ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ 5 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵਿਚ ਗੁਰਦੁਆਰਾ ਸਾਹਿਬਾਨ ਅੰਦਰ ਸਿਰੋਪਾਓ ਦੇਣ ਦੇ ਪ੍ਰਚੱਲਣ ਨੂੰ ਬੰਦ ਕਰਦਿਆਂ ਇਸ ਤੋਂ ਹੋਣ ਵਾਲੀ ਵਿੱਤੀ ਬਚਤ ਨੂੰ ਕੌਮ ਦੀ ਨੌਜੁਆਨੀ ਦੇ ਅਕਾਦਮਿਕ ਵਿਕਾਸ ਲਈ ਵਰਤਣ ਦਾ ਫੈਸਲਾ ਕੀਤਾ ਗਿਆ ਹੈ। ਇਸ ਫੈਸਲੇ ਤਹਿਤ ਸਿਰੋਪਾਓ ਦੇਣ ਦੀ ਆਮ ਵਰਤੋਂ ’ਤੇ ਪਾਬੰਦੀ ਲਗਾਉਂਦਿਆਂ ਕੇਵਲ ਧਾਰਮਿਕ ਸ਼ਖ਼ਸੀਅਤਾਂ, ਨਗਰ ਕੀਰਤਨਾਂ ਦੌਰਾਨ ਪੰਜ ਪਿਆਰਿਆਂ, ਰਾਗੀ ਅਤੇ ਧਰਮ ਪ੍ਰਚਾਰਕਾਂ ਤੱਕ ਹੀ ਸੀਮਤ ਕਰ ਦਿੱਤਾ ਗਿਆ ਹੈ।
ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਮਗਰੋਂ ਗੱਲਬਾਤ ਕਰਦਿਆਂ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸਿਰੋਪਾਓ ਦੀ ਵਰਤੋਂ ਬਾਰੇ ਸਿਧਾਂਤਕ ਫੈਸਲੇ ਤੋਂ ਇਲਾਵਾ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਸ੍ਰੀ ਅੰਮ੍ਰਿਤਸਰ ਵਿਖੇ ਗੁਰਬਾਣੀ ਪ੍ਰਸਾਰਣ ਨੂੰ ਆਪਣੇ ਵੈੱਬ ਚੈਨਲ (ਯੂਟਿਊਬ ਅਤੇ ਫੇਸਬੁੱਕ ਆਦਿ) ਚੈਨਲ ’ਤੇ ਚਲਾਉਣ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਨਾਲ ਸੰਗਤਾਂ ਦੀ ਭਾਰੀ ਸ਼ਰਧਾ ਜੁੜੀ ਹੋਈ ਹੈ। ਇਥੇ ਆਪਣਾ ਵੈੱਬ ਚੈਨਲ ਸਥਾਪਤ ਕਰਨ ਨਾਲ ਨਿਯਮਤ ਤੌਰ ’ਤੇ ਸੰਗਤ ਤੱਕ ਸਿੱਧਾ ਗੁਰਬਾਣੀ ਪ੍ਰਸਾਰਣ ਨਿਰੰਤਰ ਪੁੱਜ ਸਕੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਧੁਨਿਕ ਤਕਨੀਕ ਦਾ ਸਾਊਂਡ ਸਿਸਟਮ ਵੀ ਲਗਾਇਆ ਜਾਵੇਗਾ।
ਇੰਦਰਾ ਗਾਂਧੀ ਦਾ ਕਤਲ ਕਰਨ ਵਾਲੇ ਬੇਅੰਤ ਸਿੰਘ ਦੀ ਨੂੰਹ ਨੂੰ ਸ਼੍ਰੋਮਣੀ ਕਮੇਟੀ ’ਚ ਨੌਕਰੀ
ਧਾਮੀ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ 1984 ਵਿਚ ਕੀਤੇ ਫ਼ੌਜੀ ਹਮਲੇ ਦਾ ਬਦਲਾ ਲੈਣ ਵਾਲੇ ‘ਸ਼ਹੀਦ ਭਾਈ ਬੇਅੰਤ ਸਿੰਘ’ ਦੀ ਨੂੰਹ ਬੀਬੀ ਸੰਦੀਪ ਕੌਰ ਨੂੰ ਸ਼੍ਰੋਮਣੀ ਕਮੇਟੀ ਵਿਚ ਨੌਕਰੀ ਦੇਣ ਦਾ ਵੀ ਫੈਸਲਾ ਕੀਤਾ ਗਿਆ ਹੈ।
ਸੁਲਤਾਨਪੁਰ ਲੋਧੀ ਪੁਲਿਸ ਵੱਲੋਂ ਗੋਲੀ ਚਲਾਉਣ ਸਬੰਧੀ ਰਿਪੋਰਟ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅੱਗੇ ਦੱਸਿਆ ਕਿ ਬੀਤੇ ਸਮੇਂ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਅਕਾਲ ਬੁੰਗਾ ਛਾਉਣੀ ਨਿਹੰਗ ਸਿੰਘਾਂ ’ਤੇ ਪੁਲਿਸ ਵੱਲੋਂ ਤਾਬੜ-ਤੋੜ ਗੋਲੀਆਂ ਚਲਾਉਣ ਅਤੇ ਜੁੱਤੀਆਂ ਸਮੇਤ ਗੁਰਦੁਆਰਾ ਸਾਹਿਬ ਵਿਚ ਦਾਖ਼ਲ ਹੋ ਕੇ ਕੀਤੀ ਮਰਯਾਦਾ ਦੀ ਉਲੰਘਣਾ ਦੀ ਜਾਂਚ ਲਈ ਗਠਤ ਕੀਤੀ ਕਮੇਟੀ ਨੇ ਵੀ ਆਪਣੀ ਰਿਪੋਰਟ ਸੌਂਪ ਦਿੱਤੀ ਹੈ, ਜਿਸ ਨੂੰ ਅੰਤਿ੍ਰੰਗ ਕਮੇਟੀ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਪਾਸ ਭੇਜ ਦਿੱਤੀ ਹੈ। ਉਨ੍ਹਾਂ ਰਿਪੋਰਟ ਦੇ ਸੰਖੇਪ ਵੇਰਵੇ ਦਿੰਦਿਆਂ ਕਿਹਾ ਕਿ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ’ਤੇ ਇਕ ਹਜ਼ਾਰ ਤੋਂ ਵੱਧ ਗੋਲੀਆਂ ਚਲਾਈਆਂ ਗਈਆਂ ਸਾਹਮਣੇ ਆਈਆਂ ਹਨ। ਉਨ੍ਹਾਂ ਦੱਸਿਆ ਕਿ ਜਾਂਚ ਕਮੇਟੀ ਨੇ ਵੱਖ-ਵੱਖ ਲੋਕਾਂ ਦੇ ਬਿਆਨ ਦਰਜ ਕੀਤੇ ਹਨ, ਜਿਨ੍ਹਾਂ ਵਿਚ ਨਿਹੰਗ ਜਥੇਬੰਦੀਆਂ ਦੇ ਮੁਖੀ ਵੀ ਸ਼ਾਮਲ ਹਨ। ਪ੍ਰੰਤੂ ਸਰਕਾਰ ਦੇ ਅਧਿਕਾਰੀ ਬਿਆਨ ਦੇਣ ਤੋਂ ਮੁਨਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਜਾਂਚ ਕਮੇਟੀ ਨੂੰ ਬਿਆਨ ਦੇਣ ਤੋਂ ਕੋਰੀ ਨਾਂਹ ਕੀਤੀ ਹੈ, ਜਦਕਿ ਐਸਐਸਪੀ ਨੇ ਕਈ ਪੱਤਰ ਅਤੇ ਮਿਲਣੀਆਂ ਲਈ ਜਾਣ ’ਤੇ ਵੀ ਹੁੰਗਾਰਾ ਨਹੀਂ ਭਰਿਆ। ਉਨ੍ਹਾਂ ਕਿਹਾ ਕਿ ਫੈਸਲੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਰਿਪੋਰਟ ਭੇਜ ਦਿੱਤੀ ਗਈ ਹੈ।
ਸਿੱਖ ਬੰਦੀਆਂ ਦੇ ਮਾਮਲੇ ’ਚ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਦੇ ਯਤਨ ਜਾਰੀ
ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਫਾਂਸੀ ਦਾ ਸਾਹਮਣਾ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਅਤੇ ਹੋਰ ਬੰਦੀ ਸਿੰਘਾਂ ਦੇ ਮਾਮਲੇ ’ਚ ਬਣੀ ਪੰਜ ਮੈਂਬਰੀ ਕਮੇਟੀ ਦੀ ਕਾਰਵਾਈ ਬਾਰੇ ਗੱਲ ਕਰਦਿਆਂ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੋਲੋਂ ਮੁਲਾਕਾਤ ਲਈ ਸਮਾਂ ਮੰਗਿਆ ਗਿਆ ਸੀ, ਪ੍ਰੰਤੂ ਉਨ੍ਹਾਂ ਨੇ ਗ੍ਰਹਿ ਮੰਤਰੀ ਨਾਲ ਰਾਬਤਾ ਕਰਨ ਲਈ ਕਿਹਾ ਹੈ। ਜਿਸ ਨੂੰ ਦੇਖਦਿਆਂ ਅਗਲੀ ਕਾਰਵਾਈ ਨੂੰ ਸਿਰੇ ਚੜ੍ਹਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੀਤੀ ਅਪੀਲ ਦੇ ਮੱਦੇਨਜ਼ਰ ਉਨ੍ਹਾਂ ਨੇ 31 ਦਸੰਬਰ ਤੋਂ ਸਮਾਂ ਵਧਾ ਕੇ 27 ਜਨਵਰੀ ਤੱਕ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜ ਮੈਂਬਰੀ ਕਮੇਟੀ ਸੰਜੀਦਗੀ ਨਾਲ ਕਾਰਜਸ਼ੀਲ ਹੈ ਅਤੇ ਆਸ ਹੈ ਕਿ ਜਲਦ ਹੀ ਕੇਂਦਰ ਸਰਕਾਰ ਨਾਲ ਗੱਲਬਾਤ ਹੋਵੇਗੀ।
ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਗੁਰਪੁਰਬ ਮੌਕੇ ਪੰਜਾਬ ’ਚ ਵੱਡਾ ਸਮਾਗਮ, ਵਿਸ਼ਾਲ ਨਗਰ ਕੀਰਤਨ
ਧਾਮੀ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਗੁਰਪੁਰਬ 17 ਜਨਵਰੀ 2024 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਖ਼ਾਲਸਈ ਜਾਹੋ-ਜਲਾਲ ਨਾਲ ਮਨਾਉਣ ਲਈ ਸਮਾਗਮਾਂ ਦੀ ਰੂਪ ਰੇਖਾ ਨੂੰ ਵੀ ਅੰਤਮ ਰੂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਵਿਸ਼ਾਲ ਪੱਧਰ ’ਤੇ ਮਨਾਇਆ ਜਾਂਦਾ ਹੈ, ਪਰ ਪੰਜਾਬ ਅੰਦਰ ਵੀ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਦਸਮ ਪਾਤਸ਼ਾਹ ਦਾ ਗੁਰਪੁਰਬ ਕੌਮੀ ਪੱਧਰ ’ਤੇ ਮਨਾਉਣਾ ਆਰੰਭ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਤ ਮੁੱਖ ਸਮਾਗਮ ਤੋਂ ਇਲਾਵਾ 10 ਜਨਵਰੀ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸ਼ੁਰੂ ਕੀਤਾ ਜਾਵੇਗਾ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਤੋਂ ਹੁੰਦਾ ਹੋਇਆ 16 ਜਨਵਰੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੰਪੂਰਨ ਹੋਵੇਗਾ।
ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਅਕਾਲ ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ੋਕ ਮਤਾ ਪਾਸ ਕੀਤਾ ਗਿਆ।
Comments
Start the conversation
Become a member of New India Abroad to start commenting.
Sign Up Now
Already have an account? Login