ਸ਼ੂਟਰਾਂ ਦੀਆਂ ਤਸਵੀਰਾਂ / Staff Reporter
ਕਾਮੇਡੀਅਨ ਕਪਿਲ ਸ਼ਰਮਾ ਪਿਛਲੇ ਕੁਝ ਸਮੇਂ ਤੋਂ ਆਪਣੇ ਕੈਨੇਡਾ ਸਥਿਤ 'ਕੈਪਸ ਕੈਫੇ' ਨੂੰ ਲੈ ਕੇ ਚਰਚਾ ਵਿੱਚ ਹਨ। ਕੈਫੇ ਦੇ ਖੁੱਲ੍ਹਣ ਤੋਂ ਕੁਝ ਦਿਨਾਂ ਬਾਅਦ ਹੀ ਇਸ 'ਤੇ ਤਾਬੜਤੋੜ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਦੀ ਸਖ਼ਤ ਜਾਂਚ ਤੋਂ ਬਾਅਦ ਸਾਜਿਸ਼ ਰਚਣ ਵਾਲਿਆਂ ਦੇ ਖਤਰਨਾਕ ਚਿਹਰਿਆਂ ਦਾ ਖੁਲਾਸਾ ਹੋਇਆ ਹੈ। ਇਸ ਹਾਈ-ਪ੍ਰੋਫਾਈਲ ਹਮਲੇ ਦੇ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸ਼ੂਟਰਾਂ ਅਤੇ ਇੱਕ ਇੰਟਰਨੈਸ਼ਨਲ ਮਾਸਟਰਮਾਈਂਡ ਦੇ ਨਾਂ ਸਾਹਮਣੇ ਆਏ ਹਨ। ਜਾਂਚ ਏਜੰਸੀਆਂ ਨੇ ਸ਼ੂਟਰਾਂ ਦੀ ਪਛਾਣ ਕਰ ਲਈ ਹੈ, ਜਿਨ੍ਹਾਂ ਦੀ ਤਸਵੀਰ ਵੀ ਸਾਹਮਣੇ ਆਈ ਹੈ।
ਜਾਂਚ ਏਜੰਸੀਆਂ ਮੁਤਾਬਕ, ਪੰਜਾਬੀ ਮੂਲ ਦੇ ਸ਼ੂਟਰਾਂ ਸ਼ੈਰੀ ਅਤੇ ਦਿਲਜੋਤ ਰੇਹਾਲ ਨੇ ਹੀ ਕਪਿਲ ਸ਼ਰਮਾ ਦੇ ਕੈਫੇ 'ਤੇ -10 ਜੁਲਾਈ, 7 ਅਗਸਤ ਅਤੇ 16 ਅਕਤੂਬਰ ਨੂੰ 3 ਵਾਰ ਫਾਇਰਿੰਗ ਕੀਤੀ ਸੀ। ਇਨ੍ਹਾਂ ਦੋ ਸ਼ੂਟਰਾਂ ਦੇ ਨਾਲ ਇੱਕ ਹੋਰ ਮੁਲਜ਼ਮ ਸੀਪੂ ਦਾ ਨਾਂ ਵੀ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸ਼ੂਟਰ ਅਤਿ-ਆਧੁਨਿਕ ਹਥਿਆਰਾਂ ਨਾਲ ਲੈਸ ਸਨ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਸਰਗਰਮ ਮੈਂਬਰ ਦੱਸੇ ਜਾਂਦੇ ਹਨ। ਇਹ ਪੰਜਾਬ ਦੇ ਰਹਿਣ ਵਾਲੇ ਹਨ ਅਤੇ ਇਸ ਸਮੇਂ ਉਨ੍ਹਾਂ ਦੇ ਕੈਨੇਡਾ ਵਿੱਚ ਰਹਿਣ ਦਾ ਸ਼ੱਕ ਹੈ। ਅਥਾਰਟੀਜ਼ ਨੇ ਇਨ੍ਹਾਂ ਦੋਵਾਂ ਨੂੰ ਦੇਸ਼ ਦੀ “ਮੋਸਟ ਵਾਂਟਡ” ਲਿਸਟ ਵਿੱਚ ਸ਼ਾਮਲ ਕਰ ਦਿੱਤਾ ਹੈ।
‘ਕੈਪਸ ਕੈਫੇ’ ਫਾਇਰਿੰਗ ਮਾਮਲੇ ਵਿੱਚ ਬੰਦੂਮਾਨ ਸਿੰਘ ਦੀ ਪਹਿਲੀ ਗ੍ਰਿਫ਼ਤਾਰੀ ਲੁਧਿਆਣਾ ਤੋਂ ਕੀਤੀ ਗਈ ਸੀ, ਜੋ ਪੂਰੇ ਇੰਟਰਨੈਸ਼ਨਲ ਗੈਂਗ ਨੈੱਟਵਰਕ ਦੀ ਅਹਿਮ ਕੜੀ ਬਣ ਕੇ ਸਾਹਮਣੇ ਆਇਆ ਹੈ। ਪੁਲਿਸ ਸੂਤਰਾਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਬੰਦੂਮਾਨ ਸਿੰਘ ਕੈਨੇਡਾ ਵਿੱਚ ਬੈਠ ਕੇ ਲਾਰੈਂਸ ਬਿਸ਼ਨੋਈ ਗੈਂਗ ਲਈ ਹਥਿਆਰਾਂ ਦੀ ਸਪਲਾਈ ਕਰਦਾ ਸੀ। ਉਹ ਲਾਰੈਂਸ ਦੇ ਕਰੀਬੀ ਗੋਲਡੀ ਢਿੱਲੋਂ ਅਤੇ ਪਾਕਿਸਤਾਨੀ ਡੌਨ ਹੈਰੀ ਚੱਟਾ ਨਾਲ ਸਿੱਧੇ ਸੰਪਰਕ ਵਿੱਚ ਸੀ। ਹੈਰੀ ਚੱਟਾ 'ਤੇ ISI ਨਾਲ ਕੰਮ ਕਰਨ ਦੇ ਦੋਸ਼ ਵੀ ਲੱਗ ਚੁੱਕੇ ਹਨ।
ਇਸ ਦੇ ਨਾਲ ਹੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਤਿੰਨਾਂ ਮੁਲਜ਼ਮਾਂ ਲਈ ਹਥਿਆਰਾਂ ਦਾ ਪ੍ਰਬੰਧ ਵੀ ਬੰਦੂਮਾਨ ਸਿੰਘ ਨੇ ਹੀ ਕਰਵਾਇਆ ਸੀ। ਉਸਨੇ ਗੈਂਗਸਟਰ ਸੋਨੂੰ ਉਰਫ ਰਾਜੇਸ਼ ਖੱਤਰੀ ਦੇ ਕਹਿਣ 'ਤੇ ਹਥਿਆਰ ਮੁਹੱਈਆ ਕਰਵਾਏ ਸਨ। ਬੰਦੂਮਾਨ ਸਿੰਘ ਇਸੇ ਸਾਲ 23 ਅਗਸਤ ਨੂੰ ਕੈਨੇਡਾ ਤੋਂ ਭਾਰਤ ਆਇਆ ਸੀ, ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਉਸਨੂੰ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਸੀ। ਪੁੱਛਗਿੱਛ ਦੌਰਾਨ, ਸਿੰਘ ਨੇ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਨੂੰ ਦੱਸਿਆ ਕਿ ਕੈਫੇ ‘ਤੇ ਉਨ੍ਹਾਂ ਤਿੰਨਾਂ ਨੇ ਗੋਲੀਆਂ ਚਲਾਈਆਂ ਸਨ। ਕੈਨੇਡੀਅਨ ਪੁਲਸ ਅਤੇ ਕੇਂਦਰੀ ਏਜੰਸੀਆਂ, ਭਾਰਤੀ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ ਤਾਂ ਜੋ ਸ਼ੈਰੀ, ਦਿਲਜੋਤ ਰੇਹਾਲ ਅਤੇ ਸੀਪੂ ਨੂੰ ਫੜਿਆ ਜਾ ਸਕੇ। ਜਾਂਚ ਏਜੰਸੀਆਂ ਨੇ ਇਨ੍ਹਾਂ ਸ਼ੱਕੀਆਂ ਬਾਰੇ ਕੋਈ ਵੀ ਜਾਣਕਾਰੀ ਹੋਣ 'ਤੇ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login