ADVERTISEMENT

ADVERTISEMENT

ਨਿਊ ਜਰਸੀ ਦੇ ‘ਤਬਲਾ ਟਵਿੰਸ’ ਸੁਰਖੀਆਂ ‘ਚ, ਪੜ੍ਹਾਈ ਦੇ ਨਾਲ-ਨਾਲ ਚਲਾ ਰਹੇ ਮੁਫ਼ਤ ਤਬਲਾ ਅਕੈਡਮੀ

ਇਹ ਜੋੜਾ ਪਿਛਲੇ ਦੋ ਸਾਲਾਂ ਤੋਂ 10 ਤੋਂ 12 ਸਾਲ ਦੇ ਲਗਭਗ ਦੱਸ ਵਿਦਿਆਰਥੀਆਂ ਨੂੰ ਤਬਲਾ ਸਿਖਾ ਰਿਹਾ ਹੈ

ਤਬਲਾ ਵਜਾਉਂਦੇ ਹੋਏ ਦੋ ਭਰਾਵਾਂ ਦੀ ਤਸਵੀਰ / Navya Asopa

ਨਿਊ ਜਰਸੀ ਦੇ ਉਪਨਗਰਾਂ ਵਿੱਚ ਭਾਰਤੀ ਤਾਲ ਵਾਲੇ ਸਾਜ਼ਾਂ ਲਈ ਜੋਸ਼ੀਲੇ ਜੁੜਵਾਂ ਬੱਚਿਆਂ ਦਾ ਮਿਲਣਾ ਆਮ ਗੱਲ ਨਹੀਂ ਹੈ। ਸਾਹਿਲ ਅਤੇ ਰੋਹਨ ਗਾਂਧੀ, ਜੋ ਰੋਬਿਨਸਵਿਲ ਦੇ ‘ਤਬਲਾ ਟਵਿੰਸ’ ਵਜੋਂ ਮਸ਼ਹੂਰ ਹਨ, 2023 ਵਿੱਚ ਸਥਾਪਿਤ ਕੀਤੀ ਗਈ ਆਪਣੀ ਮੁਫ਼ਤ ਤਬਲਾ ਅਕੈਡਮੀ ਦੇ ਨਾਲ-ਨਾਲ ਆਪਣੀ 11ਵੀਂ ਜਮਾਤ ਦੀ ਪੜ੍ਹਾਈ ਨੂੰ ਵੀ ਸੰਭਾਲ ਰਹੇ ਹਨ।

‘ਤਬਲਾ ਟਵਿੰਸ’ / Navya Asopa
‘ਤਬਲਾ ਟਵਿੰਸ’ / Navya Asopa

ਸਾਹਿਲ ਨੇ ਦੱਸਿਆ, “ਸਾਨੂੰ ਅਹਿਸਾਸ ਹੋਇਆ ਕਿ ਸਾਡੀ ਕਮਿਊਨਿਟੀ ਵਿੱਚ ਅਧਿਆਪਕਾਂ ਦੀ ਘਾਟ ਹੈ, ਜਿਸ ਕਰਕੇ ਅਸੀਂ ਇਹ ਅਕੈਡਮੀ ਚਲਾਉਣ ਦਾ ਫੈਸਲਾ ਕੀਤਾ।" ਉਸਦੇ ਦੇ ਪਿਤਾ, ਜੋ ਇੰਜੀਨੀਅਰ ਹਨ ਅਤੇ ਨਾਲ ਹੀ ਡੀਜੇ ਵਜੋਂ ਵੀ ਕੰਮ ਕਰਦੇ ਹਨ, ਉਨ੍ਹਾਂ ਦੇ ਪ੍ਰੇਰਣਾਦਾਇਕ ਪ੍ਰਭਾਵ ਹੇਠ ਸਾਹਿਲ ਨੇ ਪੰਜ ਸਾਲ ਦੀ ਉਮਰ ਵਿੱਚ ਤਬਲਾ ਸਿੱਖਣਾ ਸ਼ੁਰੂ ਕੀਤਾ ਅਤੇ ਥੋੜ੍ਹੇ ਸਮੇਂ ਬਾਅਦ ਰੋਹਨ ਨੇ ਵੀ ਸਾਹਿਲ ਦੇ ਨਾਲ ਮਿਲਕੇ ਤਬਲਾ ਸਿੱਖਣਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ ‘ਤੇ ਆਪਣੇ ਮਿਊਜ਼ਿਕ ਵੀਡੀਓਜ਼ ਨਾਲ ਲੋਕਾਂ ਦਾ ਧਿਆਨ ਖਿੱਚਿਆ ਹੈ। ਰੋਹਨ ਨੇ ਕਿਹਾ, “ਇਹ ਸਾਡੀ ਕਮਿਊਨਿਟੀ ਨੂੰ ਕੁਝ ਵਾਪਸ ਦੇਣ ਅਤੇ ਇਹਨਾਂ ਕਲਾਵਾਂ ਨੂੰ ਪ੍ਰਚਾਰਿਤ ਕਰਨ ਦਾ ਇੱਕ ਸ਼ਾਨਦਾਰ ਤਰੀਕਾ ਹੈ, ਜੋ ਕਾਫੀ ਦੁਰਲੱਭ ਹੈ।”

ਸਾਹਿਲ ਜ਼ਾਕਿਰ ਹੁਸੈਨ ਅਤੇ ਸੰਜੈ ਲੀਲਾ ਭਾਂਸਾਲੀ ਦਾ ਵੱਡਾ ਪ੍ਰਸ਼ੰਸਕ ਹੈ, ਜਦਕਿ ਰੋਹਨ ਆਮ ਤੌਰ ‘ਤੇ ਬੈਡ ਬਨੀ ਦੇ ਗੀਤਾਂ ਨੂੰ ਪਸੰਦ ਕਰਦਾ ਹੈ—ਇਹੀ ਉਨ੍ਹਾਂ ਨੂੰ ਹੋਰ ਜ਼ਿਆਦਾ ਪ੍ਰਯੋਗ ਕਰਨ ਅਤੇ ਕਲਾਸੀਕਲ ਸੰਗੀਤ ਨੂੰ ਆਧੁਨਿਕ ਰੰਗ ਵਿੱਚ ਪੇਸ਼ ਕਰਨ ਲਈ ਪ੍ਰੇਰਿਤ ਕਰਦਾ ਹੈ। “ਤਬਲਾ ਬਹੁਤ ਵਿਲੱਖਣ ਹੈ; ਇਹ ਸੰਗੀਤ ਦੀਆਂ ਵੱਖ-ਵੱਖ ਲਹਿਰਾਂ ਵਿੱਚ ਪੂਰੀ ਤਰ੍ਹਾਂ ਰਚ ਜਾਂਦਾ ਹੈ,” ਸਾਹਿਲ ਨੇ ਕਿਹਾ।

ਇਹ ਜੋੜਾ ਪਿਛਲੇ ਦੋ ਸਾਲਾਂ ਤੋਂ ਆਪਣੇ ਇਲਾਕੇ ਵਿੱਚ 10 ਤੋਂ 12 ਸਾਲ ਦੀ ਉਮਰ ਦੇ ਲਗਭਗ ਦੱਸ ਵਿਦਿਆਰਥੀਆਂ ਨੂੰ ਤਬਲਾ ਸਿਖਾ ਰਿਹਾ ਹੈ—ਇਨ੍ਹਾਂ ਵਿੱਚ ਉੱਤਰੀ ਅਤੇ ਦੱਖਣੀ ਭਾਰਤ ਦੇ ਬੱਚੇ ਸ਼ਾਮਲ ਹਨ। ਰੋਹਨ ਨੇ ਦੱਸਿਆ, “ਸਾਰੇ ਵਿਦਿਆਰਥੀ ਬਹੁਤ ਵਧੀਆ ਹਨ, ਉਨ੍ਹਾਂ ਨੂੰ ਪੜ੍ਹਾਉਣਾ ਬਹੁਤ ਚੰਗਾ ਲੱਗਦਾ ਹੈ। ਇਹ ਉਹਨਾਂ ਦਾ ਤੀਜਾ ਸਾਲ ਹੋਵੇਗਾ ਅਤੇ ਇਹ ਸਾਡੇ ਲਈ ਰੋਮਾਂਚਕ ਗੱਲ ਹੈ।”

ਉਨ੍ਹਾਂ ਦੀ ਨਵੀਂ ਪ੍ਰਕਾਸ਼ਿਤ ਹੋਈ ਬੋਰਡ ਬੁੱਕ “A Baby’s Guide to Tabla” ਹੁਣ ਨਿਊ ਜਰਸੀ ਦੀਆਂ ਲਾਇਬ੍ਰੇਰੀਆਂ ਵਿੱਚ ਪਹੁੰਚ ਰਹੀ ਹੈ ਅਤੇ ਨਾਲ ਉਹ ਹੋਰ ਵੀ ਬੱਚਿਆਂ ਨੂੰ ਸਿਖਲਾਈ ਦੇਣ ਦੀ ਉਮੀਦ ਕਰਦੇ ਹਨ। ਉਨ੍ਹਾਂ ਦੀ ਮਾਂ, ਭੂਮੀ ਗਾਂਧੀ, ਜੋ ਪੇਸ਼ੇ ਨਾਲ ਇੱਕ ਰਿਸਕ ਮੈਨੇਜਰ ਹਨ, ਗੁਜਰਾਤ ਵਿੱਚ ਪੈਦਾ ਹੋਈ ਅਤੇ ਬਾਅਦ ਵਿੱਚ ਆਪਣੇ ਮਾਤਾ-ਪਿਤਾ ਨਾਲ ਅਮਰੀਕਾ ਆ ਗਈ ਸੀ। ਮਾਂ ਭੂਮੀ ਗਾਂਧੀ ਨੇ ਕਿਹਾ ਸਾਹਿਲ ਅਤੇ ਰੋਹਨ ਜ਼ਿਆਦਾ ਗੁਜਰਾਤੀ ਜਾਂ ਹਿੰਦੀ ਨਹੀਂ ਬੋਲਦੇ ਪਰ ਤਬਲਾ ਵਜਾਉਂਦੇ ਹੋਏ ਬਾਲੀਵੁੱਡ ਗੀਤ ਬਿਲਕੁਲ ਠੀਕ ਗਾ ਲੈਂਦੇ ਹਨ।

ਹਾਈ ਸਕੂਲ ਤੋਂ ਬਾਅਦ ਦੋਵੇਂ ਭਰਾ ਵੱਖ-ਵੱਖ ਰਸਤੇ ‘ਤੇ ਜਾਣ ਵਾਲੇ ਹਨ। ਸਾਹਿਲ ਕਾਲਜ ਵਿੱਚ ਫਾਇਨੈਂਸ ਪੜ੍ਹਨਾ ਚਾਹੁੰਦਾ ਹੈ, ਜਦਕਿ ਰੋਹਨ ਮਾਰਕੀਟਿੰਗ ਵਿਚ ਰੁਚੀ ਰੱਖਦਾ ਹੈ—ਇਹ ਫੈਸਲੇ ਉਹਨਾਂ ਨੂੰ ਵੱਖ-ਵੱਖ ਥਾਵਾਂ ‘ਤੇ ਲੈ ਜਾ ਸਕਦੇ ਹਨ। ਦੂਰੀ ਦੇ ਵੱਧਣ ਨਾਲ, ਉਹ ਇਸ ਬਾਰੇ ਅਨਿਸ਼ਚਿਤ ਹਨ ਕਿ ਉਹ ਅਕੈਡਮੀ ਨੂੰ ਇਕੱਠੇ ਕਿਵੇਂ ਚਲਾਉਂਦੇ ਰਹਿਣਗੇ।

ਉਨ੍ਹਾਂ ਦੀ ਮਾਂ, ਹਾਲਾਂਕਿ, ਇਹ ਮੰਨਦੀ ਹੈ ਕਿ ਉਹ ਰਾਹ ਲੱਭ ਲੈਣਗੇ। ਭੂਮੀ ਨੇ ਕਿਹਾ, “ਜੇਕਰ ਉਹ ਵੱਖ-ਵੱਖ ਸਕੂਲਾਂ ਵਿੱਚ ਗਏ, ਤਾਂ ਉਹ ਆਪਣਾ-ਆਪਣਾ ਕੰਮ ਕਰਨਗੇ। ਪਰ ਕਿਸੇ ਨ ਕਿਸੇ ਤਰੀਕੇ ਨਾਲ, ਤਬਲਾ ਵਜਾਉਣ ਦੀ ਇਹ ਸੰਸਕ੍ਰਿਤੀ ਜਾਰੀ ਰਹੇਗੀ।”

ਸਾਹਿਲ ਨੇ ਇਹ ਕਹਿ ਕੇ ਗੱਲ ਪੂਰੀ ਕੀਤੀ, "ਸਾਡੇ ਲਈ, ਜਿਵੇਂ ਕਿ ਜ਼ਾਕਿਰ ਹੁਸੈਨ ਨੇ ਇੱਕ ਵਾਰ ਕਿਹਾ ਸੀ, ਤਬਲਾ ਸਿਰਫ਼ ਇੱਕ ਸਾਜ਼ ਨਹੀਂ ਹੈ, ਇਹ ਜੀਵਨ ਜਿਊਣ ਦਾ ਇੱਕ ਤਰੀਕਾ ਹੈ।" ਚਾਹੇ ਕੁਝ ਵੀ ਹੋਵੇ, 'ਤਬਲਾ ਟਵਿੰਸ' ਦਾ ਇਹ ਜਨੂੰਨ ਹਮੇਸ਼ਾ ਬਰਕਰਾਰ ਰਹੇਗਾ।

Comments

Related