ADVERTISEMENT

ADVERTISEMENT

2026 ‘ਚ 90 ਫੀਸਦੀ ਤੋਂ ਵੱਧ ਭਾਰਤੀ ਪੇਸ਼ੇਵਰ ਨੌਕਰੀ ਦੀ ਭਾਲ ਲਈ ਕਰਨਗੇ AI ਦੀ ਵਰਤੋਂ - ਰਿਪੋਰਟ

ਪ੍ਰਾਂਪਟ ਇੰਜੀਨੀਅਰ, AI ਇੰਜੀਨੀਅਰ ਅਤੇ ਸਾਫਟਵੇਅਰ ਇੰਜੀਨੀਅਰ ਇਸ ਸਾਲ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਤਿੰਨ ਨੌਕਰੀਆਂ ਹੋਣਗੀਆਂ

AI Image / IANS

8 ਜਨਵਰੀ ਨੂੰ ਜਾਰੀ ਇੱਕ ਰਿਪੋਰਟ ਮੁਤਾਬਕ, ਭਾਰਤ ਵਿੱਚ 90 ਫੀਸਦੀ ਤੋਂ ਵੱਧ ਪੇਸ਼ੇਵਰ 2026 ਵਿੱਚ ਨੌਕਰੀ ਲੱਭਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਹੇ ਹਨ। ਪੇਸ਼ੇਵਰ ਨੈਟਵਰਕਿੰਗ ਪਲੇਟਫਾਰਮ ਲਿੰਕਡਇਨ ਵੱਲੋਂ ਜਾਰੀ ਕੀਤੀ ਗਈ ਇਸ ਰਿਪੋਰਟ ਅਨੁਸਾਰ, AI ਹੁਣ ਸਿਰਫ਼ ਉਤਪਾਦਕਤਾ ਵਧਾਉਣ ਦਾ ਸਾਧਨ ਨਹੀਂ ਰਹੀ, ਸਗੋਂ ਭਾਰਤੀ ਨੌਕਰੀ ਖੋਜਕਾਰਾਂ ਲਈ ਆਤਮ-ਵਿਸ਼ਵਾਸ ਬਣਾਉਣ ਵਾਲਾ ਮਾਧਿਅਮ ਵੀ ਬਣ ਗਿਆ ਹੈ। 

66 ਫੀਸਦੀ ਪੇਸ਼ੇਵਰਾਂ ਦਾ ਮੰਨਣਾ ਹੈ ਕਿ AI, ਇੰਟਰਵਿਊ ਦੌਰਾਨ ਉਨ੍ਹਾਂ ਦਾ ਵਿਸ਼ਵਾਸ ਵਧਾਉਂਦੀ ਹੈ। ਉਥੇ ਹੀ 84 ਫੀਸਦੀ ਪੇਸ਼ੇਵਰਾਂ ਨੇ ਕਿਹਾ ਕਿ ਉਹ ਨਵੀਂ ਨੌਕਰੀ ਲੱਭਣ ਲਈ ਆਪਣੇ ਆਪ ਨੂੰ ਤਿਆਰ ਮਹਿਸੂਸ ਨਹੀਂ ਕਰਦੇ। ਹਾਲਾਂਕਿ, 72 ਫੀਸਦੀ ਨੇ ਦੱਸਿਆ ਕਿ ਉਹ 2026 ਵਿੱਚ ਸਰਗਰਮੀ ਨਾਲ ਨਵਾਂ ਰੋਲ ਲੱਭ ਰਹੇ ਹਨ। ਜਦਕਿ 87 ਫੀਸਦੀ ਪੇਸ਼ੇਵਰਾਂ ਨੇ ਕੰਮਕਾਜ ਦੌਰਾਨ AI ਦੀ ਵਰਤੋਂ ਨਾਲ ਆਸਾਨੀ ਮਹਿਸੂਸ ਹੋਣ ਦੀ ਗੱਲ ਕੀਤੀ, ਉੱਥੇ ਕਈ ਲੋਕਾਂ ਨੂੰ ਇਹ ਅਸਪਸ਼ਟਤਾ ਹੈ ਕਿ ਭਰਤੀ ਵਿੱਚ AI ਕਿਵੇਂ ਵਰਤੀ ਜਾ ਰਹੀ ਹੈ।

ਲਿੰਕਡਇਨ ਦੀ ਕਰੀਅਰ ਐਕਸਪਰਟ ਅਤੇ ਲਿੰਕਡਇਨ ਇੰਡੀਆ ਨਿਊਜ਼ ਦੀ ਸੀਨੀਅਰ ਮੈਨੇਜਿੰਗ ਐਡੀਟਰ ਨਿਰਾਜਿਤਾ ਬੈਨਰਜੀ ਨੇ ਕਿਹਾ, “AI ਹੁਣ ਇਸ ਗੱਲ ਦਾ ਬੁਨਿਆਦੀ ਹਿੱਸਾ ਬਣ ਚੁੱਕਾ ਹੈ ਕਿ ਕਰੀਅਰ ਕਿਵੇਂ ਬਣਦੇ ਹਨ ਅਤੇ ਭਾਰਤ ਦੇ ਨੌਕਰੀ ਬਾਜ਼ਾਰ ਵਿੱਚ ਟੈਲੰਟ ਦੀ ਪਰਖ ਕਿਵੇਂ ਹੁੰਦੀ ਹੈ। ਪੇਸ਼ੇਵਰਾਂ ਲਈ ਸਭ ਤੋਂ ਵੱਡੀ ਲੋੜ ਇਹ ਹੈ ਕਿ ਉਹ ਸਮਝ ਸਕਣ ਕਿ ਉਨ੍ਹਾਂ ਦੇ ਹੁਨਰ ਮੌਕਿਆਂ ਵਿੱਚ ਕਿਵੇਂ ਬਦਲਦੇ ਹਨ ਅਤੇ ਭਰਤੀ ਦੇ ਫੈਸਲੇ ਅਸਲ ਵਿੱਚ ਕਿਵੇਂ ਲਏ ਜਾਂਦੇ ਹਨ।”

ਉਨ੍ਹਾਂ ਅੱਗੇ ਕਿਹਾ, “ਉਦੇਸ਼ਪੂਰਕ ਢੰਗ ਨਾਲ ਵਰਤੀ ਗਈ AI ਲੋਕਾਂ ਨੂੰ ਇਹ ਪਛਾਣਨ ਵਿੱਚ ਮਦਦ ਕਰ ਸਕਦੀ ਹੈ ਕਿ ਕਿਹੜੇ ਰੋਲ ਉਨ੍ਹਾਂ ਲਈ ਠੀਕ ਹਨ, ਤਾਂ ਜੋ ਉਹ ਤਿਆਰੀ ਸਹੀ ਦਿਸ਼ਾ ਵਿੱਚ ਕਰ ਸਕਣ ਅਤੇ ਆਪਣੀ ਸਿੱਖਿਆ ਉੱਥੇ ਕੇਂਦਰਿਤ ਕਰ ਸਕਣ ਜਿੱਥੇ ਇਸਦੀ ਸਭ ਤੋਂ ਵੱਧ ਲੋੜ ਹੈ।“

ਲਿੰਕਡਇਨ ਦੇ ਅੰਕੜਿਆਂ ਅਨੁਸਾਰ, ਭਾਰਤ ਵਿੱਚ ਹਰ ਨੌਕਰੀ ਲਈ ਬਿਨੈਕਾਰਾਂ ਦੀ ਗਿਣਤੀ 2022 ਦੇ ਸ਼ੁਰੂ ਤੋਂ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ, ਜਿਸ ਨਾਲ ਮੁਕਾਬਲਾ ਕਾਫ਼ੀ ਸਖ਼ਤ ਹੋ ਗਿਆ ਹੈ। ਨੌਕਰੀ ਲੱਭਣ ਵਾਲਿਆਂ ਦੇ ਨਾਲ-ਨਾਲ ਲਗਭਗ 74 ਫੀਸਦੀ ਭਰਤੀ ਕਰਨ ਵਾਲਿਆਂ ਨੇ ਵੀ ਕਿਹਾ ਹੈ ਕਿ ਪਿਛਲੇ ਇੱਕ ਸਾਲ ਵਿੱਚ ਯੋਗ ਟੈਲੰਟ ਲੱਭਣਾ ਔਖਾ ਹੋ ਗਿਆ ਹੈ। 
ਲਿੰਕਡਇਨ ਦੀ “ਇੰਡੀਆ ਜੌਬਜ਼ ਆਨ ਦ ਰਾਈਜ਼” ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਪ੍ਰਾਂਪਟ ਇੰਜੀਨੀਅਰ, AI ਇੰਜੀਨੀਅਰ ਅਤੇ ਸਾਫਟਵੇਅਰ ਇੰਜੀਨੀਅਰ ਇਸ ਸਾਲ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਤਿੰਨ ਨੌਕਰੀਆਂ ਹੋਣਗੀਆਂ। ਰੈਂਕਿੰਗ ਵਿੱਚ ਸੇਲਜ਼ ਅਤੇ ਬ੍ਰੈਂਡ ਸਟ੍ਰੈਟਜੀ, ਸਾਈਬਰ ਸੁਰੱਖਿਆ ਅਤੇ ਸਲਾਹਕਾਰ ਸੇਵਾਵਾਂ ਨਾਲ ਜੁੜੇ ਖੇਤਰਾਂ ਵਿੱਚ ਵੀ ਮਜ਼ਬੂਤ ਮੰਗ ਦਰਸਾਈ ਗਈ ਹੈ।

Comments

Related