ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਚਿਰਾਗ ਤੋਮਰ, ਜੋ ਕਿ ਇੱਕ ਭਾਰਤੀ ਨਾਗਰਿਕ ਹੈ ਅਤੇ ਵਰਤਮਾਨ ਵਿੱਚ ਅਮਰੀਕਾ ਵਿੱਚ ਕ੍ਰਿਪਟੋਕਰੰਸੀ ਧੋਖਾਧੜੀ 'ਚ ਸ਼ਾਮਲ ਹੋਣ ਲਈ ਪੰਜ ਸਾਲ ਦੀ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ, ਦੀ $4.8 ਮਿਲੀਅਨ (42.8 ਕਰੋੜ) ਦੀਆਂ ਜਾਇਦਾਦਾਂ ਨੂੰ ਆਰਜ਼ੀ ਤੌਰ 'ਤੇ ਜ਼ਬਤ ਕਰ ਲਿਆ ਹੈ। ਇਹ ਧੋਖਾਧੜੀ ਕੋਇਨਬੇਸ (Coinbase) ਐਕਸਚੇਂਜ ਦੀ ਨਕਲ ਕਰਨ ਵਾਲੀਆਂ ਜਾਅਲੀ ਵੈੱਬਸਾਈਟਾਂ ਰਾਹੀਂ ਕੀਤੀ ਗਈ ਸੀ।
ਜ਼ਬਤ ਕੀਤੀਆਂ ਗਈਆਂ ਜਾਇਦਾਦਾਂ 'ਚ ਦਿੱਲੀ 'ਚ ਸਥਿਤ 18 ਅਚੱਲ ਪ੍ਰਾਪਰਟੀਆਂ, ਤੋਮਰ ਅਤੇ ਉਸਦੇ ਪਰਿਵਾਰਕ ਮੈਂਬਰਾਂ ਅਤੇ ਉਹਨਾਂ ਨਾਲ ਜੁੜੀਆਂ ਸੰਸਥਾਵਾਂ ਨਾਲ ਸਬੰਧਤ ਕਈ ਬੈਂਕ ਖਾਤਿਆਂ 'ਚ ਪਏ ਫੰਡ ਸ਼ਾਮਲ ਹਨ। ਜ਼ਬਤੀ ਦਾ ਇਹ ਹੁਕਮ 5 ਅਗਸਤ, 2025 ਨੂੰ ਈ.ਡੀ. ਦੇ ਨਵੀਂ ਦਿੱਲੀ ਸਥਿਤ ਮੁੱਖ ਦਫ਼ਤਰ ਦੁਆਰਾ ਜਾਰੀ ਕੀਤਾ ਗਿਆ ਸੀ।
31 ਸਾਲਾ ਤੋਮਰ ਨੂੰ ਅਧਿਕਾਰਤ ਕੋਇਨਬੇਸ ਪਲੇਟਫਾਰਮ ਨਾਲ ਮਿਲਦੀਆਂ-ਜੁਲਦੀਆਂ ਧੋਖਾਧੜੀ ਵਾਲੀਆਂ ਵੈੱਬਸਾਈਟਾਂ ਰਾਹੀਂ ਸੈਂਕੜੇ ਪੀੜਤਾਂ ਤੋਂ $20 ਮਿਲੀਅਨ ਤੋਂ ਵੱਧ ਦੀ ਚੋਰੀ ਕਰਨ ਤੋਂ ਬਾਅਦ ਅਮਰੀਕਾ ਵਿੱਚ ਗ੍ਰਿਫ਼ਤਾਰ ਕਰਕੇ ਦੋਸ਼ੀ ਠਹਿਰਾਇਆ ਗਿਆ ਸੀ। ਉਸਨੂੰ ਅਕਤੂਬਰ 2024 ਵਿੱਚ ਸ਼ਾਰਲਟ, ਉੱਤਰੀ ਕੈਰੋਲੀਨਾ ਦੀ ਇੱਕ ਅਮਰੀਕੀ ਜ਼ਿਲ੍ਹਾ ਅਦਾਲਤ ਦੁਆਰਾ ਸਜ਼ਾ ਸੁਣਾਈ ਗਈ ਸੀ।
ਉਸਦੀ ਸਜ਼ਾ ਤੋਂ ਬਾਅਦ, ਈ.ਡੀ. ਨੇ ਉਸਦੀ ਗ੍ਰਿਫ਼ਤਾਰੀ ਅਤੇ ਸਜ਼ਾ ਦੀਆਂ ਖ਼ਬਰਾਂ ਦੇ ਆਧਾਰ 'ਤੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (FEMA) ਦੇ ਤਹਿਤ ਜਾਂਚ ਸ਼ੁਰੂ ਕੀਤੀ। ਏਜੰਸੀ ਮੁਤਾਬਕ, "ਇਹ ਨਕਲੀ ਵੈੱਬਸਾਈਟਾਂ ਇੰਝ ਬਣਾਈਆਂ ਗਈਆਂ ਸਨ ਕਿ ਸਰਚ ਇੰਜਨ ਓਪਟੀਮਾਈਜ਼ੇਸ਼ਨ ਰਾਹੀਂ ਜਦੋਂ ਕੋਈ ਕੋਇਨਬੇਸ ਸਰਚ ਕਰਦਾ ਸੀ ਤਾਂ ਇਹ ਨਕਲੀ ਸਾਈਟ ਸਭ ਤੋਂ ਉੱਤੇ ਦਿਖਾਈ ਦਿੰਦੀ ਸੀ।" ਇਹ ਸਾਈਟਾਂ ਵਿਜ਼ੂਅਲ ਤੌਰ 'ਤੇ ਅਸਲੀ ਵੈੱਬਸਾਈਟਾਂ ਵਰਗੀਆਂ ਹੀ ਹੁੰਦੀਆਂ ਸਨ, ਪਰ ਉਨ੍ਹਾਂ ਵਿੱਚ ਸੰਪਰਕ ਜਾਣਕਾਰੀ ਬਦਲੀ ਹੋਈ ਹੁੰਦੀ ਸੀ।
ਏਜੰਸੀ ਨੇ ਕਿਹਾ, “ਜਦੋਂ ਉਪਭੋਗਤਾ ਲੌਗਇਨ ਵੇਰਵੇ ਦਰਜ ਕਰਦੇ ਸਨ, ਤਾਂ ਜਾਅਲੀ ਵੈੱਬਸਾਈਟ ਇਸਨੂੰ ਗਲਤ ਦਿਖਾਉਂਦੀ ਸੀ।” “ਇਸ ਲਈ, ਉਪਭੋਗਤਾ ਜਾਅਲੀ ਵੈੱਬਸਾਈਟ 'ਤੇ ਦਿੱਤੇ ਗਏ ਨੰਬਰ 'ਤੇ ਸੰਪਰਕ ਕਰਦੇ ਸਨ ਜੋ ਆਖਿਰਕਾਰ ਉਹਨਾਂ ਨੂੰ ਚਿਰਾਗ ਤੋਮਰ ਦੁਆਰਾ ਪ੍ਰਬੰਧਿਤ ਕਾਲ ਸੈਂਟਰ ਨਾਲ ਜੋੜਦਾ ਸੀ।”
ਈ.ਡੀ. ਨੇ ਕਿਹਾ ਕਿ ਇੱਕ ਵਾਰ ਧੋਖੇਬਾਜ਼ਾਂ ਨੂੰ ਉਪਭੋਗਤਾਵਾਂ ਦੇ ਖਾਤਿਆਂ ਤੱਕ ਪਹੁੰਚ ਮਿਲ ਜਾਂਦੀ ਸੀ, ਤਾਂ ਉਹ "ਪੀੜਤਾਂ ਦੀ ਕ੍ਰਿਪਟੋਕਰੰਸੀ ਹੋਲਡਿੰਗਜ਼ ਨੂੰ ਆਪਣੇ ਨਿਯੰਤਰਣ ਹੇਠ ਆਉਣ ਵਾਲੇ ਈ-ਵਾਲਿਟ 'ਚ ਤੇਜ਼ੀ ਨਾਲ ਟ੍ਰਾਂਸਫਰ ਕਰ ਦਿੰਦੇ ਸਨ।" ਬਾਅਦ ਵਿੱਚ ਇਹ ਚੋਰੀ ਕੀਤੀ ਕਰਿਪਟੋਕਰੰਸੀ ਪੀਅਰ-ਟੂ-ਪੀਅਰ ਪਲੇਟਫਾਰਮ ਰਾਹੀਂ ਵੇਚ ਦਿੱਤੀ ਜਾਂਦੀ ਸੀ ਅਤੇ ਉਸਨੂੰ ਭਾਰਤੀ ਮੁਦਰਾ ਵਿੱਚ ਬਦਲ ਲਿਆ ਜਾਂਦਾ ਸੀ।
ਈ.ਡੀ. ਦੇ ਖੁਲਾਸਿਆਂ ਤੋਂ ਪਤਾ ਲੱਗਦਾ ਹੈ ਕਿ ਫੰਡ ਬਾਅਦ 'ਚ ਤੋਮਰ ਅਤੇ ਉਸਦੇ ਪਰਿਵਾਰ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਗਏ ਅਤੇ ਭਾਰਤ ਵਿੱਚ ਰੀਅਲ ਅਸਟੇਟ ਜਾਇਦਾਦਾਂ ਖਰੀਦਣ ਲਈ ਵਰਤੇ ਗਏ। ਅਧਿਕਾਰੀਆਂ ਅਨੁਸਾਰ, ਇਸ ਕੇਸ ਨਾਲ ਸਬੰਧਤ ਤਲਾਸ਼ੀਆਂ ਪਹਿਲਾਂ ਹੀ ਦਿੱਲੀ, ਜੈਪੁਰ ਅਤੇ ਮੁੰਬਈ ਵਿੱਚ ਕੀਤੀਆਂ ਜਾ ਚੁੱਕੀਆਂ ਹਨ। ਏਜੰਸੀ ਨੇ ਦੱਸਿਆ ਕਿ ਅਗਲੀ ਜਾਂਚ ਜਾਰੀ ਹੈ।
Comments
Start the conversation
Become a member of New India Abroad to start commenting.
Sign Up Now
Already have an account? Login