੍ਰੇਰਿਤ ਕਰਦਾ ਹੈ।
ਸਨਮਾਨ ਪ੍ਰਾਪਤ ਕਰਦੇ ਹੋਏ ਵਰਜੀਨੀਆ ਸਟੇਟ ਦੇ ਡੈਲੀਗੇਟ ਜੇ.ਜੇ.ਸਿੰਘ / ਇੰਡੀਆ ਅਬਰੌਡ ਪੰਜਾਬੀਇਸ ਮੌਕੇ ਅਮਰੀਕਾ ਦੇ ਵਰਜੀਨੀਆ ਸਟੇਟ ਦੇ ਡੈਲੀਗੇਟ ਜੇ.ਜੇ. ਸਿੰਘ ਨੂੰ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਉਹ ਅਮਰੀਕੀ ਇਤਿਹਾਸ ਵਿੱਚ ਕਿਸੇ ਰਾਜ ਦੀ ਵਿਧਾਨ ਸਭਾ ਵਿੱਚ ਸੇਵਾ ਕਰਨ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਹਨ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਿੱਖ ਧਰਮ ਮਨੁੱਖੀ ਬਰਾਬਰੀ, ਸੇਵਾ ਅਤੇ ਨਿਆਂ ਦੀ ਗੱਲ ਕਰਦਾ ਹੈ ਅਤੇ ਇਹੀ ਅਸੂਲ ਅਮਰੀਕੀ ਲੋਕਤੰਤਰ ਦੀ ਰੂਹ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਰਾਜਨੀਤੀ ਅਤੇ ਜਨਤਕ ਜੀਵਨ ਵਿੱਚ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਸਿੱਖ ਭਾਈਚਾਰਾ ਆਪਣੀ ਆਵਾਜ਼ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ ਤਾਂ ਸਿਆਸੀ ਹਿੱਸੇਦਾਰੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨ ਸਿਰਫ਼ ਕਾਰੋਬਾਰ ਜਾਂ ਪੇਸ਼ਾਵਰ ਖੇਤਰਾਂ ਤੱਕ ਸੀਮਿਤ ਨਾ ਰਹਿਣ, ਸਗੋਂ ਸਮਾਜਿਕ ਅਤੇ ਰਾਜਨੀਤਿਕ ਮੰਚਾਂ ‘ਤੇ ਵੀ ਆਪਣੀ ਮੌਜੂਦਗੀ ਦਰਜ ਕਰਵਾਉਣ।
ਤਨਮਨਜੀਤ ਸਿੰਘ ਢੇਸੀ / ਇੰਡੀਆ ਅਬਰੌਡ ਪੰਜਾਬੀਬ੍ਰਿਟੇਨ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਵੀ ਇਸ ਸਮਾਗਮ ਦੌਰਾਨ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਉਹ ਸਮਾਗਮ ਵਿੱਚ ਨਿੱਜੀ ਤੌਰ ‘ਤੇ ਸ਼ਾਮਲ ਨਾ ਹੋ ਸਕੇ, ਪਰ ਉਨ੍ਹਾਂ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਸਮਾਗਮ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੁਨੀਆ ਦੇ ਹਰ ਹਿੱਸੇ ਵਿੱਚ ਲੋਕਤੰਤਰ, ਬਰਾਬਰੀ ਅਤੇ ਵਿਭਿੰਨਤਾ ਲਈ ਆਪਣਾ ਯੋਗਦਾਨ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਸਿੱਖ ਵੱਸਦੇ ਹਨ, ਉੱਥੇ ਉਹ ਆਪਣੇ ਨਾਲ ਸੇਵਾ ਅਤੇ ਮਨੁੱਖਤਾ ਦੀ ਸੋਚ ਲੈ ਕੇ ਜਾਂਦੇ ਹਨ।
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਘੱਟ ਗਿਣਤੀ ਅਤੇ ਮਨੁੱਖੀ ਅਧਿਕਾਰ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ / ਇੰਡੀਆ ਅਬਰੌਡ ਪੰਜਾਬੀਸਮਾਗਮ ਦੌਰਾਨ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਘੱਟ ਗਿਣਤੀ ਅਤੇ ਮਨੁੱਖੀ ਅਧਿਕਾਰ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਨੂੰ ਪਾਕਿਸਤਾਨ ਵਿੱਚ ਸਿੱਖ ਵਿਰਾਸਤ ਦੀ ਸੰਭਾਲ, ਸਿੱਖ ਯਾਤਰੀਆਂ ਲਈ ਸਹੂਲਤਾਂ ਅਤੇ ਧਾਰਮਿਕ ਸਦਭਾਵਨਾ ਲਈ ਕੀਤੇ ਕੰਮਾਂ ਦੇ ਮੱਦੇਨਜ਼ਰ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਰਮੇਸ਼ ਸਿੰਘ ਅਰੋੜਾ ਨੇ ਕਰਤਾਰਪੁਰ ਲਾਂਘੇ ਦਾ ਖਾਸ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਿਰਫ਼ ਇੱਕ ਰਸਤਾ ਨਹੀਂ, ਸਗੋਂ ਦੋ ਦੇਸ਼ਾਂ ਅਤੇ ਦੋ ਦਿਲਾਂ ਨੂੰ ਜੋੜਨ ਵਾਲਾ ਪੁਲ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਪੂਰੀ ਮਨੁੱਖਤਾ ਲਈ ਹੈ ਅਤੇ ਪਾਕਿਸਤਾਨ ਵਿੱਚ ਸਿੱਖ ਧਾਰਮਿਕ ਅਸਥਾਨਾਂ ਦੀ ਸੇਵਾ ਅਤੇ ਸੰਭਾਲ ਲਈ ਉਨ੍ਹਾਂ ਵੱਲੋਂ ਲਗਾਤਾਰ ਯਤਨ ਜਾਰੀ ਹਨ।
ਸਿੱਖ ਉਦਯੋਗਪਤੀ ਬਲਦੇਵ ਸਿੰਘ ਕੰਗ / ਇੰਡੀਆ ਅਬਰੌਡ ਪੰਜਾਬੀਸਰਦਾਰ ਬਲਦੇਵ ਸਿੰਘ ਕੰਗ ਨੂੰ ਕਾਰੋਬਾਰ ਅਤੇ ਉਦਯੋਗ ਦੇ ਖੇਤਰ ਵਿੱਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਡਾ. ਸੁਖਪਾਲ ਸਿੰਘ ਧਨੋਆ ਨੇ ਉਨ੍ਹਾਂ ਦੀ ਕਾਰੋਬਾਰੀ ਯਾਤਰਾ ਬਾਰੇ ਗੱਲ ਕਰਦਿਆਂ ਕਿਹਾ ਕਿ ਭਾਰਤ, ਅਰਮੀਨੀਆ, ਦੁਬਈ ਅਤੇ ਅਮਰੀਕਾ ਤੱਕ ਫੈਲੇ ਉਨ੍ਹਾਂ ਦੇ ਵਪਾਰ ਨੇ ਸਿੱਖ ਉਦਯੋਗਪਤੀਆਂ ਲਈ ਇੱਕ ਨਵਾਂ ਮਾਪਦੰਡ ਸਥਾਪਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਸਟੀਲ ਅਤੇ ਮੈਨੂਫੈਕਚਰਿੰਗ ਖੇਤਰ ਵਿੱਚ ਉਨ੍ਹਾਂ ਦੀ ਸਫ਼ਲਤਾ ਸਾਬਤ ਕਰਦੀ ਹੈ ਕਿ ਸਿੱਖ ਭਾਈਚਾਰਾ ਸਿਰਫ਼ ਖੇਤੀਬਾੜੀ ਜਾਂ ਟਰੱਕਿੰਗ ਤੱਕ ਸੀਮਿਤ ਨਹੀਂ, ਸਗੋਂ ਵਿਸ਼ਵ ਪੱਧਰੀ ਉਦਯੋਗਿਕ ਖੇਤਰਾਂ ਵਿੱਚ ਵੀ ਆਪਣੀ ਮਜ਼ਬੂਤ ਪਛਾਣ ਬਣਾ ਰਿਹਾ ਹੈ।
ਪ੍ਰਸਿੱਧ ਸਮਾਜਸੇਵੀ ਸ. ਬਹਾਦਰ ਸਿੰਘ / ਇੰਡੀਆ ਅਬਰੌਡ ਪੰਜਾਬੀਇਸੇ ਤਰ੍ਹਾਂ ਪ੍ਰਸਿੱਧ ਸਮਾਜਸੇਵੀ ਸਰਦਾਰ ਬਹਾਦਰ ਸਿੰਘ ਨੂੰ ਮਨੁੱਖਤਾ ਦੀ ਸੇਵਾ ਅਤੇ ਸਿਹਤ ਖੇਤਰ ਵਿੱਚ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। “ਵਨ ਬੀਟ ਮੈਡੀਕਲ ਗਰੁੱਪ” ਨਾਲ ਜੁੜੇ ਬਹਾਦਰ ਸਿੰਘ ਵੱਲੋਂ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਚੈਰੀਟੇਬਲ ਹਸਪਤਾਲ, ਆਈ ਕੇਅਰ ਸੈਂਟਰ ਅਤੇ ਸਿੱਖਿਆ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ ਹਨ। ਉਨ੍ਹਾਂ ਦੇ ਕੰਮ ਬਾਰੇ ਦੱਸਦਿਆਂ ਮੰਚ ਤੋਂ ਕਿਹਾ ਗਿਆ ਕਿ ਜਿੱਥੇ ਕਈ ਲੋਕ ਸਿਰਫ਼ ਆਪਣੇ ਕਾਰੋਬਾਰ ਤੱਕ ਸੀਮਿਤ ਰਹਿੰਦੇ ਹਨ, ਉੱਥੇ ਬਹਾਦਰ ਸਿੰਘ ਨੇ ਆਪਣੇ ਸਰੋਤ ਮਨੁੱਖਤਾ ਦੀ ਭਲਾਈ ਲਈ ਵਰਤੇ। ਉਨ੍ਹਾਂ ਦੇ ਹਸਪਤਾਲਾਂ ਵਿੱਚ ਗਰੀਬ ਲੋਕਾਂ ਦਾ ਇਲਾਜ ਮੁਫ਼ਤ ਜਾਂ ਬਹੁਤ ਘੱਟ ਖ਼ਰਚ ‘ਤੇ ਕੀਤਾ ਜਾਂਦਾ ਹੈ।
“ਮੁਸਲਿਮਜ਼ ਆਫ ਅਮਰੀਕਾ” ਦੇ ਸੰਸਥਾਪਕ ਸਾਜਿਦ ਤਰਾਰ / ਇੰਡੀਆ ਅਬਰੌਡ ਪੰਜਾਬੀਸਮਾਗਮ ਦੌਰਾਨ ਧਾਰਮਿਕ ਅਤੇ ਭਾਈਚਾਰਕ ਏਕਤਾ ਦਾ ਸੰਦੇਸ਼ ਵੀ ਬਹੁਤ ਮਜ਼ਬੂਤੀ ਨਾਲ ਸਾਹਮਣੇ ਆਇਆ। “ਮੁਸਲਿਮਜ਼ ਆਫ ਅਮਰੀਕਾ” ਦੇ ਸੰਸਥਾਪਕ ਸਾਜਿਦ ਤਰਾਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਸਮਾਗਮ ਸਿਰਫ਼ ਸਿੱਖਾਂ ਦਾ ਨਹੀਂ, ਸਗੋਂ ਪੂਰੇ ਦੱਖਣੀ ਏਸ਼ੀਆਈ ਭਾਈਚਾਰੇ ਦੀ ਏਕਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਇੱਥੇ ਹਿੰਦੂ, ਸਿੱਖ, ਮੁਸਲਿਮ ਅਤੇ ਇਸਾਈ ਇਕੱਠੇ ਬੈਠੇ ਹਨ ਅਤੇ ਇਹੀ ਗੁਰੂ ਨਾਨਕ ਸਾਹਿਬ ਦਾ ਅਸਲ ਸੰਦੇਸ਼ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਨੂੰ ਨਫ਼ਰਤ ਨਹੀਂ, ਸਗੋਂ ਪਿਆਰ ਅਤੇ ਸ਼ਾਂਤੀ ਦੀ ਲੋੜ ਹੈ।
ਸਿੱਖ ਹੀਰੋ ਅਵਾਰਡ ਦੌਰਾਨ ਸੀਨੀਅਰ ਪੱਤਰਕਾਰ ਅਤੇ ਵਾਈਟ ਹਾਊਸ ਵਿੱਚ ਜਾਣ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਰਿਪੋਟਰ ਡਾ ਸੁਖਪਾਲ ਸਿੰਘ ਧਨੋਆ ਨੂੰ ਮੀਡੀਆ ਦੇ ਖੇਤਰ ਵਿੱਚ ਉਨਾਂ ਦੇ ਯੋਗਦਾਨ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ, ਜੋ ਆਪਣੇ ਨਿਧੜਕ ਲਹਿਜੇ ਅਤੇ ਪ੍ਰਭਾਵਸ਼ਾਲੀ ਸੁਆਲਾ ਰਾਂਹੀ ਸਿੱਖ ਮਸਲਿਆਂ ਨੂੰ ਉਜਾਗਰ ਕਰਦੇ ਰਹਿੰਦੇ ਹਨ। ਵਰਿੰਦਰ ਸਿੰਘ ਨੂੰ ਸਿੱਖਸ ਆਫ ਅਮਰੀਕਾ ਵੱਲੋਂ ਬਿਪਤਾ ਅਤੇ ਸੰਕਟਕਾਲੀਨ ਹਾਲਤਾਂ ਦੀਆਂ ਸਥਿਤੀਆਂ ਵਿੱਚ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਲਈ ਕੀਤੇ ਯਤਨਾਂ ਅਤੇ ਸਹਿਯੋਗ ਲਈ ਸਨਮਾਨਿਤ ਕੀਤਾ ਗਿਆ।
ਹਾਜ਼ਰ ਲੋਕਾਂ ਦੇ ਚਿਹਰਿਆਂ ‘ਤੇ ਮਾਣ ਅਤੇ ਖੁਸ਼ੀ ਸਪਸ਼ਟ ਨਜ਼ਰ ਆ ਰਹੀ ਸੀ। ਮੰਚ ਤੋਂ ਵਾਰ-ਵਾਰ ਇਹ ਗੱਲ ਕਹੀ ਗਈ ਕਿ ਸਿੱਖ ਕੌਮ ਦੀ ਸਭ ਤੋਂ ਵੱਡੀ ਤਾਕਤ ਉਸਦੀ ਏਕਤਾ, ਸੇਵਾ ਅਤੇ ਮਨੁੱਖਤਾ ਨਾਲ ਜੁੜੀ ਸੋਚ ਹੈ। ਸਮਾਗਮ ਦੇ ਅੰਤ ਵਿੱਚ ਸਿੱਖਸ ਆਫ ਅਮਰੀਕਾ ਦੇ ਪ੍ਰਧਾਨ ਕੰਵਲਜੀਤ ਸੋਨੀ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਸਮਾਗਮ ਦੌਰਾਨ ਗਾਇਕਾ ਪੂਜਾ / ਇੰਡੀਆ ਅਬਰੌਡ ਪੰਜਾਬੀਸਮਾਗਮ ਦੌਰਾਨ ਗਾਇਕਾ ਪੂਜਾ ਵੱਲੋਂ ਸੰਗੀਤਕ ਪੇਸ਼ਕਾਰੀਆਂ ਵੀ ਦਿੱਤੀਆਂ ਗਈਆਂ, ਜਦਕਿ ਅਮਰੀਕੀ ਰਾਸ਼ਟਰੀ ਗੀਤ ਦੀ ਪੇਸ਼ਕਾਰੀ ਵਿਂਧਿਆ ਅਡਾਪਾ ਪ੍ਰਸਾਦ ਵੱਲੋਂ ਕੀਤੀ ਗਈ। ਕੁੱਲ ਮਿਲਾ ਕੇ “ਸਿੱਖ ਹੀਰੋ ਅਵਾਰਡ 2026” ਸਿਰਫ਼ ਇੱਕ ਅਵਾਰਡ ਸਮਾਰੋਹ ਨਹੀਂ ਸੀ, ਸਗੋਂ ਇਹ ਉਹ ਮੰਚ ਬਣਿਆ ਜਿੱਥੇ ਦੁਨੀਆ ਭਰ ਵਿੱਚ ਵੱਸਦੇ ਸਿੱਖਾਂ ਦੀ ਪਛਾਣ, ਸੰਘਰਸ਼, ਸਫ਼ਲਤਾ ਅਤੇ ਮਨੁੱਖਤਾ ਲਈ ਯੋਗਦਾਨ ਨੂੰ ਇੱਕ ਸਾਂਝੇ ਮਾਣ ਵਜੋਂ ਦਰਸਾਇਆ ਗਿਆ। ਇਹ ਸਮਾਗਮ ਇਸ ਗੱਲ ਦਾ ਪ੍ਰਤੀਕ ਬਣ ਕੇ ਸਾਹਮਣੇ ਆਇਆ ਕਿ ਸਿੱਖ ਕੌਮ ਵਿਸ਼ਵ ਪੱਧਰ ‘ਤੇ ਮਨੁੱਖਤਾ, ਲੋਕਤੰਤਰ, ਸੇਵਾ ਅਤੇ ਏਕਤਾ ਦੀ ਇੱਕ ਮਜ਼ਬੂਤ ਆਵਾਜ਼ ਬਣ ਚੁੱਕੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login