ADVERTISEMENT

ADVERTISEMENT

ਉਟਾਹ ਹਾਊਸ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਲਿਦਾਨ ਨੂੰ ਦਿੱਤਾ ਸਨਮਾਨ

ਉਟਾਹ ਦੇ ਕਾਨੂੰਨਘਾੜਿਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਇੱਕ ਸਨਮਾਨ ਪੱਤਰ ਜਾਰੀ ਕੀਤਾ

ਉਟਾਹ ਹਾਊਸ ਨੇ ਸਿੱਖ ਗੁਰੂ ਦੀ ਵਿਰਾਸਤ ਨੂੰ ਮਾਨਤਾ ਦਿੱਤੀ / Pritpal Singh

ਸਾਲਟ ਲੇਕ ਸਿਟੀ ਵਿੱਚ ਉਟਾਹ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਮਾਨਤਾ ਦਿੰਦਿਆਂ ਅਤੇ ਰਾਜ ਵਿੱਚ ਸਿੱਖ ਭਾਈਚਾਰੇ ਦੇ ਇਤਿਹਾਸ ਨੂੰ ਸਨਮਾਨ ਦਿੰਦੇ ਹੋਏ ਇਕ ਅਧਿਕਾਰਤ ਸਨਮਾਨ ਪੱਤਰ ਜਾਰੀ ਕੀਤਾ।

ਇਸ ਸਨਮਾਨ ਪੱਤਰ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਸਿੱਖ ਧਰਮ ਦੇ ਮੂਲ, ਰੱਬ ਅੱਗੇ ਬਰਾਬਰੀ ਵਿੱਚ ਇਸਦੇ ਵਿਸ਼ਵਾਸ, ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਸਿੱਖ ਪ੍ਰਵਾਸ ਦੇ 100 ਸਾਲਾਂ ਤੋਂ ਵੱਧ ਸਮੇਂ ਦਾ ਜ਼ਿਕਰ ਕੀਤਾ ਗਿਆ ਹੈ। ਵਿਧਾਇਕਾਂ ਨੇ ਸਿੱਖ ਭਾਈਚਾਰੇ ਦੇ ਸੇਵਾ-ਭਾਵ ਅਤੇ ਚੈਰਿਟੀ ਕਾਰਜਾਂ ਨੂੰ ਸਲਾਹਿਆ ਅਤੇ ਸੱਚਾ ਜੀਵਨ, ਸੇਵਾ ਅਤੇ ਰੱਬ ਪ੍ਰਤੀ ਸ਼ਰਧਾ ਦੇ ਸਿਧਾਂਤਾਂ ਨੂੰ ਉਟਾਹ ਵਿੱਚ ਇਸਦੀ ਮੌਜੂਦਗੀ ਦਾ ਕੇਂਦਰ ਦੱਸਿਆ। 

ਪੱਤਰ ਵਿੱਚ 24 ਨਵੰਬਰ 1675 ਦੀਆਂ ਘਟਨਾਵਾਂ ਦਾ ਵੇਰਵਾ ਦਿੱਤਾ ਗਿਆ ਹੈ, ਜਦੋਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਇਆਲਾ ਨੇ “ਆਪਣੇ ਸਿਧਾਂਤਾਂ ਤੋਂ ਮੂੰਹ ਫੇਰਨ ਦੀ ਬਜਾਏ ਸ਼ਹਾਦਤ ਨੂੰ ਚੁਣਿਆ।“ ਇਸ ਵਿਚ ਕਿਹਾ ਗਿਆ ਕਿ 2025 ‘ਚ ਇਨ੍ਹਾਂ ਸ਼ਹੀਦੀਆਂ ਨੂੰ 350 ਸਾਲ ਪੂਰੇ ਹੋਣਗੇ ਅਤੇ ਇਹ ਸ਼ਹੀਦੀ ਪੁਰਬ “ਸਿੱਖਾਂ ਦੇ ਨਾਲ-ਨਾਲ ਪੂਰੀ ਮਨੁੱਖਤਾ ਦੇ ਇਤਿਹਾਸ ਦਾ ਮਹੱਤਵਪੂਰਨ ਹਿੱਸਾ” ਹੈ।

ਸਪੀਕਰ ਮਾਈਕ ਸ਼ੁਲਟਜ਼ ਅਤੇ ਪ੍ਰਤੀਨਿਧੀ ਐਂਥਨੀ ਲੂਬੇਟ ਨੇ ਇਸ ਮਾਨਤਾ ਪੱਤਰ 'ਤੇ ਦਸਤਖਤ ਕੀਤੇ, ਜੋ ਉਟਾਹ ਦੇ ਸਿੱਖ ਨਿਵਾਸੀਆਂ ਦੇ ਯੋਗਦਾਨ ਨੂੰ ਵੀ ਸਨਮਾਨ ਦਿੰਦਾ ਹੈ।

ਅਮਰੀਕਨ ਸਿੱਖ ਕਾਕਸ ਕਮੇਟੀ ਦੇ ਸੰਸਥਾਪਕ ਪ੍ਰਿਤਪਾਲ ਸਿੰਘ ਨੇ ਐਕਸ ‘ਤੇ ਲਿਖਿਆ ਕਿ ਉਹ ਲੂਬੇਟ, ਸ਼ੁਲਟਜ਼ ਅਤੇ ਲੈਫਟੀਨੈਂਟ ਗਵਰਨਰ ਡੀਡਰੇ ਹੈਂਡਰਸਨ ਦੁਆਰਾ ਦਿੱਤੇ ਗਏ ਇਸ ਸਨਮਾਨ ਦੀ ਪ੍ਰਸ਼ੰਸਾ ਕਰਦੇ ਹਨ। ਉਨ੍ਹਾਂ ਨੇ ਕਿਹਾ, “ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਬਲਿਦਾਨ ਦੀ 350ਵੀਂ ਵਰ੍ਹੇਗੰਢ ਨੂੰ ਸਨਮਾਨਿਤ ਕਰਨ ਅਤੇ ਉਟਾਹ ਦੇ ਸਿੱਖ ਭਾਈਚਾਰੇ ਨੂੰ ਮਾਨਤਾ ਦੇਣ ਲਈ ਤੁਹਾਡਾ ਧੰਨਵਾਦ।”

ਸਿੰਘ ਨੇ ਕਿਹਾ ਕਿ ਸਿੱਖ ਅਮਰੀਕੀ ਆਗੂ ਹਿੰਮਤ ਸਿੰਘ, ਡਾ. ਪ੍ਰਿਤਪਾਲ ਸਿੰਘ ਅਤੇ ਹਰਿੰਦਰ ਸਿੰਘ ਸਮੇਤ ਰਾਜ ਭਰ ਦੇ ਭਾਈਚਾਰੇ ਦੇ ਮੈਂਬਰ “ਇਸ ਪਲ ਲਈ ਧੰਨਵਾਦੀ ਹਨ।“ ਉਨ੍ਹਾਂ ਅੱਗੇ ਕਿਹਾ ਕਿ ਇਹ ਸਨਮਾਨ "ਉਸ ਭਾਈਚਾਰੇ ਲਈ ਅਸਲ ਮਾਇਨੇ ਰੱਖਦਾ ਹੈ, ਜੋ ਇੱਕ ਸਦੀ ਤੋਂ ਵੱਧ ਸਮੇਂ ਤੋਂ ਅਮਰੀਕੀ ਧਰਤੀ 'ਤੇ ਆਜ਼ਾਦੀ, ਸੇਵਾ ਅਤੇ ਬਰਾਬਰੀ ਦੇ ਸਿਧਾਂਤਾਂ ਨੂੰ ਜੀਅ ਰਿਹਾ ਹੈ।" 

ਉਨ੍ਹਾਂ ਨੇ ਦਰਸਾਇਆ ਕਿ “ਅਮਰੀਕਾ ਵਲੋਂ ਫ਼ਰਸਟ ਐਮੈਂਡਮੈਂਟ ਲਿਖੇ ਜਾਣ ਤੋਂ 125 ਸਾਲ ਪਹਿਲਾਂ, ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਮਨੁੱਖ ਦੇ ਸਭ ਤੋਂ ਮੂਲ ਅਧਿਕਾਰ ‘ਨਿਡਰ ਹੋ ਕੇ ਆਪਣੇ ਧਰਮ ਦਾ ਪਾਲਣ ਕਰਨ ਦੇ ਅਧਿਕਾਰ’ ਦੀ ਰੱਖਿਆ ਲਈ ਆਪਣਾ ਬਲਿਦਾਨ ਦਿੱਤਾ ਸੀ।”

ਸਿੰਘ ਨੇ ਉਟਾਹ ਦੇ ਅਧਿਕਾਰੀਆਂ ਦਾ ਵੀ ਸਿੱਖ ਭਾਈਚਾਰੇ ਦਾ ਸਤਿਕਾਰ ਅਤੇ ਭਾਈਵਾਲੀ ਨਾਲ ਸਵਾਗਤ ਕਰਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਕਾਰਜ ਰਾਜ ਅਤੇ ਸਿੱਖ ਨਿਵਾਸੀਆਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਦਾ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video