ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨਾਲ ਸੰਬੰਧਿਤ ਇਤਹਾਸਕ ਗੁਰਦੁਆਰਾ ਕੰਧ ਸਾਹਿਬ ਬਟਾਲਾ, ਜਿੱਥੇ ਗੁਰੂ ਜੀ ਮਾਤਾ ਸੁਲੱਖਣੀ ਜੀ ਨੂੰ ਵਿਆਹੁਣ ਵਾਸਤੇ ਬਰਾਤ ਲੈ ਕੇ ਗਏ ਸਨ। ਉਹ ਕੰਧ ਜਿਸ ਦੇ ਨਾਲ ਗੁਰੂ ਸਾਹਿਬ ਜੀ ਬਿਰਾਜਮਾਨ ਹੋਏ ਉਸ ਦੇ ਨਾਮ ਨਾਲ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜੁੜਿਆ ਹੋਇਆ ਹੈ। ਇਸ ਗੁਰਦੁਆਰਾ ਸਾਹਿਬ ਦਾ ਅਜੋਕੇ ਸਮੇਂ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਹੈ। ਇਸ ਇਤਿਹਾਸਕ ਗੁਰੂ ਘਰ ਦੀਆਂ ਲੋੜੀਂਦੀਆਂ ਉਸਾਰੀਆਂ ਦੀ ਕਾਰ ਸੇਵਾ ਆਰੰਭੀ ਜਾ ਰਹੀ ਹੈ।
ਇਤਿਹਾਸਕ ਗੁਰਦੁਆਰਾ ਕੰਧ ਸਾਹਿਬ ਬਟਾਲਾ ਵਿਖੇ ਅੱਜ ਅਰਦਾਸ ਉਪਰੰਤ ਵੱਖ-ਵੱਖ ਕਾਰਜਾਂ ਦੀ ਟੱਪ ਲਗਾ ਕੇ ਸ਼ੁਰੂਆਤ ਕੀਤੀ ਗਈ। ਕਾਰਸੇਵਾ ਦੀ ਆਰੰਭਤਾ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪਦਮਸ੍ਰੀ ਬਾਬਾ ਸੇਵਾ ਸਿੰਘ ਕਾਰਸੇਵਾ ਖਡੂਰ ਸਾਹਿਬ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੰਗਤ ਦੀਆਂ ਭਾਵਨਾਵਾਂ ਅਨੁਸਾਰ ਇਸ ਇਤਿਹਾਸਕ ਅਸਥਾਨ ਦੇ ਵੱਖ-ਵੱਖ ਕਾਰਜਾਂ ਦੀ ਸੇਵਾ ਕਰਵਾਈ ਜਾ ਰਹੀ ਹੈ।
ਇਨ੍ਹਾਂ ਕਾਰਜਾਂ ਵਿਚ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ, ਲੰਗਰ ਹਾਲ, ਦੀਵਾਨ ਹਾਲ, ਜੋੜਾ ਘਰ ਅਤੇ ਪਾਰਕਿੰਗ ਆਦਿ ਸ਼ਾਮਲ ਹਨ। ਇਸ ਇਤਿਹਾਸਕ ਅਸਥਾਨ ਦੇ ਮਹੱਤਵ ਨੂੰ ਮੁਖ ਰੱਖਦਿਆਂ ਇਸ ਦੀ ਦਿੱਖ ਹੂਬਹੂ ਰੱਖੀ ਜਾਵੇਗੀ, ਜਿਸ ਲਈ ਮਾਹਿਰਾਂ ਦੀਆਂ ਸੇਵਾਵਾਂ ਵੀ ਲਈਆਂ ਜਾਣਗੀਆਂ। ਐਡਵੋਕੇਟ ਧਾਮੀ ਨੇ ਦੱਸਿਆ ਕਿ ਇਨ੍ਹਾਂ ਵੱਖ-ਵੱਖ ਕਾਰਜਾਂ ਦੀ ਕਾਰਸੇਵਾ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੂੰ ਸੌਂਪੀ ਗਈ ਹੈ। ਉਨ੍ਹਾਂ ਸੰਗਤਾਂ ਨੂੰ ਤਨ ਮਨ ਧੰਨ ਕਰਕੇ ਚੱਲ ਰਹੀਆਂ ਸੇਵਾਵਾਂ ਵਿਚ ਸਹਿਯੋਗ ਬਣਨ ਦੀ ਅਪੀਲ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ, ਸ. ਗੁਰਨਾਮ ਸਿੰਘ ਜੱਸਲ, ਬੀਬੀ ਜਸਬੀਰ ਕੌਰ ਜਫਰਵਾਲ, ਓਐਸਡੀ ਸ. ਸਤਬੀਰ ਸਿੰਘ ਧਾਮੀ, ਸਕੱਤਰ ਸ. ਪ੍ਰਤਾਪ ਸਿੰਘ, ਐਕਸੀਅਨ ਸ. ਜਤਿੰਦਰਪਾਲ ਸਿੰਘ, ਸੀਨੀਅਰ ਅਕਾਲੀ ਆਗੂ ਸ. ਗੁਰਇਕਬਾਲ ਸਿੰਘ ਮਾਹਲ, ਸ਼੍ਰੋਮਣੀ ਕਮੇਟੀ ਅਧਿਕਾਰੀ, ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਅਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।
Comments
Start the conversation
Become a member of New India Abroad to start commenting.
Sign Up Now
Already have an account? Login