ਵ੍ਹਾਈਟ ਹਾਊਸ ਵਿੱਚ ਐਗਰੀਕਲਚਰਲ ਸੈਕਰੇਟਰੀ ਬਰੂਕ ਰੌਲਿਨਸ ਅਤੇ ਬੈਨ ਕਾਰਸਨ ਨੇ ਫੂਡ ਐਂਡ ਫਾਰਮ ਨੀਤੀਆਂ ਵਿੱਚ ਵੱਡੇ ਬਦਲਾਵਾਂ ਦੀ ਘੋਸ਼ਣਾ ਕੀਤੀ। ਬੈਨ ਕਾਰਸਨ, ਜੋ ਹੁਣ ਹਾਲ ਹੀ ਵਿੱਚ ਨੈਸ਼ਨਲ ਨਿਊਟ੍ਰਿਸ਼ਨ ਐਡਵਾਈਜ਼ਰ ਵਜੋਂ ਸਹੁੰ ਲੈ ਚੁੱਕੇ ਹਨ, ਉਹਨਾਂ ਨੇ ਵਾਅਦਾ ਕੀਤਾ ਕਿ ਉਹ ਲੋਕਾਂ ਲਈ ਸਿਹਤਮੰਦ ਭੋਜਨ ਤੱਕ ਪਹੁੰਚ ਸੁਧਾਰਨ ਲਈ ਕੰਮ ਕਰਨਗੇ। ਰੌਲਿਨਸ ਨੇ ਸਪਲੀਮੈਂਟ ਨਿਊਟ੍ਰਿਸ਼ਨ ਅਸਸਿਸਟੈਂਸ ਪ੍ਰੋਗਰਾਮ ( SNAP ) ਲਈ ਨਵੇਂ ਸਟੌਕਿੰਗ ਮਾਪਦੰਡ ਜਾਰੀ ਕੀਤੇ ਅਤੇ ਸੰਘਰਸ਼ ਕਰ ਰਹੇ ਕਿਸਾਨਾਂ ਲਈ ਨਵੀਂ ਮਦਦ ਦੇ ਸੰਕੇਤ ਦਿੱਤੇ। ਦੋਵਾਂ ਨੇ ਰਾਜਨੀਤਕ ਹਿੰਸਾ 'ਤੇ ਵੀ ਚਿੰਤਾ ਜਤਾਈ ਅਤੇ ਨੈਸ਼ਨਲ ਪ੍ਰੇਅਰ ਮੁਹਿੰਮ ਦਾ ਸਮਰਥਨ ਕੀਤਾ।
ਖੇਤੀਬਾੜੀ ਸਕੱਤਰ ਰੌਲਿਨਸ ਨੇ ਬੁੱਧਵਾਰ ਨੂੰ ਕਿਹਾ ਕਿ ਉਹ “ਭਾਰਤ ਨੂੰ ਲੈ ਕੇ ਬਹੁਤ ਉਤਸ਼ਾਹਤ ਹਨ”, ਉਹਨਾਂ ਦਾ ਇਹ ਬਿਆਨ ਵਾਸ਼ਿੰਗਟਨ ਅਤੇ ਨਵੀਂ ਦਿੱਲੀ ਵੱਲੋਂ ਨਿਊਯਾਰਕ ਵਿੱਚ ਵਪਾਰਕ ਗੱਲਬਾਤ ਦੇ ਆਪਣੇ ਨਵੇਂ ਦੌਰ ਦੀ ਸਮਾਪਤੀ ਤੋਂ ਇੱਕ ਦਿਨ ਬਾਅਦ ਆਇਆ, ਕਿਉਂਕਿ ਟਰੰਪ ਸਰਕਾਰ ਭਾਰਤ 'ਤੇ ਦਬਾਅ ਬਣਾਈ ਹੋਈ ਹੈ ਕਿ ਉਹ ਅਮਰੀਕੀ ਖੇਤੀਬਾੜੀ ਉਤਪਾਦਾਂ ਲਈ ਆਪਣੀ ਮਾਰਕੀਟ ਹੋਰ ਖੋਲ੍ਹਣ। ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ, “ਅਸੀਂ ਭਾਰਤ ਨੂੰ ਇੱਕ ਵੱਡੇ ਮੌਕੇ ਵਜੋਂ ਵੇਖ ਰਹੇ ਹਾਂ।” ਇਹ ਟਿੱਪਣੀ ਉਸ ਵੇਲੇ ਆਈ ਜਦੋਂ ਅਮਰੀਕੀ ਸਰਕਾਰ ਭਾਰਤ ਵਿੱਚ ਅਮਰੀਕੀ ਡੇਅਰੀ, ਪੋਲਟਰੀ ਅਤੇ ਅਨਾਜ ਉਤਪਾਦਾਂ ਲਈ ਘੱਟ ਟੈਰਿਫ਼ ਅਤੇ ਮਾਰਕੀਟ ਪਹੁੰਚ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਰੌਲਿਨਸ ਦੇ ਨਾਲ ਬੈਨ ਕਾਰਸਨ ਵੀ ਮੌਜੂਦ ਸਨ, ਜੋ ਪਹਿਲਾਂ ਹਾਉਸਿੰਗ ਐਂਡ ਅਰਬਨ ਡਿਵੈਲਪਮੈਂਟ ਸਕੱਤਰ ਰਹੇ ਹਨ। ਉਹ ਟਰੰਪ ਦੇ ਨੈਸ਼ਨਲ ਨਿਊਟ੍ਰਿਸ਼ਨ ਐਡਵਾਈਜ਼ਰ ਵਜੋਂ ਸਹੁੰ ਲੈ ਚੁੱਕੇ ਹਨ। ਰੌਲਿਨਸ ਨੇ ਕਾਰਸਨ ਦੀ ਨਿਯੁਕਤੀ ਨੂੰ "ਇੱਕ ਮਹੱਤਵਪੂਰਨ ਦਿਨ" ਕਿਹਾ ਅਤੇ ਉਨ੍ਹਾਂ ਦੀ ਕਹਾਣੀ ਨੂੰ "ਅਮਰੀਕਨ ਸੁਪਨੇ ਦੀ ਅਸਲੀ ਤਸਵੀਰ" ਦੱਸਿਆ। ਉਹ ਕਹਿੰਦੇ ਹਨ, ਬੈਨ ਕਾਰਸਨ ਨਾਲੋਂ ਕੋਈ ਵੀ ਮਹਾਨ ਅਮਰੀਕੀ ਨਹੀਂ ਹੈ ਜਿਸਨੇ ਅਮਰੀਕੀ ਸੁਪਨੇ ਨੂੰ ਇਸ ਤਰ੍ਹਾਂ ਦੇ ਸ਼ਾਨਦਾਰ ਤਰੀਕੇ ਨਾਲ ਜੀਵਿਆ ਹੋਵੇ।” ਕਾਰਸਨ ਨੇ ਕਿਹਾ ਕਿ ਉਹ ਨਿਊਟ੍ਰਿਸ਼ਨ ਨੂੰ ਆਪਣੀ ਪ੍ਰਾਥਮਿਕਤਾ ਬਣਾਉਣਗੇ, ਖਾਸ ਕਰਕੇ ਘੱਟ ਆਮਦਨ ਵਾਲੇ ਪਰਿਵਾਰਾਂ ਲਈ।
ਉਨ੍ਹਾਂ ਕਿਹਾ, “ਘੱਟ ਆਮਦਨ ਵਾਲੇ ਲੋਕਾਂ ਵਿੱਚ ਪੋਸ਼ਣ ਦੀ ਘਾਟ ਬਹੁਤ ਆਮ ਹੈ। ਅਸੀਂ ਸਟੋਰਾਂ ਵਿੱਚ ਅਜਿਹੀਆਂ ਚੀਜ਼ਾਂ ਦਾ ਵਿਸਤਾਰ ਕਰਨ ਜਾ ਰਹੇ ਹਾਂ ਜੋ ਸਿਹਤਮੰਦ ਹਨ ਅਤੇ ਅਸੀਂ ਖਾਣ-ਪੀਣ ਦੀ ਸਪਲਾਈ ਚੇਨ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ।"
ਉਨ੍ਹਾਂ ਨੇ ਅਮਰੀਕਾ ਵਿੱਚ ਘਟ ਰਹੀ "ਲਾਈਫ ਐਕਸਪੈਕਟੈਂਸੀ” ਨੂੰ ਵੀ ਖ਼ੁਰਾਕ ਨਾਲ ਜੋੜਿਆ। ਉਨ੍ਹਾਂ ਨੇ ਕਿਹਾ, “ਹੋਰ ਉਦਯੋਗਿਕ ਦੇਸ਼ਾਂ ਵਿੱਚ ਜੀਵਨ ਉਮੀਦ ਵਧ ਰਹੀ ਹੈ, ਪਰ ਸਾਡੇ ਦੇਸ਼ ਵਿੱਚ ਇਹ ਘਟ ਰਹੀ ਹੈ। ਇਹ ਬਦਲਣਾ ਚਾਹੀਦਾ ਹੈ ਅਤੇ ਮੇਰੇ ਖ਼ਿਆਲ ਵਿੱਚ ਇਹ ਸਾਡੀ ਖੁਰਾਕ ਨਾਲ ਜੁੜਿਆ ਹੋਇਆ ਹੈ।
ਬਰੂਕ ਰੌਲਿਨਸ ਨੇ SNAP ਲਈ ਨਵੇਂ ਨਿਯਮ ਜਾਰੀ ਕੀਤੇ ਹਨ । ਨਵੇਂ ਨਿਯਮਾਂ ਅਨੁਸਾਰ ਹੁਣ ਰੀਟੇਲ ਸਟੋਰਾਂ ਨੂੰ 28 ਸਿਹਤਮੰਦ ਚੀਜ਼ਾਂ ਰੱਖਣੀਆਂ ਲਾਜ਼ਮੀ ਹੋਣਗੀਆਂ—ਜੋ ਪਹਿਲਾਂ ਸਿਰਫ਼ 12 ਸਨ। ਰੌਲਿਨਸ ਨੇ ਕਿਹਾ “ਪੁਰਾਣੇ ਨਿਯਮਾਂ ਅਨੁਸਾਰ, ਸਿਰਫ਼ ਇੱਕ ਪ੍ਰੋਟੀਨ ਆਈਟਮ ਰੱਖਣੀ ਲਾਜ਼ਮੀ ਸੀ। ਉਹ ਬੀਫ ਜਰਕੀ ਦਾ ਇੱਕ ਬੈਗ ਵੀ ਹੋ ਸਕਦਾ ਸੀ ,ਪਰ ਹੁਣ ਅੰਡੇ, ਤੁਰਕੀ, ਹੈਮ, ਪਨੀਰ, ਡੇਅਰੀ ਵਰਗੀਆਂ ਚੀਜ਼ਾਂ ਸ਼ਾਮਿਲ ਹੋਣੀਆਂ ਲਾਜ਼ਮੀ ਹਨ।” ਉਹਨਾਂ ਇਹ ਵੀ ਕਿਹਾ ਕਿ ਭੁੱਖ ਸੰਬੰਧੀ ਪੁਰਾਣੇ ਸਰਵੇਖਣ ਨੂੰ ਰੱਦ ਕਰਨਾ ਠੀਕ ਫੈਸਲਾ ਸੀ।
ਰੌਲਿਨਸ ਨੇ ਖਾਦ, ਈਂਧਨ ਅਤੇ ਬੀਜਾਂ ਦੀ ਵਧਦੀ ਲਾਗਤ ਦਾ ਹਵਾਲਾ ਦਿੰਦੇ ਹੋਏ, ਅਮਰੀਕੀ ਕਿਸਾਨਾਂ 'ਤੇ ਵਿੱਤੀ ਦਬਾਅ ਬਾਰੇ ਵੀ ਗੱਲ ਕੀਤੀ। ਉਹਨਾਂ ਕਿਹਾ ਕਿ “ਸਿਰਫ਼ 5% ਕਿਸਾਨਾਂ ਨੇ ਪਿਛਲੇ ਦਹਾਕੇ ਵਿੱਚ ਪੈਸਾ ਕਮਾਇਆ ਹੈ।” ਉਨ੍ਹਾਂ ਕਿਹਾ ਕਿ ਕਾਂਗਰਸ ਨਾਲ ਮਿਲ ਕੇ ਇੱਕ ਨਵਾਂ ਰਾਹਤ ਪੈਕੇਜ ਤਿਆਰ ਕੀਤਾ ਜਾ ਰਿਹਾ ਹੈ, ਜਿਸਦਾ ਜਲਦੀ ਐਲਾਨ ਕੀਤਾ ਜਾ ਸਕਦਾ ਹੈ।
ਦੋਵਾਂ ਅਧਿਕਾਰੀਆਂ ਨੂੰ ਡਲਾਸ 'ਚ ਇੱਕ ਸੰਘੀ ਦਫ਼ਤਰ 'ਤੇ ਹੋਈ ਗੋਲੀਬਾਰੀ ਬਾਰੇ ਵੀ ਸਵਾਲ ਕੀਤਾ ਗਿਆ। ਇਸਦੇ ਜਵਾਬ ਵਿਚ ਰੌਲਿਨਸ ਨੇ ਕਿਹਾ “ਇਹ ਘਟਨਾ ਬਹੁਤ ਨਿਰਾਸ਼ਾਜਨਕ ਅਤੇ ਦਿਲ ਤੋੜਨ ਵਾਲੀ ਹੈ।” ਕਾਰਸਨ ਨੇ ਕਿਹਾ “ਸਿਰਫ਼ ਇਸ ਲਈ ਕਿ ਅਸੀਂ ਵੱਖਰੇ ਤਰੀਕੇ ਨਾਲ ਸੋਚਦੇ ਹਾਂ, ਇਸਦਾ ਅਰਥ ਇਹ ਨਹੀਂ ਕਿ ਅਸੀਂ ਇਕ ਦੂਜੇ ਦੇ ਦੁਸ਼ਮਣ ਹਾਂ। ਦਰਅਸਲ, ਤੁਸੀਂ ਉਹਨਾਂ ਲੋਕਾਂ ਤੋਂ ਕੁਝ ਵੱਧ ਸਿੱਖ ਸਕਦੇ ਹੋ ਜੋ ਤੁਹਾਡੇ ਨਾਲ ਅਸਹਿਮਤ ਹੁੰਦੇ ਹਨ, ਨਾ ਕਿ ਉਹ ਜੋ ਹਰ ਗੱਲ 'ਤੇ ਸਹਿਮਤ ਹੋ ਜਾਂਦੇ ਹਨ।”
ਇਸਦੇ ਨਾਲ ਹੀ ਦੋਵਾਂ ਆਗੂਆਂ ਨੇ ਟਰੰਪ ਦੀ 250ਵੀਂ ਵਾਰ੍ਹੇਗੰਢ ਨੂੰ ਲੈ ਕੇ ਨੈਸ਼ਨਲ ਪ੍ਰੇਅਰ ਮੁਹਿੰਮ ਦਾ ਸਮਰਥਨ ਕੀਤਾ। ਭਾਰਤ ਬਾਰੇ ਰੌਲਿਨਸ ਦੀ ਸ਼ੁਰੂਆਤੀ ਟਿੱਪਣੀ, ਭਾਵੇਂ ਛੋਟੀ ਸੀ, ਪਰ ਇਹ ਦਰਸਾਉਂਦੀ ਹੈ ਕਿ ਪ੍ਰਸ਼ਾਸਨ ਭਾਰਤ ਵਿੱਚ ਖੇਤੀਬਾੜੀ ਵਪਾਰ ਲਈ ਮਾਰਕੀਟ ਪਹੁੰਚ ਵਧਾਉਣ ‘ਤੇ ਲਗਾਤਾਰ ਕੰਮ ਕਰ ਰਿਹਾ ਹੈ।
Comments
Start the conversation
Become a member of New India Abroad to start commenting.
Sign Up Now
Already have an account? Login