ਵਾਸ਼ਿੰਗਟਨ, ਡੀ.ਸੀ : ਅਮਰੀਕਾ ਦੀ ਵਕਾਰੀ ਸੰਸਥਾ ਸਿੱਖ ਕੋਲੀਸ਼ਨ ਨੇ ਅਮਰੀਕਾ ਭਰ ਦੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਣੇ ਹੋਰਨਾਂ ਧਾਰਮਿਕ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਾਨ ਪਰਾਫਿਟ ਸਿਕਉਰਿਟੀ ਗਰਾਂਟ ਪ੍ਰੋਗਰਾਮ (NSGP) ਤਹਿਤ ਸਾਲ 2025 ਲਈ ਅਰਜ਼ੀਆਂ ਜਲਦੀ ਤੋਂ ਜਲਦੀ ਦਾਖਲ ਕਰਨ। ਫੇਮਾ (FEMA) ਵੱਲੋਂ ਚਲਾਇਆ ਜਾਂਦਾ ਇਹ ਪ੍ਰੋਗਰਾਮ ਗੁਰਦੁਆਰਿਆਂ ਸਣੇ ਧਾਰਮਿਕ ਅਤੇ ਗੈਰ-ਮੁਨਾਫਾ ਸੰਸਥਾਵਾਂ ਨੂੰ ਸੁਰੱਖਿਆ ਸੰਬੰਧੀ ਪ੍ਰਬੰਧਾਂ ਨੂੰ ਬੇਹਤਰ ਬਨਾਉਣ, ਟਰੇਨਿੰਗ ਅਤੇ ਐਮਰਜੈਂਸੀ ਦੀ ਤਿਆਰੀ ਲਈ ਆਰਥਿਕ ਸਹਾਇਤਾ ਦਿੰਦਾ ਹੈ।
ਇਸ ਗਰਾਂਟ ਲਈ ਅਰਜ਼ੀਆਂ ਦੀ ਆਖਰੀ ਤਾਰੀਖ਼ 11 ਅਗਸਤ 2025 ਰੱਖੀ ਗਈ ਹੈ, ਜਿਸਨੂੰ ਸਿੱਖ ਕੋਲੀਸ਼ਨ ਨੇ “ਬਹੁਤ ਥੋੜ੍ਹਾ ਸਮਾਂ” ਕਹਿੰਦਿਆਂ ਇਸ ਦੀ ਆਲੋਚਨਾ ਕੀਤੀ ਹੈ। ਹਾਲਾਂਕਿ ਉਹਨਾਂ ਇਹ ਵੀ ਕਿਹਾ ਹੈ ਕਿ "ਇਹ ਸਾਧਨ ਸਾਡੀਆਂ ਸੰਗਤਾਂ ਲਈ ਬਹੁਤ ਜਰੂਰੀ ਹਨ ਜਦੋਂ ਕਿ ਗੁਰੂਘਰਾਂ ਨੂੰ ਦਰਪੇਸ਼ ਇਤਿਹਾਸਕ ਖ਼ਤਰੇ, ਮੌਜੂਦਾ ਸਥਿਤੀ ਅਤੇ ਕਾਨੂੰਨੀ ਅਦਾਰਿਆਂ ਨਾਲ ਰਾਬਤੇ ਲਈ ਜਾਣਕਾਰੀ ਇਕੱਤਰ ਕਰਨ ਲਈ ਨਿਰਧਾਰਤ ਸਮਾਂ ਸੀਮਾ ਬਹੁਤ ਘੱਟ ਹੈ।
ਸਿੱਖ ਕੋਲੀਸ਼ਨ ਨੇ ਦਸਿਆ ਹੈ ਕਿ "ਸਾਲ 2022 ਵਿੱਚ, ਓਕ ਕਰੀਕ ਦੇ ਗੁਰੂਘਰ 'ਤੇ ਹੋਏ ਹਮਲੇ ਦੀ 10ਵੀਂ ਵਾਰ੍ਹੇਗੰਢ ਮੌਕੇ ਸਿੱਖ ਕੋਲੀਸ਼ਨ ਕਾਂਗਰਸਮੈਨ ਬੈਨੀ ਥਾਮਸਨ ਨਾਲ ਮਿਲ ਕੇ ਨਾਨ ਪਰਾਫਿਟ ਸਿਕਉਰਿਟੀ ਗਰਾਂਟ ਪ੍ਰੋਗਰਾਮ ਐਕਟ ਲਿਆਂਦਾ, ਜਿਸਨੂੰ 90 ਤੋਂ ਵੱਧ ਗੁਰੂਘਰਾਂ ਨੇ ਸਹਿਯੋਗ ਦਿੱਤਾ ਸੀ"।
ਮਿਲੀ ਜਾਣਕਾਰੀ ਅਨੁਸਾਰ ਇਸ ਸਾਲ ਵੀ, ਸਿੱਖ ਕੋਲੀਸ਼ਨ ਨੇ ਹੋਰ ਧਾਰਮਿਕ ਅਤੇ ਨਾਗਰਿਕ ਅਧਿਕਾਰ ਸੰਸਥਾਵਾਂ ਨਾਲ ਮਿਲ ਕੇ ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਉਰਿਟੀ ਨੂੰ ਅਰਜ਼ੀਆਂ ਖੋਲ੍ਹਣ ਲਈ ਮਜ਼ਬੂਰ ਕੀਤਾ, ਕਿਉਂਕਿ ਇਹ ਕਾਰਵਾਈ ਕਾਨੂੰਨੀ ਤੌਰ ਤੇ ਨਿਸ਼ਚਤ ਤਾਰੀਖ ਤੋਂ ਦੋ ਮਹੀਨੇ ਬਾਅਦ ਵੀ ਸ਼ੁਰੂ ਨਹੀਂ ਹੋਈ ਸੀ।
ਹੁਣ ਗੁਰੂਘਰਾਂ ਸਣੇ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕ community@sikhcoalition.org ਤੇ ਈਮੇਲ ਜਾਂ 212-655-3095 ’ਤੇ ਕਾਲ ਕਰਕੇ ਅੰਗਰੇਜ਼ੀ ਜਾਂ ਪੰਜਾਬੀ ਵਿੱਚ ਮਦਦ ਲੈ ਸਕਦੇ ਹਨ। ਸਿੱਖ ਕੋਲੀਸ਼ਨ ਅਨੁਸਾਰ 2017 ਤੋਂ ਲੈ ਕੇ ਹੁਣ ਤਕ, 100 ਤੋਂ ਵੱਧ ਗੁਰੂਘਰ ਕੋਲੀਸ਼ਨ ਦੀ ਸੁਰੱਖਿਆ ਟੂਲਕਿਟ (Preventing Attacks on Gurdwarae) ਜਿਸਨੂੰ ਸਾਲ 2024 ਵਿੱਚ ਅਪਡੇਟ ਕੀਤਾ ਗਿਆ ਹੈ, ਰਾਹੀਂ ਸੁਰੱਖਿਆ ਲਈ ਮੁਫ਼ਤ ਮਸ਼ਵਰੇ ਲੈ ਚੁੱਕੇ ਹਨ।
Comments
Start the conversation
Become a member of New India Abroad to start commenting.
Sign Up Now
Already have an account? Login