ਅਮਰੀਕੀ ਸੰਸਦ ਮੈਂਬਰ ਨੈਂਸੀ ਮੇਸ / Wikimedia commons
ਅਮਰੀਕੀ ਰਿਪਬਲਿਕਨ ਸੰਸਦ ਮੈਂਬਰ ਨੈਂਸੀ ਮੇਸ ਨੇ 26 ਮਈ ਨੂੰ ਇੱਕ ਬਿੱਲ ਪੇਸ਼ ਕੀਤਾ ਹੈ। ਇਸ ਬਿੱਲ ਵਿੱਚ ਅਮਰੀਕਾ ਵਿੱਚ ਦਾਖ਼ਲੇ ਜਾਂ ਇਮੀਗ੍ਰੇਸ਼ਨ ਲਾਭਾਂ ਦੀ ਇੱਛਾ ਰੱਖਣ ਵਾਲੇ ਪ੍ਰਵਾਸੀਆਂ ਲਈ ਲਾਜ਼ਮੀ 'ਸੱਭਿਆਚਾਰਕ ਸਮੀਕਰਨ ਜਾਂਚ' (cultural assimilation check) ਦਾ ਪ੍ਰਸਤਾਵ ਰੱਖਿਆ ਗਿਆ ਹੈ। ਮੇਸ ਦੇ ਅਨੁਸਾਰ, 'ਬਿਨਾਂ ਸਮੀਕਰਨ ਦੇ ਕੋਈ ਇਮੀਗ੍ਰੇਸ਼ਨ ਨਹੀਂ' ਸਿਰਲੇਖ ਵਾਲੇ ਇਸ ਬਿੱਲ ਦਾ ਉਦੇਸ਼ ਉਸ ਟੁੱਟ ਚੁੱਕੀ ਵਿਵਸਥਾ ਨੂੰ ਖ਼ਤਮ ਕਰਨਾ ਹੈ ਜੋ ਅਮਰੀਕੀ ਕਦਰਾਂ-ਕੀਮਤਾਂ ਨੂੰ ਨਕਾਰਨ ਵਾਲੇ ਲੋਕਾਂ ਨੂੰ ਸਾਡੇ ਦੇਸ਼ ਵਿੱਚ ਸਿੱਧਾ ਦਾਖ਼ਲ ਹੋਣ ਦੀ ਇਜਾਜ਼ਤ ਦਿੰਦੀ ਹੈ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ, ਤਾਂ ਮੇਸ ਦੇ ਇਸ ਕਾਨੂੰਨ ਤਹਿਤ ਹੋਮਲੈਂਡ ਸਕਿਊਰਿਟੀ ਵਿਭਾਗ (DHS) ਨੂੰ ਕਿਸੇ ਵੀ ਇਮੀਗ੍ਰੇਸ਼ਨ ਅਰਜ਼ੀ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਬਿਨੈਕਾਰ ਦੀ ਸੱਭਿਆਚਾਰਕ ਤੌਰ 'ਤੇ ਘੁਲਣ-ਮਿਲਣ ਦੀ ਸੰਭਾਵਨਾ ਦੀ ਲਾਜ਼ਮੀ ਜਾਂਚ ਕਰਨੀ ਪਵੇਗੀ। ਇਸ ਬਿੱਲ ਦੀ ਵਿਆਖਿਆ ਕਰਦਿਆਂ ਮੇਸ ਦੇ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਕਾਨੂੰਨ ਬਿਲਕੁਲ ਸਿੱਧਾ ਹੈ: ਜੇਕਰ ਤੁਸੀਂ ਅਮਰੀਕਾ ਨੂੰ ਨਫ਼ਰਤ ਕਰਦੇ ਹੋ, ਤਾਂ ਤੁਸੀਂ ਇੱਥੇ ਨਹੀਂ ਆ ਸਕਦੇ ਅਤੇ ਨਾ ਹੀ ਇੱਥੇ ਰਹਿ ਸਕਦੇ ਹੋ। ਬੱਸ ਇੰਨੀ ਕੁ ਗੱਲ ਹੈ।
ਬਿੱਲ ਦਾ ਮੁੱਖ ਉਦੇਸ਼ ਉਨ੍ਹਾਂ ਲੋਕਾਂ ਦੀ ਪਛਾਣ ਕਰਨਾ ਹੈ ਜਿਨ੍ਹਾਂ ਦੇ ਵਿਚਾਰ ਕਥਿਤ ਤੌਰ 'ਤੇ ਅਮਰੀਕਾ ਦੇ ਸਿਧਾਂਤਾਂ ਦੇ ਅਨੁਕੂਲ ਨਹੀਂ ਹਨ, ਜੋ ਅਮਰੀਕੀ ਸੱਭਿਆਚਾਰ ਵਿੱਚ ਘੁਲਣ-ਮਿਲਣ ਤੋਂ ਇਨਕਾਰ ਕਰਦੇ ਹਨ, ਜਾਂ ਜਿਨ੍ਹਾਂ ਦੀ ਮੌਜੂਦਗੀ ਅਮਰੀਕਾ ਦੀ ਸੱਭਿਆਚਾਰਕ ਏਕਤਾ ਲਈ ਨੁਕਸਾਨਦੇਹ ਹੋਵੇਗੀ। ਅਜਿਹੇ ਲੋਕਾਂ ਨੂੰ ਦੇਸ਼ ਵਿੱਚ ਦਾਖ਼ਲੇ ਤੋਂ ਵਾਂਝਾ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਇਸ ਬਿੱਲ ਵਿੱਚ ਉਨ੍ਹਾਂ ਪ੍ਰਵਾਸੀਆਂ ਨੂੰ ਵੀ ਅਮਰੀਕਾ ਵਿੱਚੋਂ ਕੱਢਣ (ਡਿਪੋਰਟ ਕਰਨ) ਦਾ ਪ੍ਰਬੰਧ ਹੈ ਜੋ ਪਹਿਲਾਂ ਹੀ ਅਮਰੀਕਾ ਵਿੱਚ ਰਹਿ ਰਹੇ ਹਨ, ਜੇਕਰ ਉਨ੍ਹਾਂ ਦੇ ਵਿਚਾਰ ਅਮਰੀਕੀ ਸੱਭਿਆਚਾਰ, ਉੱਥੋਂ ਦੇ ਕਾਨੂੰਨਾਂ ਅਤੇ ਲੋਕਾਂ ਦੇ ਵਿਰੁੱਧ ਪਾਏ ਜਾਂਦੇ ਹਨ।
ਇਸ ਬਿੱਲ ਬਾਰੇ ਗੱਲ ਕਰਦਿਆਂ ਸੰਸਦ ਮੈਂਬਰ ਮੇਸ ਨੇ ਇੱਕ ਬਿਆਨ ਵਿੱਚ ਕਿਹਾ, “ਇਸ ਦੇਸ਼ ਨਾਲ ਨਫ਼ਰਤ ਕਰਨ ਵਾਲਿਆਂ ਦਾ ਸੁਆਗਤ ਕਰਨ ਦਾ ਦੌਰ ਹੁਣ ਖ਼ਤਮ ਹੋ ਚੁੱਕਾ ਹੈ। ਜੇਕਰ ਤੁਸੀਂ ਮੰਨਦੇ ਹੋ ਕਿ ਸ਼ਰੀਆ ਕਾਨੂੰਨ ਨੂੰ ਸੰਵਿਧਾਨ ਦੀ ਜਗ੍ਹਾ ਲੈ ਲੈਣੀ ਚਾਹੀਦੀ ਹੈ, ਜੇਕਰ ਤੁਸੀਂ ਜਿਹਾਦੀ ਹਿੰਸਾ ਨੂੰ ਜਾਇਜ਼ ਠਹਿਰਾਉਂਦੇ ਹੋ, ਜੇਕਰ ਤੁਸੀਂ ਅੰਗਰੇਜ਼ੀ ਸਿੱਖਣ ਤੋਂ ਇਨਕਾਰ ਕਰਦੇ ਹੋ, ਤਾਂ ਤੁਹਾਨੂੰ ਇੱਥੇ ਆਉਣ ਦਾ ਕੋਈ ਅਧਿਕਾਰ ਨਹੀਂ ਹੈ। ਸ਼ਰੀਆ ਕਾਨੂੰਨ ਕਦੇ ਵੀ ਅਮਰੀਕੀ ਕਾਨੂੰਨ ਦੀ ਜਗ੍ਹਾ ਨਹੀਂ ਲੈ ਸਕਦਾ। ਇਸ ਦੇਸ਼ ਦਾ ਨਿਰਮਾਣ ਉਨ੍ਹਾਂ ਲੋਕਾਂ ਨੇ ਕੀਤਾ ਹੈ ਜਿਨ੍ਹਾਂ ਨੇ ਇਸ ਨੂੰ ਪਿਆਰ ਕੀਤਾ, ਇਸ ਲਈ ਕੁਰਬਾਨੀਆਂ ਦਿੱਤੀਆਂ ਅਤੇ ਇਸ ਨੂੰ ਚੁਣਿਆ। ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ, ਤਾਂ ਆਪਣੇ ਘਰ ਹੀ ਰਹੋ।”
ਮੇਸ ਨੇ ਅੱਗੇ ਦਲੀਲ ਦਿੱਤੀ ਕਿ ਅਮਰੀਕਾ ਧਰਤੀ ਦਾ ਸਭ ਤੋਂ ਮਹਾਨ ਦੇਸ਼ ਹੈ ਅਤੇ ਸਾਨੂੰ ਇਸ ਦੀ ਰੱਖਿਆ ਕਰਨ ਦਾ ਪੂਰਾ ਅਧਿਕਾਰ ਹੈ। ਬਿੱਲ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਅਮਰੀਕੀ ਸਿਧਾਂਤਾਂ ਦੇ ਉਲਟ ਮੰਨੇ ਜਾਣ ਵਾਲੇ ਵਿਚਾਰਾਂ ਵਿੱਚ—ਸ਼ਰੀਆ ਕਾਨੂੰਨ ਵਰਗੇ ਧਾਰਮਿਕ ਕਾਨੂੰਨਾਂ ਦਾ ਸਮਰਥਨ ਕਰਨਾ (ਜੋ ਅਮਰੀਕੀ ਕਾਨੂੰਨ ਦੇ ਬਰਾਬਰ ਜਾਂ ਉਸ ਤੋਂ ਉੱਪਰ ਕੰਮ ਕਰਦੇ ਹਨ), ਧਾਰਮਿਕ ਜਾਂ ਰਾਜਨੀਤਿਕ ਹਿੰਸਾ ਨੂੰ ਜਾਇਜ਼ ਠਹਿਰਾਉਣਾ, ਅਤੇ ਸੰਵਿਧਾਨਕ ਅਧਿਕਾਰਾਂ ਜਾਂ ਪ੍ਰਤੀਨਿਧ ਲੋਕਤੰਤਰ ਦਾ ਵਿਰੋਧ ਕਰਨ ਵਾਲੀਆਂ ਮਾਨਤਾਵਾਂ ਸ਼ਾਮਲ ਹਨ।ਇਸ ਪ੍ਰਸਤਾਵਿਤ ਕਾਨੂੰਨ ਤਹਿਤ ਅੰਗਰੇਜ਼ੀ ਸਿੱਖਣ ਤੋਂ ਇਨਕਾਰ ਕਰਨਾ ਅਤੇ ਹੋਮਲੈਂਡ ਸਕਿਊਰਿਟੀ ਵਿਭਾਗ ਦੁਆਰਾ ਅਮਰੀਕੀ ਸਿਧਾਂਤਾਂ ਦੇ ਉਲਟ ਮੰਨੀ ਜਾਣ ਵਾਲੀ ਕਿਸੇ ਵੀ ਹੋਰ ਮਾਨਤਾ ਨੂੰ ਚਿੰਤਾ ਦਾ ਵਿਸ਼ਾ ਦੱਸਿਆ ਗਿਆ ਹੈ।
ਇਸ ਕਾਨੂੰਨ ਦੇ ਤਹਿਤ ਜਾਂਚ ਪ੍ਰਕਿਰਿਆ ਵਿੱਚ- ਅਪਲਾਈ ਕਰਨ ਵਾਲੇ ਬਿਨੈਕਾਰ ਦਾ ਫ਼ੇਸ-ਟੂ-ਫ਼ੇਸ ਇੰਟਰਵਿਊ ਹੋਵੇਗਾ, ਬਿਨੈਕਾਰ ਦੇ ਜਨਤਕ ਬਿਆਨਾਂ ਅਤੇ ਸੋਸ਼ਲ ਮੀਡੀਆ ਆਦਿ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਬਿਨੈਕਾਰ ਦੇ ਰਿਸ਼ਤੇਦਾਰਾਂ ਅਤੇ ਸਾਥੀਆਂ ਦੇ ਇੰਟਰਵਿਊ, ਜੋ ਉਸ ਦੇ ਚਰਿੱਤਰ ਅਤੇ ਮਾਨਤਾਵਾਂ ਬਾਰੇ ਜਾਣਕਾਰੀ ਦੇ ਸਕਦੇ ਹਨ- ਵਰਗੇ ਕਦਮ ਸ਼ਾਮਲ ਹੋਣਗੇ।
ਮੇਸ ਨੇ ਅਖੀਰ ਵਿੱਚ ਕਿਹਾ ਕਿ ਧਰਤੀ 'ਤੇ ਹਰ ਦੇਸ਼ ਆਪਣੇ ਸੱਭਿਆਚਾਰ, ਆਪਣੀਆਂ ਕਦਰਾਂ-ਕੀਮਤਾਂ ਅਤੇ ਆਪਣੀ ਜੀਵਨ ਸ਼ੈਲੀ ਦੀ ਰੱਖਿਆ ਕਰਦਾ ਹੈ। ਅਮਰੀਕਾ ਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ। ਬਹੁਤ ਲੰਮੇ ਸਮੇਂ ਤੋਂ ਅਸੀਂ ਉਨ੍ਹਾਂ ਲੋਕਾਂ ਲਈ ਆਪਣੇ ਦਰਵਾਜ਼ੇ ਖੋਲ੍ਹ ਰੱਖੇ ਹਨ ਜਿਨ੍ਹਾਂ ਦੇ ਮਨ ਵਿੱਚ ਸਾਡੇ ਦੇਸ਼ ਲਈ ਕੋਈ ਸਤਿਕਾਰ ਨਹੀਂ ਹੈ। ਅਸੀਂ ਤੀਜੀ ਦੁਨੀਆ ਲਈ ਕੋਈ ਕੂੜੇਦਾਨ ਨਹੀਂ ਹਾਂ। ਇਹ ਬਿੱਲ ਅਮਰੀਕਾ ਨੂੰ ਪਹਿਲ ਦਿੰਦਾ ਹੈ ਅਤੇ ਅਸੀਂ ਇਸ ਲਈ ਕੋਈ ਮੁਆਫ਼ੀ ਨਹੀਂ ਮੰਗਾਂਗੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login