“ਡੀ.ਸੀ. ਵਿੱਚ ਮੁਕਤੀ ਦਿਵਸ” ਐਲਾਨਦਿਆਂ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਦੇਸ਼ ਦੀ ਰਾਜਧਾਨੀ ਵਿੱਚ ਵਿਆਪਕ ਕੇਂਦਰੀ ਦਖ਼ਲਅੰਦਾਜ਼ੀ ਦਾ ਐਲਾਨ ਕੀਤਾ। ਡਿਸਟ੍ਰਿਕਟ ਆਫ਼ ਕੋਲੰਬੀਆ ਹੋਮ ਰੂਲ ਐਕਟ ਦੇ ਸੈਕਸ਼ਨ 740 ਦਾ ਹਵਾਲਾ ਦੇ ਕੇ ਮੈਟਰੋਪੋਲਿਟਨ ਪੁਲਿਸ ਡਿਪਾਰਟਮੈਂਟ ਨੂੰ ਸਿੱਧੇ ਕੇਂਦਰੀ ਕੰਟਰੋਲ ਹੇਠ ਲਿਆਂਦਾ ਗਿਆ।
ਟਰੰਪ ਨੇ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨੂੰ ਦੱਸਿਆ, “ਇਹ ਡੀ.ਸੀ. ਵਿੱਚ ਮੁਕਤੀ ਦਿਵਸ ਹੈ, ਅਤੇ ਅਸੀਂ ਆਪਣੀ ਰਾਜਧਾਨੀ ਨੂੰ ਵਾਪਸ ਲੈਣ ਜਾ ਰਹੇ ਹਾਂ।” “ਸਾਡੇ ਰਾਜਧਾਨੀ ਸ਼ਹਿਰ ਉੱਤੇ ਹਿੰਸਕ ਗਿਰੋਹਾਂ, ਭਟਕਦੇ ਹਜੂੰਮਾਂ, ਨਸ਼ੇੜੀ ਪਾਗਲਾਂ ਅਤੇ ਬੇਘਰ ਲੋਕਾਂ ਦਾ ਕਬਜ਼ਾ ਹੋ ਗਿਆ ਹੈ। ਅਸੀਂ ਹੁਣ ਅਜਿਹਾ ਨਹੀਂ ਹੋਣ ਦੇਵਾਂਗੇ।”
ਰਾਸ਼ਟਰਪਤੀ ਨੇ ਇਸ ਕਦਮ ਨੂੰ ਜਾਇਜ਼ ਠਹਿਰਾਉਣ ਲਈ ਅਪਰਾਧ ਦੇ ਚਿੰਤਾਜਨਕ ਅੰਕੜਿਆਂ ਦਾ ਹਵਾਲਾ ਦਿੱਤਾ, ਕਿ ਸ਼ਹਿਰ ਦੀ ਹੱਤਿਆ ਦਰ “ਬੋਗੋਟਾ, ਕੋਲੰਬੀਆ, ਮੈਕਸੀਕੋ ਸਿਟੀ ਨਾਲੋਂ ਵੱਧ ਹੈ।” ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਕਾਰ ਚੋਰੀ ਦੁੱਗਣੀ ਹੋ ਗਈ ਹੈ ਅਤੇ ਕਾਰਜੈਕਿੰਗ ਤਿੰਨ ਗੁਣਾ ਵੱਧ ਗਈ ਹੈ, 2023 ਵਿੱਚ ਕਤਲ ਦੀ ਦਰ “ਸ਼ਾਇਦ ਹੁਣ ਤੱਕ” ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ।
ਕਾਰਜਕਾਰੀ ਆਦੇਸ਼ ਦੇ ਤਹਿਤ, ਅਟਾਰਨੀ ਜਨਰਲ ਪਾਮ ਬੋਂਡੀ ਮੈਟਰੋਪੋਲੀਟਨ ਪੁਲਿਸ ਵਿਭਾਗ ਦੀ ਕਮਾਨ ਸੰਭਾਲਣਗੇ, ਨਵੇਂ ਨਿਯੁਕਤ ਫੈਡਰਲ ਕਮਿਸ਼ਨਰ ਟੈਰੀ ਕੋਲ ਰੋਜ਼ਾਨਾ ਦੇ ਕੰਮਕਾਜ ਦੀ ਨਿਗਰਾਨੀ ਕਰਨਗੇ। ਟਰੰਪ ਨੇ ਕਿਹਾ ਕਿ ਯੋਜਨਾ ਨੂੰ ਪੁਲਿਸ, ਫੈਡਰਲ ਏਜੰਟਾਂ ਅਤੇ ਨੈਸ਼ਨਲ ਗਾਰਡ ਦੁਆਰਾ ਸਮਰਥਨ ਦਿੱਤਾ ਜਾਵੇਗਾ।
ਇੱਕ ਰਸਮੀ "ਜਨਤਕ ਸੁਰੱਖਿਆ ਐਮਰਜੈਂਸੀ" ਦਾ ਐਲਾਨ ਕਰਦੇ ਹੋਏ, ਟਰੰਪ ਨੇ ਤੁਰੰਤ ਕਾਰਵਾਈ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ, “ਅਸੀਂ ਡੀ.ਸੀ. ਨੂੰ ਲੈਕੇ ਬਹੁਤ ਜ਼ੋਰਦਾਰ ਢੰਗ ਨਾਲ ਸ਼ੁਰੂਆਤ ਕਰ ਰਹੇ ਹਾਂ, ਅਤੇ ਅਸੀਂ ਇਸਨੂੰ ਬਹੁਤ ਜਲਦੀ ਸੁਰੱਖਿਅਤ ਕਰ ਦੇਵਾਂਗੇ,” ਉਨ੍ਹਾਂ ਕਿਹਾ। “ਅਸੀਂ ਕਈ ਸਾਲ ਲਾਉਣ ਦਾ ਇਰਾਦਾ ਨਹੀਂ ਰੱਖਦੇ, ਕਿਉਂਕਿ ਕਈ ਸਾਲਾਂ ਵਿੱਚ ਬਹੁਤ ਸਾਰੇ ਲੋਕ ਮਰ ਜਾਂਦੇ ਹਨ।”
ਉਨ੍ਹਾਂ ਨੇ ਆਪਣੇ ਪ੍ਰਸ਼ਾਸਨ ਦੀਆਂ ਇਮੀਗ੍ਰੇਸ਼ਨ ਨੀਤੀਆਂ ਸਬੰਧੀ ਪਿਛਲੇ 90 ਦਿਨਾਂ ਵਿੱਚ ਦੱਖਣੀ ਸਰਹੱਦ ’ਤੇ "ਜ਼ੀਰੋ ਗੈਰ-ਕਾਨੂੰਨੀ ਕ੍ਰਾਸਿੰਗ" ਦਾ ਰਿਕਾਰਡ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ, “ਅਸੀਂ ਉੱਥੇ ਅਸੰਭਵ ਕੰਮ ਕੀਤਾ, ਅਤੇ ਅਸੀਂ ਇੱਥੇ ਵੀ ਕਰਾਂਗੇ।”
ਟਰੰਪ ਨੇ ਰਾਜਧਾਨੀ ਦੀ ਮੌਜੂਦਾ ਸਥਿਤੀ ਲਈ ਨੇਤਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ, ਅਤੇ ਨੋ-ਕੈਸ਼ ਬੇਲ ਵਰਗੀਆਂ ਨੀਤੀਆਂ 'ਤੇ ਹੱਲਾ ਕੀਤਾ। ਉਨ੍ਹਾਂ ਕਿਹਾ, “ਦੇਸ਼ ਵਿੱਚ ਹਰ ਉਹ ਜਗ੍ਹਾ ਜਿੱਥੇ ਤੁਹਾਡੇ ਕੋਲ ਨੋ-ਕੈਸ਼ ਬੇਲ ਹੈ, ਉਹ ਇੱਕ ਬਰਬਾਦੀ ਹੈ।” “ਕੋਈ ਕਿਸੇ ਦਾ ਕਤਲ ਕਰਦਾ ਹੈ ਅਤੇ ਉਹ ਦਿਨ ਖਤਮ ਹੋਣ ਤੋਂ ਪਹਿਲਾਂ ਹੀ ਬਾਹਰ ਹੁੰਦੇ ਹਨ। ਅਸੀਂ ਉਸਨੂੰ ਬਦਲਣ ਜਾ ਰਹੇ ਹਾਂ।”
ਟਰੰਪ ਨੇ ਸ਼ਹਿਰ ਵਿੱਚ ਕਈ ਹਿੰਸਕ ਅਪਰਾਧਾਂ ਦਾ ਹਵਾਲਾ ਦਿੱਤਾ, ਜਿਨ੍ਹਾਂ ਵਿੱਚ ਇੱਕ ਕਾਰਜੈਕਿੰਗ ਵਿੱਚ ਸਾਬਕਾ ਟਰੰਪ ਪ੍ਰਸ਼ਾਸਨ ਦੇ ਅਧਿਕਾਰੀ ਮਾਈਕ ਗਿੱਲ ਦੀ ਹੱਤਿਆ, ਇੱਕ ਸੈਨੇਟ ਸਹਾਇਕ ਨੂੰ ਚਾਕੂ ਮਾਰਨਾ ਅਤੇ 4 ਜੁਲਾਈ ਦੇ ਵੀਕਐਂਡ 'ਤੇ ਕੈਪੀਟਲ ਦੇ ਨੇੜੇ ਇੱਕ ਤਿੰਨ ਸਾਲ ਦੀ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਸ਼ਾਮਲ ਹੈ। ਉਹਨਾਂ ਕਿਹਾ “ਇਹ ਦਹਿਸ਼ਤ ਭਰੇ ਕਾਰਨਾਮੇ ਹਨ। ਇਹ ਮੁੱਦਾ ਸਿੱਧੇ ਤੌਰ 'ਤੇ ਫੈਡਰਲ ਸਰਕਾਰ ਦੇ ਕੰਮਕਾਜ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਅਮਰੀਕਾ ਲਈ ਖਤਰਾ ਹੈ।”
ਰਾਸ਼ਟਰਪਤੀ ਨੇ “ਜਾਣੇ-ਪਛਾਣੇ ਗੈਂਗਾਂ, ਨਸ਼ਾ ਤਸਕਰਾਂ, ਅਤੇ ਅਪਰਾਧਿਕ ਨੈਟਵਰਕਾਂ ਨੂੰ ਨਿਸ਼ਾਨਾ ਬਣਾਉਣ ਦਾ ਵਾਅਦਾ ਕੀਤਾ ਤਾਂ ਜੋ ਉਨ੍ਹਾਂ ਨੂੰ ਬਾਹਰ ਕੱਢਿਆ ਜਾ ਸਕੇ” ਅਤੇ ਸੈਂਕਚੁਅਰੀ ਸਿਟੀ ਨੀਤੀਆਂ ਦਾ ਵੀ ਵਿਰੋਧ ਦੁਹਰਾਇਆ, ਇਹ ਕਹਿੰਦੇ ਹੋਏ ਕਿ ਰਾਜਧਾਨੀ “ਹੁਣ ਗੈਰਕਾਨੂੰਨੀ ਵਿਦੇਸ਼ੀ ਅਪਰਾਧੀਆਂ ਲਈ ਸੈਂਕਚੁਅਰੀ ਨਹੀਂ ਰਹੇਗੀ।”
ਉਨ੍ਹਾਂ ਨੇ ਪਾਰਕਾਂ ਅਤੇ ਜਨਤਕ ਥਾਵਾਂ ਵਿੱਚ ਬੇਘਰਿਆਂ ਦੇ ਕੈਂਪਾਂ ਨੂੰ ਖਤਮ ਕਰਨ ਦਾ ਵੀ ਵਾਅਦਾ ਕੀਤਾ, ਜੋ ਕਿ ਇੱਕ ਵਿਆਪਕ “ਸੁੰਦਰੀਕਰਨ” ਯੋਜਨਾ ਦਾ ਹਿੱਸਾ ਹੈ ਜਿਸ ਵਿੱਚ ਟੋਇਆਂ ਦੀ ਮੁਰੰਮਤ ਕਰਨਾ, ਖਰਾਬ ਹੋਏ ਮੈਡੀਅਨਾਂ ਨੂੰ ਬਦਲਣਾ ਅਤੇ ਗ੍ਰੈਫਿਟੀ ਨੂੰ ਸਾਫ਼ ਕਰਨਾ ਸ਼ਾਮਲ ਹੈ।
ਟਰੰਪ ਨੇ ਕਿਹਾ, “ਇਹ ਸੁਰੱਖਿਆ ਬਾਰੇ ਹੈ, ਪਰ ਇਹ ਦੁਨੀਆ ਦੀ ਸਭ ਤੋਂ ਖੂਬਸੂਰਤ ਰਾਜਧਾਨੀ ਨੂੰ ਬਹਾਲ ਕਰਨ ਬਾਰੇ ਵੀ ਹੈ। ਲੋਕ ਆਇਓਵਾ, ਇੰਡੀਆਨਾ ਤੋਂ ਆਉਂਦੇ ਹਨ, ਅਤੇ ਉਨ੍ਹਾਂ ਨੂੰ ਲੁੱਟ ਲਿਆ ਜਾਂਦਾ ਹੈ। ਹੁਣ ਅਜਿਹਾ ਨਹੀਂ ਹੋਵੇਗਾ।”
ਰਾਸ਼ਟਰਪਤੀ ਨੇ ਸੰਕੇਤ ਦਿੱਤਾ ਕਿ ਸਫਲ ਹੋਣ 'ਤੇ ਇਹ ਮਾਡਲ ਦੂਜੇ ਸ਼ਹਿਰਾਂ 'ਤੇ ਵੀ ਲਾਗੂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ, “ਅਸੀਂ ਸ਼ਿਕਾਗੋ, ਲਾਸ ਏਂਜਲਸ, ਨਿਊਯਾਰਕ ਨੂੰ ਵੇਖਾਂਗੇ।” “ਦੂਜੇ ਸ਼ਹਿਰ ਵੇਖ ਰਹੇ ਹਨ, ਅਤੇ ਹੋ ਸਕਦਾ ਹੈ ਕਿ ਸਾਡੇ ਕਰਨ ਤੋਂ ਪਹਿਲਾਂ ਹੀ ਉਹ ਆਪਣੀਆਂ ਸਮੱਸਿਆਵਾਂ ਨੂੰ ਖੁਦ ਠੀਕ ਕਰ ਲੈਣ।”
Comments
Start the conversation
Become a member of New India Abroad to start commenting.
Sign Up Now
Already have an account? Login