ਫ਼ਲੋਰੀਡਾ ਦੇ ਟਰਨਪਾਈਕ ‘ਤੇ ਹੋਏ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਦੇ ਦੋਸ਼ ਹੇਠ 28 ਸਾਲਾ ਪ੍ਰਵਾਸੀ ਟਰੱਕ ਡਰਾਈਵਰ ਪ੍ਰਤੀ ਨਰਮੀ ਵਰਤਣ ਦੀ ਮੰਗ ਵਾਲੀ ਇੱਕ ਅਰਜ਼ੀ ‘ਤੇ 26 ਅਗਸਤ ਤੱਕ 30 ਲੱਖ ਤੋਂ ਵੱਧ ਦਸਤਖ਼ਤ ਹੋ ਚੁੱਕੇ ਹਨ।
ਇਹ change.org ਪਟੀਸ਼ਨ, ਜੋ ਕਿ ਫ਼ਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਅਤੇ ਫ਼ਲੋਰੀਡਾ ਬੋਰਡ ਆਫ਼ ਏਗਜ਼ਿਕਿਊਟਿਵ ਕਲੇਮੈਂਸੀ ਨੂੰ ਸੰਬੋਧਤ ਹੈ, ਦੀ ਦਲੀਲ ਹੈ ਕਿ ਹਰਜਿੰਦਰ ਸਿੰਘ ਦੀ ਹਰਕਤ ਇੱਕ ਦੁਖਦਾਈ ਗ਼ਲਤੀ ਸੀ, ਨਾ ਕਿ ਜਾਣਬੁੱਝ ਕੇ ਕੀਤਾ ਗਿਆ ਅਪਰਾਧ। ਪਟੀਸ਼ਨ ਵਿੱਚ ਲਿਖਿਆ ਹੈ “ਇਹ ਇੱਕ ਦੁਖਦਾਈ ਹਾਦਸਾ ਸੀ — ਕੋਈ ਜਾਣਬੁੱਝ ਕੇ ਕੀਤਾ ਗਿਆ ਕੰਮ ਨਹੀਂ।”
ਇਸ ਵਿੱਚ ਮੰਗ ਕੀਤੀ ਗਈ ਹੈ ਕਿ ਜੇ ਹਰਜਿੰਦਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ “ਉਚਿਤ ਅਤੇ ਨਿਆਇਕ” ਸਜ਼ਾ ਮਿਲੇ, ਜਿਸ ਵਿੱਚ ਪੈਰੋਲ ਦੀ ਸੰਭਾਵਨਾ ਜਾਂ ਕੈਦ ਦੇ ਬਦਲੇ ਹੋਰ ਵਿਕਲਪ ਸ਼ਾਮਲ ਹੋਣ।
ਦੱਸ ਦਈਏ ਕਿ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਆਏ ਹਰਜਿੰਦਰ ਸਿੰਘ ‘ਤੇ 12 ਅਗਸਤ ਨੂੰ ਫੋਰਟ ਪੀਅਰਸ ਵਿੱਚ ਗੈਰਕਾਨੂੰਨੀ ਯੂ-ਟਰਨ ਦੀ ਕੋਸ਼ਿਸ਼ ਤੋਂ ਬਾਅਦ ਵਾਹਨ ਨਾਲ ਤਿੰਨ ਹੱਤਿਆਵਾਂ ਦੇ ਦੋਸ਼ ਲੱਗੇ ਹਨ। ਅਧਿਕਾਰੀਆਂ ਦੇ ਮੁਤਾਬਕ ਯੂ-ਟਰਨ ਕਾਰਨ ਟਰੱਕ ਦਾ ਟ੍ਰੇਲਰ “ਜੈਕਨਾਈਫ਼” ਹੋ ਗਿਆ ਅਤੇ ਇਹ ਇੱਕ ਮਿਨੀਵੈਨ ਨਾਲ ਟਕਰਾ ਗਿਆ, ਜਿਸ ਵਿੱਚ ਤਿੰਨੋ ਸਵਾਰ ਮਾਰੇ ਗਏ।
ਇਸ ਹਾਦਸੇ ਤੋਂ ਬਾਅਦ ਹਰਜਿੰਦਰ ਨੂੰ 16 ਅਗਸਤ ਨੂੰ ਕੈਲੀਫ਼ੋਰਨੀਆ ਦੇ ਸਟਾਕਟਨ ਵਿੱਚ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਜਾਂਚਕਰਤਾਵਾਂ ਨੇ ਕਿਹਾ ਕਿ ਉਹ ਅਤੇ ਉਸ ਦਾ ਸਾਥੀ ਹਾਦਸੇ ਦੇ ਅਗਲੇ ਦਿਨ ਸੈਕਰਾਮੈਂਟੋ ਭੱਜ ਗਏ ਸਨ। ਪਿਛਲੇ ਹਫ਼ਤੇ ਸਿੰਘ ਨੂੰ ਫ਼ਲੋਰੀਡਾ ਲਿਆਂਦਾ ਗਿਆ। 23 ਅਗਸਤ ਨੂੰ, ਸੇਂਟ ਲੂਸੀ ਕਾਊਂਟੀ ਦੇ ਜੱਜ ਨੇ ਗੈਰਕਾਨੂੰਨੀ ਪ੍ਰਵਾਸੀ ਸਥਿਤੀ ਅਤੇ ਭੱਜਣ ਦੇ ਖ਼ਤਰੇ ਦਾ ਹਵਾਲਾ ਦਿੰਦੇ ਹੋਏ ਉਸਦੀ ਜ਼ਮਾਨਤ ਰੱਦ ਕਰ ਦਿੱਤੀ।
Change.org ‘ਤੇ ਇੱਕ ਵੱਖਰੀ ਪਟੀਸ਼ਨ ਵੀ ਚਰਚਾ ਵਿਚ ਹੈ, ਜਿਸ ਵਿੱਚ ਉਹਨਾਂ ਲੋਕਾਂ ਦੇ ਦੇਸ਼-ਨਿਕਾਲੇ ਦੀ ਮੰਗ ਕੀਤੀ ਗਈ ਹੈ ਜਿਨ੍ਹਾਂ ਨੇ ਹਰਜਿੰਦਰ ਦੀ ਸਜ਼ਾ ਘਟਾਉਣ ਦੇ ਹੱਕ ਵਿੱਚ ਦਸਤਖ਼ਤ ਕੀਤੇ। ਇਸ ਵਿਰੋਧੀ ਪਟੀਸ਼ਨ ਵਿੱਚ ਲਿਖਿਆ ਹੈ, “5 ਲੱਖ ਤੋਂ ਵੱਧ ਲੋਕਾਂ ਨੇ ਉਸਦੀ ਸਜ਼ਾ ਘਟਾਉਣ ਲਈ ਹਸਤਾਖਰ ਕੀਤੇ ਹਨ, ਜੋ ਇਨਸਾਫ਼ ਅਤੇ ਜਾਨਾਂ ਦੀ ਕੀਮਤ ਨੂੰ ਅਣਦੇਖਾ ਕਰਦਾ ਹੈ।” ਅਤੇ ਅਮਰੀਕੀ ਸਰਕਾਰ ਨੂੰ ਜਨਤਕ ਸੁਰੱਖਿਆ 'ਤੇ "ਇੱਕ ਸਪੱਸ਼ਟ ਸੰਦੇਸ਼" ਭੇਜਣ ਦੀ ਅਪੀਲ ਕੀਤੀ ਗਈ ਹੈ।
ਫੈਡਰਲ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਹਰਜਿੰਦਰ 2018 ਵਿੱਚ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖ਼ਲ ਹੋਇਆ ਸੀ ਅਤੇ ਬਾਅਦ ਵਿੱਚ ਕੈਲੀਫ਼ੋਰਨੀਆ ਵਿੱਚ ਕਮਰਸ਼ੀਅਲ ਡਰਾਈਵਰ ਲਾਇਸੈਂਸ ਪ੍ਰਾਪਤ ਕਰ ਲਿਆ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਊਰਿਟੀ ਦੇ ਅਨੁਸਾਰ, ਉਸਦੀ ਵਰਕ ਅਥਾਰਾਈਜ਼ੇਸ਼ਨ ਲਈ ਅਰਜ਼ੀ 2020 ਵਿੱਚ ਟਰੰਪ ਪ੍ਰਸ਼ਾਸਨ ਵੱਲੋਂ ਰੱਦ ਕਰ ਦਿੱਤੀ ਗਈ ਸੀ।
Comments
Start the conversation
Become a member of New India Abroad to start commenting.
Sign Up Now
Already have an account? Login