ਗਗਨਦੀਪ ਸਿੰਘ / Calgary police
ਕੈਲਗਰੀ ਪੁਲਿਸ ਨੇ 15 ਮਈ ਨੂੰ ਐਲਾਨ ਕੀਤਾ ਹੈ ਕਿ 'ਆਰਗੇਨਾਈਜ਼ਡ ਕਰਾਈਮ ਐਂਡ ਔਫੈਂਡਰ ਮੈਨੇਜਮੈਂਟ ਸੈਕਸ਼ਨ' ਨੇ ਐਡਮਿੰਟਨ ਵਿੱਚ ਇੱਕ ਦੱਖਣੀ ਏਸ਼ੀਆਈ ਪਰਿਵਾਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਿੰਸਕ ਅਗਵਾ ਅਤੇ ਫ਼ਿਰੌਤੀ (ਵਸੂਲੀ) ਦੇ ਮਾਮਲੇ ਵਿੱਚ ਚਾਰ ਭਾਰਤੀ-ਅਮਰੀਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਪੰਜਵੇਂ ਮੁਲਜ਼ਮ ਖਿਲਾਫ ਵਾਰੰਟ ਜਾਰੀ ਕੀਤੇ ਗਏ ਹਨ। ਪੁਲਿਸ ਵੱਲੋਂ 24 ਸਾਲਾ ਤਰਨਵੀਰ ਸਿੰਘ, 25 ਸਾਲਾ ਦਕਸ਼ ਗੌਤਮ, 18 ਸਾਲਾ ਅਕਾਸ਼ਦੀਪ ਸਿੰਘ ਅਤੇ 24 ਸਾਲਾ ਪ੍ਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ 29 ਸਾਲਾ ਗਗਨਦੀਪ ਸਿੰਘ ਦੀ ਭਾਲ ਜਾਰੀ ਹੈ।
6 ਮਈ, 2026 ਨੂੰ ਚਾਰ ਹਮਲਾਵਰਾਂ ਨੇ ਕਥਿਤ ਤੌਰ 'ਤੇ ਐਡਮਿੰਟਨ ਵਿੱਚ ਇੱਕ ਵਿਅਕਤੀ ਨੂੰ ਉਸਦੇ ਘਰੋਂ ਅਗਵਾ ਕਰ ਲਿਆ। ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਬੰਦੂਕ ਦੀ ਨੋਕ 'ਤੇ ਧਮਕਾਉਂਦੇ ਹੋਏ ਉਸਨੂੰ ਗੱਡੀ ਵਿੱਚ ਕੈਲਗਰੀ ਲੈ ਗਏ। ਇਸ ਤੋਂ ਬਾਅਦ ਮੁਲਜ਼ਮ ਪੀੜਤ ਨੂੰ ਉਸਦੇ ਇੱਕ ਦੋਸਤ ਦੇ ਘਰ ਲੈ ਗਏ, ਜਿਸ ਕੋਲੋਂ ਉਹ ਕਥਿਤ ਤੌਰ 'ਤੇ ਫ਼ਿਰੌਤੀ ਵਸੂਲਣਾ ਚਾਹੁੰਦੇ ਸਨ। ਉਨ੍ਹਾਂ ਨੇ ਪੀੜਤ ਨੂੰ ਆਪਣੇ ਦੋਸਤ ਨੂੰ ਘਰੋਂ ਬਾਹਰ ਬੁਲਾਉਣ ਲਈ ਮਜਬੂਰ ਕੀਤਾ, ਪਰ ਜਦੋਂ ਪੀੜਤ ਨੇ ਇਨਕਾਰ ਕਰ ਦਿੱਤਾ, ਤਾਂ ਉਸ ਦੀ ਦੁਬਾਰਾ ਕੁੱਟਮਾਰ ਕੀਤੀ ਗਈ।
ਜਦੋਂ ਪੀੜਤ ਦਾ ਦੋਸਤ ਅਤੇ ਉਸਦੀ ਪਤਨੀ ਆਪਣੇ ਘਰੋਂ ਬਾਹਰ ਜਾਣ ਲੱਗੇ, ਤਾਂ ਮੁਲਜ਼ਮਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਹਥਿਆਰ ਦਿਖਾ ਕੇ ਧਮਕਾਇਆ, ਜਿਸ ਕਾਰਨ ਉਹ ਵਾਪਸ ਘਰ ਅੰਦਰ ਚਲੇ ਗਏ ਅਤੇ ਤੁਰੰਤ ਪੁਲਿਸ ਨੂੰ ਫੋਨ ਕਰ ਦਿੱਤਾ।
ਸ਼ਿਕਾਇਤ ਮਿਲਣ 'ਤੇ ਪੁਲਿਸ ਨੇ ਮੇਟਿਸ ਟ੍ਰੇਲ ਅਤੇ 104 ਐਵੇਨਿਊ ਐਨ.ਈ. ਦੇ ਨੇੜੇ ਇੱਕ ਗੱਡੀ ਨੂੰ ਰੋਕ ਕੇ ਦੋ ਸ਼ੱਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਸਮੇਂ ਪੁਲਿਸ ਨੂੰ ਪਹਿਲੇ ਅਗਵਾਕਾਂਡ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਦੋਵਾਂ 'ਤੇ ਸਿਰਫ਼ ਪੀੜਤ ਦੇ ਦੋਸਤ ਅਤੇ ਉਸਦੀ ਪਤਨੀ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਸੀ।
ਇਸ ਦੌਰਾਨ, ਬਾਕੀ ਬਚੇ ਦੋ ਮੁਲਜ਼ਮ ਪੀੜਤ ਨੂੰ ਵਾਪਸ ਐਡਮਿੰਟਨ ਲੈ ਗਏ ਅਤੇ ਅਗਲੀ ਸਵੇਰ ਤੜਕੇ ਉਸਨੂੰ ਰਿਹਾਅ ਕਰ ਦਿੱਤਾ। ਰਿਹਾਈ ਤੋਂ ਬਾਅਦ ਪੀੜਤ ਨੇ ਆਪਣੇ ਅਗਵਾ ਹੋਣ ਦੀ ਰਿਪੋਰਟ ਪੁਲਿਸ ਨੂੰ ਦਿੱਤੀ, ਜਿਸ ਨਾਲ ਪੂਰੇ ਮਾਮਲੇ ਦਾ ਖੁਲਾਸਾ ਹੋਇਆ।
12 ਮਈ ਨੂੰ ਸੀ.ਪੀ.ਐੱਸ. ਟੈਕਟੀਕਲ ਟੀਮ ਦੀ ਮਦਦ ਨਾਲ ਪੁਲਿਸ ਨੇ ਮਾਰਟਿਨਡੇਲ ਬੁਲੇਵਾਰਡ ਐਨ.ਈ. ਦੇ 600 ਬਲਾਕ ਵਿੱਚ ਇੱਕ ਹੋਰ ਗੱਡੀ ਨੂੰ ਰੋਕ ਕੇ ਬਾਕੀ ਦੋ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਜਾਂਚ ਦੌਰਾਨ ਇੱਕ ਗੈਰ-ਕਾਨੂੰਨੀ (ਘਰੇਲੂ ਬਣਿਆ) ਹਥਿਆਰ ਵੀ ਜ਼ਬਤ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਚਾਰੇ ਨੌਜਵਾਨਾਂ 'ਤੇ ਹਥਿਆਰ ਦੀ ਨੋਕ 'ਤੇ ਅਗਵਾ ਕਰਨ, ਨਜਾਇਜ਼ ਹਿਰਾਸਤ ਵਿੱਚ ਰੱਖਣ, ਹਥਿਆਰ ਤਾਣਨ ਅਤੇ ਹਮਲਾ ਕਰਨ ਸਮੇਤ ਕਈ ਗੰਭੀਰ ਧਾਰਾਵਾਂ ਲਗਾਈਆਂ ਗਈਆਂ ਹਨ।
ਇਸ ਘਟਨਾ ਬਾਰੇ ਗੱਲ ਕਰਦਿਆਂ ਸੀ.ਪੀ.ਐੱਸ. ਕ੍ਰਿਮੀਨਲ ਓਪਰੇਸ਼ਨਜ਼ ਐਂਡ ਇੰਟੈਲੀਜੈਂਸ ਡਿਵੀਜ਼ਨ ਦੇ ਸੁਪਰਡੈਂਟ ਜੈੱਫ ਬੈੱਲ ਨੇ ਇੱਕ ਬਿਆਨ ਵਿੱਚ ਕਿਹਾ, "ਕੈਲਗਰੀ ਵਿੱਚ ਹੁਣ ਤੱਕ ਦੇਖੀਆਂ ਗਈਆਂ ਫ਼ਿਰੌਤੀ ਦੀਆਂ ਘਟਨਾਵਾਂ ਦੇ ਮੁਕਾਬਲੇ ਇਸ ਮਾਮਲੇ ਵਿੱਚ ਹਿੰਸਕ ਪੱਧਰ ਕਾਫ਼ੀ ਜ਼ਿਆਦਾ ਵਧ ਗਿਆ ਹੈ।" ਉਨ੍ਹਾਂ ਅੱਗੇ ਕਿਹਾ, "ਜਦੋਂ ਤੋਂ ਇਹ ਸਿਲਸਿਲਾ ਸ਼ੁਰੂ ਹੋਇਆ ਹੈ, ਅਸੀਂ ਜਾਣਕਾਰੀ ਸਾਂਝੀ ਕਰਨ ਅਤੇ ਆਪਣੀ ਕਾਰਵਾਈ ਨੂੰ ਤਾਲਮੇਲ ਵਿੱਚ ਲਿਆਉਣ ਲਈ ਰਾਸ਼ਟਰੀ ਪੱਧਰ 'ਤੇ ਆਪਣੇ ਪੁਲਿਸ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ, ਜਿਸ ਸਦਕਾ ਅਸੀਂ ਇਸ ਕੇਸ ਵਿੱਚ ਤੇਜ਼ੀ ਨਾਲ ਗ੍ਰਿਫ਼ਤਾਰੀਆਂ ਕਰਨ ਵਿੱਚ ਕਾਮਯਾਬ ਹੋਏ ਹਾਂ।"
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login