ਹਰਮੀਤ ਢਿੱਲੋਂ / X/ Harmeet Dhillon
ਅਮਰੀਕੀ ਨਿਆਂ ਵਿਭਾਗ ਦੀ ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ, ਹਰਮੀਤ ਢਿੱਲੋਂ ਨੇ 2 ਮਈ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੇ ਮਾਤਾ-ਪਿਤਾ ਨੇ ਭਾਰਤ ਇਸ ਲਈ ਛੱਡਿਆ ਸੀ ਕਿਉਂਕਿ ਭਾਰਤ ਇੱਕ "ਰੂਸੀ ਕਲਾਇੰਟ" (ਰੂਸ ਦੇ ਪ੍ਰਭਾਵ ਹੇਠ) ਸੀ।
ਨਿਊਯਾਰਕ ਦੇ ਐਲਿਸ ਆਈਲੈਂਡ ਵਿਖੇ 'ਮੌਮਸ ਫਾਰ ਲਿਬਰਟੀ ਫਾਊਂਡੇਸ਼ਨ' ਦੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਢਿੱਲੋਂ ਨੇ ਆਪਣੇ ਮਾਤਾ-ਪਿਤਾ ਦੇ ਅਮਰੀਕਾ ਜਾਣ ਅਤੇ ਬਾਅਦ ਵਿੱਚ 10 ਸਾਲ ਦੀ ਉਮਰ ਵਿੱਚ ਅਮਰੀਕੀ ਨਾਗਰਿਕਤਾ ਪ੍ਰਾਪਤ ਕਰਨ ਨੂੰ ਆਪਣੇ ਮਾਤਾ-ਪਿਤਾ ਵੱਲੋਂ ਦਿੱਤਾ ਗਿਆ "ਸਭ ਤੋਂ ਵੱਡਾ ਤੋਹਫ਼ਾ" ਦੱਸਿਆ।
ਢਿੱਲੋਂ ਨੇ ਆਪਣੀ ਇਮੀਗ੍ਰੇਸ਼ਨ ਕਹਾਣੀ ਸਾਂਝੀ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਮਾਤਾ-ਪਿਤਾ 1970 ਦੇ ਦਹਾਕੇ ਵਿੱਚ ਅਮਰੀਕਾ ਆਏ ਸਨ। ਉਸ ਸਮੇਂ ਵੀਅਤਨਾਮ ਯੁੱਧ ਕਾਰਨ ਅਮਰੀਕਾ ਵਿੱਚ ਡਾਕਟਰਾਂ ਦੀ ਕਮੀ ਸੀ। ਢਿੱਲੋਂ ਦੇ ਪਿਤਾ, ਜੋ ਕਿ ਇੱਕ ਆਰਥੋਪੀਡਿਕ ਸਰਜਨ ਸਨ, ਆਪਣੀ ਪਤਨੀ ਨਾਲ ਅਮਰੀਕਾ ਚਲੇ ਗਏ ਕਿਉਂਕਿ ਢਿੱਲੋਂ ਦੇ ਅਨੁਸਾਰ ਭਾਰਤ ਇੱਕ "ਰੂਸੀ ਕਲਾਇੰਟ" ਸੀ। ਢਿੱਲੋਂ ਨੇ ਕਿਹਾ, “ਉੱਥੇ "ਦੋ-ਬੱਚਿਆਂ ਦੀ ਨੀਤੀ" ਲਾਗੂ ਸੀ ਅਤੇ ਅਰਥਵਿਵਸਥਾ ਯੋਜਨਾਬੱਧ ਸੀ। ਮੇਰੇ ਮਾਤਾ-ਪਿਤਾ ਅਜਿਹੇ ਮਾਹੌਲ ਵਿੱਚ ਆਪਣੇ ਬੱਚਿਆਂ ਦੀ ਪਰਵਰਿਸ਼ ਨਹੀਂ ਕਰਨਾ ਚਾਹੁੰਦੇ ਸਨ।”
1970 ਦੇ ਦਹਾਕੇ ਦੌਰਾਨ, ਉਸ ਵੇਲੇ ਦੀ ਭਾਰਤੀ ਪ੍ਰਧਾਨ ਮੰਤਰੀ ਇੰਦਿਰਾ ਗਾਂਧੀ ਨੇ ਇੱਕ ਤਿੱਖੀ ਅਤੇ ਵਿਵਾਦਿਤ ਜਨਸੰਖਿਆ ਨਿਯੰਤਰਣ ਮੁਹਿੰਮ ਚਲਾਈ। ਇਸ ਮੁਹਿੰਮ ਵਿੱਚ ਦੋ ਬੱਚਿਆਂ ਤੋਂ ਬਾਅਦ ਨਸਬੰਦੀ ਨੂੰ ਜ਼ੋਰ ਨਾਲ ਪ੍ਰਚਾਰਿਆ ਗਿਆ। ਹਾਲਾਂਕਿ, 1975 ਤੋਂ 1977 ਤੱਕ ਲੱਗੀ ਐਮਰਜੈਂਸੀ ਦੌਰਾਨ ਜ਼ਬਰਦਸਤੀ ਨਸਬੰਦੀ ਦੇ ਦੋਸ਼ਾਂ ਨੇ ਇਸ ਨੂੰ ਕਾਫ਼ੀ ਵਿਵਾਦਿਤ ਬਣਾ ਦਿੱਤਾ। ਢਿੱਲੋਂ ਸ਼ਾਇਦ ਇਨ੍ਹਾਂ ਘਟਨਾਵਾਂ ਅਤੇ ਭਾਰਤ ਦੇ ਰੂਸ ਨਾਲ ਸਬੰਧਾਂ ਬਾਰੇ ਅਮਰੀਕਾ ਦੇ ਪੁਰਾਣੇ ਦਾਅਵਿਆਂ ਦਾ ਹਵਾਲਾ ਦੇ ਰਹੇ ਸਨ (ਹਾਲਾਂਕਿ ਭਾਰਤ ਹਮੇਸ਼ਾ ਇਨ੍ਹਾਂ ਦਾਅਵਿਆਂ ਨੂੰ ਨਕਾਰਦਾ ਰਿਹਾ ਹੈ)।
ਅਮਰੀਕੀ ਸੁਪਨੇ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, “ਮੇਰੇ ਪਿਤਾ ਮੈਨੂੰ ਲੈ ਕੇ ਬਹੁਤ ਮਾਣ ਮਹਿਸੂਸ ਕਰਦੇ ਸਨ। ਉਹ ਲਗਭਗ 15 ਮਹੀਨੇ ਪਹਿਲਾਂ ਅਕਾਲ ਚਲਾਣਾ ਕਰ ਗਏ। ਉਹਨਾਂ ਨੇ ਆਪਣੀ ਧੀ ਨੂੰ ਅਮਰੀਕਾ ਦੇ ਪੁਰਾਣੇ ਅਤੇ ਭਵਿੱਖ ਦੇ ਰਾਸ਼ਟਰਪਤੀ ਦੀ ਵਕੀਲ ਬਣਦਿਆਂ ਵੇਖਿਆ।” ਉਨ੍ਹਾਂ ਨੇ ਅੱਗੇ ਕਿਹਾ, “ਮੇਰੀ ਮਾਂ ਅਤੇ ਮੇਰਾ ਭਰਾ ਮੇਰੀ ਸੈਨੇਟ ਪੁਸ਼ਟੀ ਸੁਣਵਾਈ ਦੌਰਾਨ ਮੇਰੇ ਪਿੱਛੇ ਬੈਠੇ ਸਨ ਅਤੇ ਉਹਨਾਂ ਨੇ ਵੇਖਿਆ ਕਿ ਮੈਂ ਕਿਵੇਂ ਕੁਝ ਡੈਮੋਕ੍ਰੈਟ ਸੈਨੇਟਰਾਂ ਦੇ "ਮੂਰਖਤਾਪੂਰਨ ਸਵਾਲਾਂ" ਦਾ ਜਵਾਬ ਦਿੱਤਾ।”
ਢਿੱਲੋਂ ਨੇ ਆਪਣੇ ਜੀਵਨ ਨੂੰ ਇੱਕ "ਅਮਰੀਕੀ ਸਫਲਤਾ ਦੀ ਕਹਾਣੀ" ਦੱਸਿਆ ਅਤੇ ਕਿਹਾ ਕਿ ਉਹ ਮਾਵਾਂ, ਬੱਚਿਆਂ ਅਤੇ ਅਮਰੀਕੀ ਨਾਗਰਿਕਾਂ ਦੀ ਹੱਕਾਂ ਲਈ ਲੜਨ ਵਾਲੀ ਇੱਕ ਪ੍ਰਮੁੱਖ ਵਕੀਲ ਬਣ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਉਨ੍ਹਾਂ ਲੜਕੀਆਂ ਅਤੇ ਮਾਪਿਆਂ ਲਈ ਖੜ੍ਹੀ ਹੈ ਜੋ "ਰਾਜ ਦੀ ਤਾਨਾਸ਼ਾਹੀ" ਦਾ ਸਾਹਮਣਾ ਕਰ ਰਹੇ ਹਨ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਟਾਰਨੀ ਜਨਰਲ ਪੈਮ ਬੌਂਡੀ ਨੇ ਉਨ੍ਹਾਂ ਨੂੰ ਉਹਨਾਂ ਦੇ ਪਿਛਲੇ ਕੰਮ ਦੇ ਆਧਾਰ ‘ਤੇ ਬੁਲਾਇਆ ਸੀ। ਮਮਜ਼ ਫ਼ਰ ਲਿਬਰਟੀ ਨੇ 2 ਮਈ 2026 ਨੂੰ ਐਲਿਸ ਆਇਲੈਂਡ ‘ਤੇ “ਸੀ ਟੂ ਸ਼ਾਇਨਿੰਗ ਸੀ” ਗਾਲਾ ਦਾ ਆਯੋਜਨ ਕੀਤਾ, ਜੋ ਅਮਰੀਕਾ ਦੀ 250ਵੀਂ ਵਰ੍ਹੇਗੰਢ ਅਤੇ ਸੰਸਥਾ ਦੀ ਪੰਜਵੀਂ ਵਰ੍ਹੇਗੰਢ ਦੇ ਮੌਕੇ ‘ਤੇ ਮਨਾਇਆ ਗਿਆ।
ਇਸ ਖ਼ਾਸ ਸਮਾਰੋਹ ਵਿੱਚ ਸ਼ਾਨਦਾਰ ਖਾਣਾ, ਇਤਿਹਾਸਕ ਪ੍ਰਦਰਸ਼ਨੀਆਂ, ਲਾਈਵ ਮਨੋਰੰਜਨ, ਆਤਿਸ਼ਬਾਜ਼ੀ ਅਤੇ ਦੇਸ਼ ਭਗਤੀ ਭਰੇ ਭਾਸ਼ਣ ਸ਼ਾਮਲ ਸਨ, ਜਿਨ੍ਹਾਂ ਵਿੱਚ ਕਾਨੂੰਨੀ ਇਮੀਗ੍ਰੇਸ਼ਨ, ਅਮਰੀਕੀ ਸੁਪਨੇ ਅਤੇ ਆਜ਼ਾਦੀ ਦਾ ਜਸ਼ਨ ਮਨਾਇਆ ਗਿਆ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login