ADVERTISEMENT

ADVERTISEMENT

ਅਮਰੀਕੀ ਦੂਤਾਵਾਸ ਨੇ ਭਾਰਤ ਵਿੱਚ ਵੱਡੇ ਪੱਧਰ 'ਤੇ ਫੈਲੇ ਵੀਜ਼ਾ ਘੁਟਾਲਿਆਂ ਬਾਰੇ ਦਿੱਤੀ ਚੇਤਾਵਨੀ

ਦੂਤਾਵਾਸ ਨੇ ਬਿਨੈਕਾਰਾਂ ਨੂੰ ਭਰੋਸੇਯੋਗ ਸਰੋਤਾਂ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਨਾਲ ਹੀ ਜਾਅਲੀ ਦਸਤਾਵੇਜ਼ਾਂ ਤੇ ਏਜੰਟਾਂ ਦੀ ਬੇਲੋੜੀ ਦਖ਼ਲਅੰਦਾਜ਼ੀ ਵਿਰੁੱਧ ਸੁਚੇਤ ਕੀਤਾ

Representative Image / Wikipedia

ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ 26 ਦਸੰਬਰ ਨੂੰ ਵੀਜ਼ਾ ਘੁਟਾਲਿਆਂ ਬਾਰੇ ਇੱਕ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਦੂਤਾਵਾਸ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕੋਈ ਵੀ ਏਜੰਟ ਜਾਂ ਤੀਜੀ ਧਿਰ ਵੀਜ਼ਾ ਮਨਜ਼ੂਰੀ ਦੀ ਗਾਰੰਟੀ ਨਹੀਂ ਦੇ ਸਕਦੀ ਅਤੇ ਨਾ ਹੀ ਪ੍ਰਕਿਰਿਆ ਨੂੰ ਤੇਜ਼ ਕਰਵਾ ਸਕਦੀ ਹੈ। ਐਕਸ ‘ਤੇ ਕੀਤੀ ਇੱਕ ਪੋਸਟ ਵਿੱਚ ਦੂਤਾਵਾਸ ਨੇ ਕਿਹਾ, “ਵੀਜ਼ਾ ਘੋਟਾਲੇ ਅਤੇ ਧੋਖਾਧੜੀ ਤੁਹਾਡੀ ਸੋਚ ਤੋਂ ਕਾਫ਼ੀ ਵੱਧ ਆਮ ਹਨ ਅਤੇ ਇਹ ਤੁਹਾਡਾ ਸਮਾਂ, ਪੈਸਾ ਅਤੇ ਯਾਤਰਾ ਦੀਆਂ ਯੋਜਨਾਵਾਂ ਨੂੰ ਬਰਬਾਦ ਕਰ ਸਕਦੇ ਹਨ। ਇਸ #VisaFriday ਮੌਕੇ ‘ਤੇ ਅਸੀਂ ਉਹਨਾਂ ਕਦਮਾਂ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨਾਲ ਤੁਸੀਂ ਘੋਟਾਲਿਆਂ ਦੀ ਪਛਾਣ ਕਰ ਸਕਦੇ ਹੋ, ਧੋਖਾਧੜੀ ਤੋਂ ਬਚ ਸਕਦੇ ਹੋ ਅਤੇ ਸੋਚ-ਸਮਝ ਕੇ ਫ਼ੈਸਲਾ ਲੈ ਸਕਦੇ ਹੋ।”

ਇਸ ਪੋਸਟ ਦੇ ਨਾਲ ਇੱਕ ਜਾਣਕਾਰੀ ਭਰਪੂਰ ਵੀਡੀਓ ਵੀ ਸਾਂਝੀ ਕੀਤੀ ਗਈ ਸੀ, ਜਿਸ ਵਿੱਚ ਦੂਤਾਵਾਸ ਨੇ ਉਨ੍ਹਾਂ ਫਰਜ਼ੀ ਸਕੀਮਾਂ ਬਾਰੇ ਸੁਚੇਤ ਕੀਤਾ ਜੋ ਲਗਾਤਾਰ ਉਮੀਦਵਾਰਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਇਨ੍ਹਾਂ ਕਾਰਨ ਅਕਸਰ ਵਿੱਤੀ ਨੁਕਸਾਨ ਹੁੰਦਾ ਹੈ ਅਤੇ ਵੀਜ਼ਾ ਰੱਦ ਹੋ ਜਾਂਦਾ ਹੈ। 



ਦੂਤਾਵਾਸ ਨੇ ਆਪਣੀ ਪੋਸਟ ਵਿੱਚ ਕਿਹਾ, "ਵੀਜ਼ਾ ਘੁਟਾਲੇ ਤੁਹਾਡੀ ਕਲਪਨਾ ਨਾਲੋਂ ਵੱਧ ਆਮ ਹਨ।" ਉਨ੍ਹਾਂ ਨੇ ਸਿਰਫ ਅਧਿਕਾਰਤ ਸਰੋਤਾਂ 'ਤੇ ਭਰੋਸਾ ਕਰਨ ਦੀ ਅਪੀਲ ਕੀਤੀ। ਨਾਲ ਹੀ ਦੂਤਾਵਾਸ ਨੇ ਕਿਹਾ, "ਕੋਈ ਵੀ ਵਿਅਕਤੀ—ਚਾਹੇ ਉਹ ਵੀਜ਼ਾ ਏਜੰਟ ਹੋਵੇ, ਕੋਈ ਦਲਾਲ ਹੋਵੇ ਜਾਂ ਕੋਈ ਟ੍ਰੈਵਲ ਏਜੰਸੀ—ਤੁਹਾਨੂੰ ਅਮਰੀਕੀ ਵੀਜ਼ਾ ਦਿਵਾਉਣ ਦਾ ਵਾਅਦਾ ਨਹੀਂ ਕਰ ਸਕਦਾ।"

ਅਰਜ਼ੀਦਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਸਹੀ ਅਤੇ ਭਰੋਸੇਯੋਗ ਜਾਣਕਾਰੀ ਲਈ “travel.state.gov” ਜਾਂ ਦੂਤਾਵਾਸ ਦੀ ਵੈੱਬਸਾਈਟ “in.usembassy.gov/visas” ‘ਤੇ ਮੌਜੂਦ Visa Navigator ਟੂਲ ਦੀ ਵਰਤੋਂ ਕਰਨ।

ਵੀਡੀਓ ਵਿੱਚ ਦੂਤਾਵਾਸ ਨੇ ਚੇਤਾਵਨੀ ਦਿੱਤੀ, "ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਬਿਲਕੁਲ ਨਾ ਕਰੋ ਅਤੇ ਨਾ ਹੀ ਉਨ੍ਹਾਂ ਨੂੰ ਖਰੀਦੋ। ਤੱਥਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਅਤੇ ਜਾਅਲੀ ਦਸਤਾਵੇਜ਼ ਦੇਣ ਦੇ ਨਤੀਜੇ ਵਜੋਂ ਅਮਰੀਕਾ ਵਿੱਚ ਦਾਖਲ ਹੋਣ 'ਤੇ ਉਮਰ ਭਰ ਲਈ ਪਾਬੰਦੀ ਲੱਗ ਸਕਦੀ ਹੈ ਅਤੇ ਅਪਰਾਧਿਕ ਕਾਰਵਾਈ ਵੀ ਹੋ ਸਕਦੀ ਹੈ।" 

ਅੰਤ ਵਿੱਚ, ਦੂਤਾਵਾਸ ਨੇ ਇਹ ਵੀ ਦੱਸਿਆ ਕਿ “ਸਾਡੇ ਅਧਿਕਾਰੀ ਬਹੁਤ ਤਜਰਬੇਕਾਰ ਹਨ ਅਤੇ ਉਹ ਘਬਰਾਹਟ ਅਤੇ ਧੋਖੇ ਵਿਚ ਅੰਤਰ ਸਮਝਦੇ ਹਨ। ਸਿਰਫ਼ ਅਧਿਕਾਰੀ ਦੇ ਸਵਾਲਾਂ ਦੇ ਜਵਾਬ ਸਪੱਸ਼ਟ ਅਤੇ ਸੱਚਾਈ ਨਾਲ ਦਿਓ।"

ਦੂਤਾਵਾਸ ਨੇ ਬਿਨੈਕਾਰਾਂ ਨੂੰ ਘੋਟਾਲਿਆਂ ਦੀ ਸ਼ਿਕਾਇਤ ਕਰਨ ਲਈ ਵੀ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ, “ਜੇ ਤੁਸੀਂ ਕਿਸੇ ਵੀਜ਼ਾ ਘੋਟਾਲੇ ਦਾ ਸ਼ਿਕਾਰ ਹੋਏ ਹੋ ਜਾਂ ਤੁਹਾਡੇ ਕੋਲ ਵੀਜ਼ਾ ਧੋਖਾਧੜੀ ਦੇ ਸਬੂਤ ਹਨ, ਤਾਂ Visa Navigator ਰਾਹੀਂ ਸਾਡੇ ਫ਼ਰੌਡ ਪ੍ਰਿਵੈਂਸ਼ਨ ਯੂਨਿਟ ਨੂੰ ਰਿਪੋਰਟ ਕਰੋ।”

ਇਹ ਚੇਤਾਵਨੀ ਭਾਰਤ ਤੋਂ ਵੀਜ਼ਾ ਦੀ ਭਾਰੀ ਮੰਗ ਦੇ ਵਿਚਕਾਰ ਧੋਖਾਧੜੀ ਦਾ ਮੁਕਾਬਲਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਨੂੰ ਦਰਸਾਉਂਦੀ ਹੈ ਅਤੇ ਉਮੀਦਵਾਰਾਂ ਨੂੰ ਸਾਵਧਾਨ ਰਹਿਣ ਦੀ ਯਾਦ ਦਿਵਾਉਂਦੀ ਹੈ।

Comments

Related