ADVERTISEMENT

ADVERTISEMENT

ਕੈਨੇਡਾ ਵਿੱਚ ਮਾਰੇ ਗਏ ਭਾਰਤੀ ਮੂਲ ਦੇ ਕਾਰੋਬਾਰੀ ਦੇ ਪਰਿਵਾਰ ਲਈ ਫੰਡਰੇਜ਼ਰ ਸ਼ੁਰੂ

ਅਰਵੀ ਸਿੰਘ ਸਾਗੂ ਦੀ ਹੱਤਿਆ ਉਦੋਂ ਹੋਈ ਜਦੋਂ ਉਨ੍ਹਾਂ ਨੇ ਇੱਕ ਅਜਨਬੀ ਨੂੰ ਆਪਣੀ ਕਾਰ 'ਤੇ ਪਿਸ਼ਾਬ ਕਰਨ ਤੋਂ ਰੋਕਿਆ

ਅਰਵੀ ਸਿੰਘ ਸਾਗੂ / ਪ੍ਰਨਵੀ ਸ਼ਰਮਾ

55 ਸਾਲਾ ਭਾਰਤੀ ਮੂਲ ਦੇ ਅਰਵੀ ਸਿੰਘ ਸਾਗੂ ਦੇ ਪਰਿਵਾਰ ਦੀ ਮਦਦ ਲਈ ਇੱਕ ਕਮਿਊਨਿਟੀ ਫੰਡਰੇਜ਼ਰ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸਾਗੂ ਦੀ ਇਸ ਮਹੀਨੇ ਦੇ ਸ਼ੁਰੂ ਵਿੱਚ ਐਡਮਿੰਟਨ ਦੇ ਕੇਂਦਰੀ ਇਲਾਕੇ ਵਿੱਚ ਹਮਲੇ ਤੋਂ ਬਾਅਦ ਮੌਤ ਹੋ ਗਈ ਸੀ। ਪੁਲਿਸ ਅਨੁਸਾਰ, 19 ਅਕਤੂਬਰ ਸਵੇਰੇ ਕਰੀਬ 2:20 ਮਿੰਟ ‘ਤੇ ਅਧਿਕਾਰੀਆਂ ਨੂੰ 109 ਸਟ੍ਰੀਟ ਅਤੇ 100 ਐਵੇਨਿਊ ਦੇ ਨੇੜੇ ਹਮਲੇ ਦੀ ਸੂਚਨਾ ਮਿਲੀ। ਜਦੋਂ ਉਹ ਮੌਕੇ ‘ਤੇ ਪਹੁੰਚੇ, ਉਹਨਾਂ ਨੂੰ ਸਾਗੂ ਬੇਹੋਸ਼ ਮਿਲੇ। ਉਨ੍ਹਾਂ ਨੂੰ ਤੁਰੰਤ ਮੌਕੇ ‘ਤੇ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸਦੀ ਹਾਲਤ ਨਾਜ਼ੁਕ ਸੀ। ਖ਼ਬਰਾਂ ਅਨੁਸਾਰ, ਸਾਗੂ ‘ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਨ੍ਹਾਂ ਨੇ ਇੱਕ ਅਣਜਾਣ ਵਿਅਕਤੀ ਨੂੰ ਆਪਣੀ ਕਾਰ ‘ਤੇ ਪਿਸ਼ਾਬ ਕਰਨ ਤੋਂ ਰੋਕਿਆ।

ਪੁਲਿਸ ਨੇ ਕਿਹਾ ਕਿ ਸਾਗੂ ਦੀ ਮੌਤ 24 ਅਕਤੂਬਰ ਨੂੰ ਹੋਈ। ਐਡਮਿੰਟਨ ਪੁਲਿਸ ਦੀ ਹੋਮਿਸਾਈਡ ਯੂਨਿਟ ਜਾਂਚ ਜਾਰੀ ਰੱਖ ਰਹੀ ਹੈ ਅਤੇ ਹੋਰ ਦੋਸ਼ ਲੱਗਣ ਦੀ ਵੀ ਸੰਭਾਵਨਾ ਹੈ।

40 ਸਾਲਾ ਕਾਇਲ ਪੈਪਿਨ ਨੂੰ ਘਟਨਾ ਤੋਂ ਕੁਝ ਸਮੇਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਸ਼ੁਰੂ ਵਿਚ ਉਸ ‘ਤੇ ਗੰਭੀਰ ਹਮਲੇ ਦਾ ਦੋਸ਼ ਲਗਾਇਆ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਪੈਪਿਨ ਅਤੇ ਸਾਗੂ ਇੱਕ-ਦੂਜੇ ਨੂੰ ਨਹੀਂ ਜਾਣਦੇ ਸਨ। ਪੈਪਿਨ ਦੀ ਅਗਲੀ ਅਦਾਲਤੀ ਪੇਸ਼ੀ 4 ਨਵੰਬਰ ਨੂੰ ਨਿਰਧਾਰਤ ਹੈ। 

ਸਾਗੂ ਦੀ ਮੌਤ ਤੋਂ ਬਾਅਦ, ਵਿੰਸੈਂਟ ਰਾਮ ਦੁਆਰਾ ਸ਼ੁਰੂ ਕੀਤੇ ਗਏ ਇੱਕ ਫੰਡਰੇਜ਼ਰ ਨੇ $10,000 CAD ਦੇ ਟੀਚੇ ਵਿੱਚੋਂ $4,400 ਤੋਂ ਵੱਧ ਰਕਮ ਇਕੱਠੀ ਕਰ ਲਈ ਹੈ, ਜੋ 33 ਦਾਨੀਆਂ ਵੱਲੋਂ ਦਿੱਤੀ ਗਈ ਹੈ। ਮੁਹਿੰਮ ਵਿੱਚ ਸਾਗੂ ਨੂੰ “ਇੱਕ ਬਹੁਤ ਦਿਆਲੂ ਅਤੇ ਪਿਆਰ ਕਰਨ ਵਾਲੇ ਪਿਤਾ” ਵਜੋਂ ਵਰਣਨ ਕੀਤਾ ਗਿਆ ਹੈ ਅਤੇ ਮੁਹਿੰਮ ਦਾ ਉਦੇਸ਼ ਅੰਤਿਮ ਸੰਸਕਾਰ ਦੇ ਖ਼ਰਚੇ, ਘਰੇਲੂ ਖ਼ਰਚੇ ਅਤੇ ਉਸਦੇ ਦੋ ਬੱਚਿਆਂ ਦੀ ਭਵਿੱਖੀ ਸਿੱਖਿਆ ਤੇ ਹੋਰ ਸਹਾਇਤਾ ਲਈ ਵਿੱਤੀ ਮਦਦ ਪ੍ਰਦਾਨ ਕਰਨਾ ਹੈ।

ਮੁਹਿੰਮ ਵਿਚ ਕਿਹਾ ਗਿਆ, “ਇਕੱਠੀ ਕੀਤੀ ਗਈ ਰਕਮ ਅੰਤਿਮ ਸੰਸਕਾਰ ਦੇ ਖ਼ਰਚਿਆਂ, ਦਿਨ-ਪ੍ਰਤੀਦਿਨ ਦੇ ਖ਼ਰਚਿਆਂ ਅਤੇ ਬੱਚਿਆਂ ਦੀਆਂ ਭਵਿੱਖ ਦੀਆਂ ਜ਼ਰੂਰਤਾਂ ਲਈ ਵਰਤੀ ਜਾਵੇਗੀ।” ਇਹ ਵੀ ਕਿਹਾ ਗਿਆ ਹੈ ਕਿ ਟੀਚਾ ਸਿਰਫ਼ ਵਿੱਤੀ ਦਬਾਅ ਘਟਾਉਣਾ ਨਹੀਂ, ਬਲਕਿ ਇੱਕ ਦੁਖੀ ਪਰਿਵਾਰ ਦੇ ਆਲੇ-ਦੁਆਲੇ ਕਮਿਊਨਿਟੀ ਸਹਾਇਤਾ ਦੀ ਭਾਵਨਾ ਪੈਦਾ ਕਰਨਾ ਵੀ ਹੈ।

ਫੰਡਰੇਜ਼ਰ ਦੇ ਪੇਜ ‘ਤੇ ਕਮਿਊਨਿਟੀ ਮੈਂਬਰਾਂ ਨੂੰ ਅਪੀਲ ਕੀਤੀ ਗਈ ਹੈ ਕਿ “ਇਸ ਮੁਸ਼ਕਲ ਸਮੇਂ ਵਿੱਚ ਅਰਵੀ ਸਿੰਘ ਲਈ ਦੁਆ ਕਰਦੇ ਰਹੋ।” ਪੁਲਿਸ ਨੇ ਘਟਨਾ ਬਾਰੇ ਹੋਰ ਵੇਰਵੇ ਜਾਂ ਵਾਧੂ ਦੋਸ਼ਾਂ ਬਾਰੇ ਜਾਣਕਾਰੀ ਜਾਰੀ ਨਹੀਂ ਕੀਤੀ। ਜਾਂਚ ਹਾਲੇ ਵੀ ਜਾਰੀ ਹੈ।

Comments

Related