ਬ੍ਰਿਟਿਸ਼ ਫੌਜ ਵਿੱਚ ਸਿੱਖ ਫ਼ੌਜੀ / Wikipedia
ਵਿਸ਼ਵ ਯੁੱਧਾਂ ਦੌਰਾਨ ਸਿੱਖ ਫੌਜੀਆਂ ਦੁਆਰਾ ਦਿੱਤੀਆਂ ਗਈਆਂ ਮਹਾਨ ਕੁਰਬਾਨੀਆਂ ਨੂੰ ਯਾਦ ਕਰਨ ਲਈ ਯੂਰਪ ਦੇ ਵੱਖ-ਵੱਖ ਹਿੱਸਿਆਂ, ਖਾਸ ਕਰਕੇ ਬੈਲਜੀਅਮ ਅਤੇ ਇਟਲੀ ਵਿੱਚ ਸੰਜਮ, ਗੰਭੀਰਤਾ, ਫੌਜੀ ਸਨਮਾਨ ਅਤੇ ਉਤਸ਼ਾਹ ਨਾਲ ਸਮਾਗਮ ਕੀਤੇ ਜਾ ਰਹੇ ਹਨ।
ਆਮ ਤੌਰ ‘ਤੇ ਇਹ ਸਮਾਰੋਹ ਹਰ ਸਾਲ ਸਤੰਬਰ ਤੋਂ ਜਨਵਰੀ ਦੇ ਦਰਮਿਆਨ ਕਰਵਾਏ ਜਾਂਦੇ ਹਨ, ਤਾਂ ਜੋ ਉਹਨਾਂ ਅਸਲ ਤਾਰੀਖਾਂ ਨਾਲ ਮੇਲ ਕੀਤਾ ਜਾ ਸਕੇ ਜਦੋਂ ਸਥਾਨਕ ਪਿੰਡ, ਕਸਬੇ, ਅਤੇ ਸ਼ਹਿਰ ਜੰਗ ਦੇ ਮੈਦਾਨ ਬਣੇ ਹੋਏ ਸੀ। ਉਸ ਸਮੇਂ ਬ੍ਰਿਟਿਸ਼ ਫੌਜ ਦੀ ਵਰਦੀ ਪਹਿਨ ਕੇ ਭਾਰਤੀ ਫੌਜੀਆਂ ਖ਼ਾਸ ਕਰਕੇ ਸਿੱਖ ਫੌਜੀਆਂ ਨੇ ਨਾ ਸਿਰਫ ਜਰਮਨ ਫੌਜ ਦੇ ਆਪਣੇ ਸਾਮਰਾਜ ਨੂੰ ਵਧਾਉਣ ਦੇ ਇਰਾਦਿਆਂ ਨੂੰ ਨਾਕਾਮ ਕੀਤਾ, ਸਗੋਂ ਸਥਾਨਕ ਲੋਕਾਂ ਦੀ ਹੋਂਦ ਨੂੰ ਬਚਾਉਣ ਵਿੱਚ ਵੀ ਮਦਦ ਕੀਤੀ।
ਇਸ ਪੱਤਰਕਾਰ ਨੂੰ ਉਨ੍ਹਾਂ ਜੰਗ ਦੇ ਮੈਦਾਨਾਂ ਦਾ ਦੌਰਾ ਕਰਨ ਦਾ ਮੌਕਾ ਮਿਲਿਆ ਹੈ, ਜਿੱਥੇ ਸਿੱਖ ਫੌਜੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸੀ। ਸਥਾਨਕ ਲੋਕ ਅੱਜ ਵੀ ਉਸ ਜਜ਼ਬੇ ਦੀ ਸ਼ਲਾਘਾ ਕਰਦੇ ਹਨ, ਜਿਸ ਨਾਲ ਇਨ੍ਹਾਂ ਸਿਪਾਹੀਆਂ ਨੇ ਨਾ ਸਿਰਫ ਅੱਤ ਦੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ, ਸਗੋਂ ਆਪਣੇ ਘਰਾਂ ਤੋਂ ਹਜ਼ਾਰਾਂ ਮੀਲ ਦੂਰ ਇੱਕ ਅਣਜਾਣ ਧਰਤੀ 'ਤੇ ਅਜਿਹੇ ਲੋਕਾਂ ਦੀ ਆਜ਼ਾਦੀ ਲਈ ਜੰਗ ਲੜੀ ਜਿਨ੍ਹਾਂ ਨੂੰ ਉਹ ਜਾਣਦੇ ਤੱਕ ਨਹੀਂ ਸੀ।
ਇੱਕ ਇਟਾਲੀਅਨ ਨਾਗਰਿਕ (ਜਿਸਦੇ ਪਿਤਾ ਸਿੱਖ ਫੌਜੀਆਂ ਦੇ ਨਾਲ ਮਿਲ ਕੇ ਲੜੇ ਸੀ) ਨੇ ਕਿਹਾ, “ਉਹ ਸਦਾ ਲਈ ਸਾਡੇ ਹੀਰੋ ਰਹਿਣਗੇ।”
ਪਹਿਲੀ ਅਤੇ ਦੂਜੀ ਵਿਸ਼ਵ ਯੁੱਧ ਦੌਰਾਨ ਬ੍ਰਿਟਿਸ਼ ਫੌਜ ਦੇ ਹਿੱਸੇ ਵਜੋਂ ਸਿੱਖ ਫੌਜੀਆਂ ਵੱਲੋਂ ਦਿੱਤੀਆਂ ਗਈਆਂ ਮਹਾਨ ਕੁਰਬਾਨੀਆਂ ਨੂੰ ਹੁਣ ਦਸਤਾਵੇਜ਼ੀ ਰੂਪ ਦਿੱਤਾ ਜਾ ਰਿਹਾ ਹੈ ਅਤੇ ਯਾਦਗਾਰਾਂ ਬਣਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਨੀਦਰਲੈਂਡਜ਼ ਦੇ ਭੁਪਿੰਦਰ ਸਿੰਘ ਨੇ ਸਿੱਖ ਫੌਜੀਆਂ ਦੀ ਭੂਮਿਕਾ, ਉਨ੍ਹਾਂ ਦੇ ਯਤਨਾਂ ਅਤੇ ਕੁਰਬਾਨੀਆਂ ਨੂੰ ਦਰਜ ਕਰਨ ਦਾ ਭਾਰੀ ਜ਼ਿੰਮਾ ਆਪਣੇ ਸਿਰ ਲਿਆ ਹੈ। ਇਸ ਵਿਸ਼ੇ ‘ਤੇ ਉਹ ਪਹਿਲਾਂ ਹੀ ਦੋ ਪੁਸਤਕਾਂ ਪ੍ਰਕਾਸ਼ਿਤ ਕਰ ਚੁੱਕੇ ਹਨ।
ਇਸ ਹਫ਼ਤੇ ਦੇ ਸ਼ੁਰੂ ਵਿੱਚ ਬੈਲਜੀਅਮ ਵਿੱਚ ਇੱਕ ਸਮਾਰੋਹ ਆਯੋਜਿਤ ਕੀਤਾ ਗਿਆ, ਜੋ ਅਕਤੂਬਰ 1918 ਵਿੱਚ ਜੰਗ ਦਾ ਮੈਦਾਨ ਰਿਹਾ ਸੀ। ਭੁਪਿੰਦਰ ਸਿੰਘ ਹਾਲੈਂਡ ਨੇ ਸਿੱਖ ਸਿਪਾਹੀਆਂ ਦੀਆਂ ਯਾਦਗਾਰਾਂ ਬਣਾਉਣ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ 1998 ਤੋਂ ਬੈਲਜੀਅਮ ਦੀਆਂ ਅਥਾਰਿਟੀਆਂ ਨਾਲ ਹੋਈਆਂ ਆਪਣੀਆਂ ਮੁਲਾਕਾਤਾਂ ਨੂੰ ਯਾਦ ਕੀਤਾ। ਇਨ੍ਹਾਂ ਯਾਦਗਾਰਾਂ ਦੇ ਨੇੜੇ ਸਥਿਤ ਗੁਰਦੁਆਰਿਆਂ ਵਿੱਚ ਹਰ ਸਾਲ ਵਿਸ਼ੇਸ਼ ਦੀਵਾਨ ਸਜਾਏ ਜਾਂਦੇ ਹਨ, ਜਿੱਥੇ ਸਿੱਖ ਭਾਈਚਾਰਾ ਸਥਾਨਕ ਲੋਕਾਂ ਨਾਲ ਮਿਲ ਕੇ ਦੂਜੇ ਵਿਸ਼ਵ ਯੁੱਧ ਦੌਰਾਨ ਜਰਮਨ ਫੌਜਾਂ ‘ਤੇ ਪ੍ਰਾਪਤ ਕੀਤੀ ਜਿੱਤ ਦਾ ਜਸ਼ਨ ਮਨਾਉਂਦਾ ਹੈ। ਕਿਉਂਕਿ ਜ਼ਿਆਦਾਤਰ ਸਿੱਖ ਸਿਪਾਹੀ ਮਾਝਾ ਖੇਤਰ ਨਾਲ ਸੰਬੰਧਿਤ ਸਨ, ਇਸ ਲਈ ਉਨ੍ਹਾਂ ਦੀ ਯਾਦ ਵਿੱਚ ਪੰਜਾਬ ਵਿੱਚ ਵੀ ਇਸ ਤਰ੍ਹਾਂ ਦੇ ਸਮਾਰੋਹ ਆਯੋਜਿਤ ਕੀਤੇ ਜਾਂਦੇ ਹਨ।
ਇਟਲੀ ਵਿੱਚ, ਪ੍ਰਿਥੀਪਾਲ ਸਿੰਘ ਦੀ ਅਗਵਾਈ ਹੇਠ ‘ਸਿੱਖ ਸੋਲਜਰਜ਼ ਕਮੇਟੀ’ ਸਥਾਨਕ ਭਾਈਚਾਰੇ ਦੇ ਲੋਕਾਂ, ਸ਼ਹਿਰੀ ਅਤੇ ਸੂਬਾਈ ਪ੍ਰਸ਼ਾਸਨਾਂ ਨਾਲ ਮਿਲ ਕੇ ਨਾ ਕੇਵਲ ਯਾਦਗਾਰ ਬਣਾਉਣ ਦਾ ਕੰਮ ਕਰ ਰਹੀ ਹੈ, ਸਗੋਂ ਉਹਨਾਂ ਸਿੱਖ ਫੌਜੀਆਂ ਦੀਆਂ ਕੁਰਬਾਨੀਆਂ ਨੂੰ ਦਰਜ ਵੀ ਕਰ ਰਹੀ ਹੈ, ਜੋ ਇੱਥੋਂ ਦੇ ਮੌਸਮ ਅਤੇ ਹਾਲਾਤਾਂ ਤੋਂ ਬਿਲਕੁਲ ਅਣਜਾਣ ਸਨ।
ਪ੍ਰਿਥੀਪਾਲ ਸਿੰਘ ਨੇ ਕਿਹਾ, “ਉਹ ਇੰਨੀ ਬਹਾਦਰੀ ਨਾਲ ਲੜੇ ਜਿਵੇਂ ਉਹ ਆਪਣੀ ਧਰਤੀ ਅਤੇ ਆਪਣੇ ਲੋਕਾਂ ਲਈ ਲੜ ਰਹੇ ਹੋਣ।”
ਇਸ ਹਫ਼ਤੇ, ਸਿੱਖ ਸੋਲਜਰਜ਼ ਕਮੇਟੀ ਨੇ ਫਾਸੀਆ ਸ਼ਹਿਰ ਦੀ ਕੌਂਸਲ ਨਾਲ ਮਿਲ ਕੇ ਇੱਕ ਵਿਸ਼ਾਲ ਸਮਾਰੋਹ ਆਯੋਜਿਤ ਕੀਤਾ, ਜਿਸ ਵਿੱਚ ਫਾਸੀਆ ਭਾਈਚਾਰੇ ਦੀ ਆਜ਼ਾਦੀ ਅਤੇ ਘੱਟੋ-ਘੱਟ ਪੰਜ ਸਿੱਖ ਫੌਜੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਇਹ ਉਹੀ ਸ਼ਹਿਰ ਹੈ, ਜਿੱਥੇ ਸ਼ਹੀਦ ਸਿੱਖ ਕਮਾਂਡਰ ਮੋਹਨ ਸਿੰਘ ਨੂੰ ਸੋਨੇ ਦੇ ਤਮਗੇ ਨਾਲ ਸਨਮਾਨਿਤ ਕੀਤਾ ਗਿਆ ਸੀ। ਪ੍ਰਿਥੀਪਾਲ ਸਿੰਘ ਦੇ ਅਨੁਸਾਰ, ਅੱਜ ਵੀ ਸਥਾਨਕ ਲੋਕ ਸਿੱਖਾਂ ਨੂੰ ਬਹੁਤ ਸਨਮਾਨ ਦਿੰਦੇ ਹਨ।
ਸਮਾਰੋਹ ਦੀ ਸ਼ੁਰੂਆਤ ਵਿਚ ਸਥਾਨਕ ਚਰਚ ਵਿੱਚ ਪ੍ਰਾਰਥਨਾ ਤੋਂ ਬਾਅਦ, ਸਥਾਨਕ ਭਾਈਚਾਰੇ ਨੇ ਅਰਦਾਸ ਵਿੱਚ ਹਿੱਸਾ ਲਿਆ। ਇਟਾਲੀਅਨ ਫੌਜਾਂ ਦੀ ਸ਼ਮੂਲੀਅਤ ਨੇ ਇਸ ਸਮਾਗਮ ਨੂੰ ਹੋਰ ਵੀ ਵਿਸ਼ੇਸ਼ ਬਣਾ ਦਿੱਤਾ। ਪ੍ਰਿਥੀਪਾਲ ਸਿੰਘ ਦੇ ਨਾਲ ਨਾਲ ਸਿੱਖ ਸੋਲਜਰਜ਼ ਯਾਦਗਾਰ ਕਮੇਟੀ ਦੇ ਹੋਰ ਮੈਂਬਰਾਂ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਹਨਾਂ ਨੇ ਉਸ ਸਥਾਨ ‘ਤੇ ਫੁੱਲ ਵੀ ਭੇਟ ਕੀਤੇ, ਜਿੱਥੇ ਸਿੱਖ ਫੌਜੀਆਂ ਦਾ ਸੰਸਕਾਰ ਕੀਤਾ ਗਿਆ ਸੀ। ਸਮਾਰੋਹ ਵਿਚ ਸਕੂਲੀ ਬੱਚੇ, ਸਥਾਨਕ ਪੁਲਿਸ ਦੇ ਜਵਾਨ, ਸੁਤੰਤਰਤਾ ਸੰਗਰਾਮੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ਼ਾਮਲ ਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login