ADVERTISEMENT

ADVERTISEMENT

ਰੋ ਖੰਨਾ ਦਾ ਆਰੋਪ- ਵੈਸਟ ਬੈਂਕ ਦੌਰੇ ਦੌਰਾਨ ਇਜ਼ਰਾਈਲੀ ਸੈਟਲਰਾਂ ਨੇ ਰੋਕਿਆ ਰਾਹ

ਅਮਰੀਕੀ ਸੰਸਦ ਮੈਂਬਰ ਨੇ ਫ਼ੌਜ 'ਤੇ ਮਿਲੀਭੁਗਤ ਦੇ ਲਾਏ ਦੋਸ਼; ਆਈਡੀਐੱਫ਼ ਨੇ ਇਲਜ਼ਾਮਾਂ ਨੂੰ ਕੀਤਾ ਖਾਰਜ

 ਡੈਮੋਕ੍ਰੈਟਿਕ ਸੰਸਦ ਮੈਂਬਰ ਰੋ ਖੰਨਾ ਡੈਮੋਕ੍ਰੈਟਿਕ ਸੰਸਦ ਮੈਂਬਰ ਰੋ ਖੰਨਾ / X/@RoKhanna

ਕੈਲੀਫੋਰਨੀਆ ਤੋਂ ਭਾਰਤੀ-ਅਮਰੀਕੀ ਡੈਮੋਕ੍ਰੈਟਿਕ ਸੰਸਦ ਮੈਂਬਰ ਰੋ ਖੰਨਾ ਨੇ 11 ਜੁਲਾਈ ਨੂੰ ਕਿਹਾ ਕਿ ਇਜ਼ਰਾਈਲ ਦੇ ਕਬਜ਼ੇ ਵਾਲੇ ਵੈਸਟ ਬੈਂਕ ਦੇ ਦੌਰੇ ਦੌਰਾਨ ਉਨ੍ਹਾਂ ਅਤੇ ਹੋਰ ਅਮਰੀਕੀ ਨਾਗਰਿਕਾਂ ਨੂੰ ਹਥਿਆਰਾਂ ਨਾਲ ਲੈਸ ਇਜ਼ਰਾਈਲੀ ਸੈਟਲਰਾਂ ਨੇ 'ਹਿਰਾਸਤ ਵਿੱਚ' ਲੈ ਲਿਆ ਸੀ। ਖੰਨਾ ਨੇ ਫ਼ੌਜ 'ਤੇ ਇਸ ਵਿੱਚ ਮਿਲੀਭੁਗਤ ਦਾ ਆਰੋਪ ਲਗਾਇਆ।

 

ਖੰਨਾ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਫ਼ਲਸਤੀਨ ਦੀ ਮੇਰੀ ਯਾਤਰਾ ਦੌਰਾਨ ਅਮਰੀਕਾ ਵਿੱਚ ਬਣੀਆਂ ਐੱਮ-4 ਰਾਈਫ਼ਲਾਂ ਲਹਿਰਾਉਂਦੇ ਹੋਏ ਇਜ਼ਰਾਈਲੀ ਸੈਟਲਰਾਂ ਨੇ ਮੈਨੂੰ ਅਤੇ ਹੋਰ ਅਮਰੀਕੀ ਨਾਗਰਿਕਾਂ ਨੂੰ ਹਿਰਾਸਤ ਵਿੱਚ ਲੈ ਲਿਆ।  ਉਨ੍ਹਾਂ ਅੱਗੇ ਕਿਹਾ ਕਿ ਜਦੋਂ ਇਜ਼ਰਾਈਲੀ ਫ਼ੌਜ ਉੱਥੇ ਪਹੁੰਚੀ ਤਾਂ ਉਸ ਨੇ ਸੈਟਲਰਾਂ ਦਾ ਸਾਥ ਦਿੱਤਾ ਅਤੇ ਸਾਨੂੰ ਹਿਰਾਸਤ ਵਿੱਚ ਹੀ ਰੱਖਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬਹੁਤ ਵੱਡੀ ਗਲਤੀ ਕੀਤੀ। ਹਾਲਾਂਕਿ ਇਜ਼ਰਾਈਲੀ ਡਿਫੈਂਸ ਫੋਰਸ (IDF) ਨੇ ਏਐੱਫਪੀ ਨੂੰ ਦਿੱਤੇ ਇੱਕ ਬਿਆਨ ਵਿੱਚ ਖੰਨਾ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਕਿ ਉਹ ਉਨ੍ਹਾਂ ਦਾ ਰਾਹ ਰੋਕਣ ਵਿੱਚ ਸ਼ਾਮਲ ਸੀ।

 



ਖੰਨਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਦਿ ਨਿਊਯਾਰਕ ਟਾਈਮਜ਼ ਨੂੰ ਦਿੱਤੀ ਗਈ ਵੀਡੀਓ ਅਤੇ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਦੱਖਣੀ ਵੈਸਟ ਬੈਂਕ ਦੇ ਇੱਕ ਛੋਟੇ ਜਿਹੇ ਪਿੰਡ ਦੇ ਬਾਹਰ ਹਥਿਆਰਾਂ ਨਾਲ ਲੈਸ ਲੋਕਾਂ ਦੇ ਇੱਕ ਸਮੂਹ ਨੇ ਸੜਕ ਰੋਕ ਦਿੱਤੀ ਅਤੇ ਹਿਬਰੂ ਅਤੇ ਅਰਬੀ ਭਾਸ਼ਾ ਵਿੱਚ ਚੀਕਦੇ ਹੋਏ ਉਨ੍ਹਾਂ ਵੱਲ ਅਪਸ਼ਬਦ ਬੋਲੇ।

 

ਖੰਨਾ ਨੇ ਟਾਈਮਜ਼ ਨੂੰ ਦੱਸਿਆ ਕਿ ਜਦੋਂ IDF (ਇਜ਼ਰਾਈਲੀ ਫ਼ੌਜ) ਦੇ ਜਵਾਨ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਉੱਥੇ ਮੌਜੂਦ ਲੋਕਾਂ (ਸੈਟਲਰਾਂ) ਨਾਲ ਗੱਲ ਕੀਤੀ ਅਤੇ ਬਾਅਦ ਵਿੱਚ, ਜਦੋਂ ਉਹ ਲੋਕ ਚਲੇ ਗਏ, ਤਾਂ ਖ਼ੁਦ ਹੀ ਸੜਕ ਨੂੰ ਬਲਾਕ ਕਰ ਦਿੱਤਾ।

 

ਖੰਨਾ ਨੇ ਟਾਈਮਜ਼ ਨੂੰ ਕਿਹਾ ਕਿ ਜ਼ਰਾ ਸੋਚੋ ਕਿ ਕਬਜ਼ੇ ਵਾਲੇ ਇਲਾਕਿਆਂ ਵਿੱਚ ਰਹਿਣ ਵਾਲੇ ਫ਼ਲਸਤੀਨੀ ਹਰ ਰੋਜ਼ ਕਿਵੇਂ ਮਹਿਸੂਸ ਕਰਦੇ ਹੋਣਗੇ, ਜਦੋਂ ਉਨ੍ਹਾਂ ਨੇ ਇੱਕ ਅਮਰੀਕੀ ਸੰਸਦ ਮੈਂਬਰ ਨੂੰ 90 ਮਿੰਟ ਤੱਕ ਬੇਵੱਸ ਮਹਿਸੂਸ ਕਰਵਾ ਦਿੱਤਾ।

 

ਅਮਰੀਕੀ ਦੂਤਾਵਾਸ ਅਤੇ ਇਜ਼ਰਾਈਲੀ ਪੁਲਿਸ ਨਾਲ ਸੰਪਰਕ ਕਰਨ ਤੋਂ ਬਾਅਦ, ਸਿਲੀਕਾਨ ਵੈਲੀ ਦੇ ਇੱਕ ਖੇਤਰ ਦੀ ਨੁਮਾਇੰਦਗੀ ਕਰਨ ਵਾਲੇ ਇਸ ਸੰਸਦ ਮੈਂਬਰ ਨੂੰ ਅੱਗੇ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ।

 

ਇਜ਼ਰਾਈਲੀ ਫ਼ੌਜ ਨੇ ਏਐੱਫਪੀ ਨੂੰ ਭੇਜੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੂੰ ਖਿਰਬਤ ਜਨੂਤਾ ਖੇਤਰ ਵਿੱਚ ਇਜ਼ਰਾਈਲੀ ਨਾਗਰਿਕਾਂ ਵੱਲੋਂ ਵਿਦੇਸ਼ੀ ਨਾਗਰਿਕਾਂ ਅਤੇ ਮੀਡੀਆ ਕਰਮੀਆਂ ਦੇ ਵਾਹਨਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਰੋਕਣ ਦੀ ਰਿਪੋਰਟ ਮਿਲੀ ਸੀ।

 

ਰਿਪੋਰਟ ਮਿਲਣ 'ਤੇ IDF ਦੇ ਜਵਾਨਾਂ ਨੂੰ ਮੌਕੇ 'ਤੇ ਭੇਜਿਆ ਗਿਆ, ਜਿਨ੍ਹਾਂ ਨੇ ਤੁਰੰਤ ਇਜ਼ਰਾਈਲੀ ਨਾਗਰਿਕਾਂ ਨੂੰ ਉੱਥੋਂ ਹਟਾਇਆ ਅਤੇ ਬੰਦ ਸੜਕ ਨੂੰ ਮੁੜ ਖੋਲ੍ਹ ਦਿੱਤਾ। ਉਸ ਖੇਤਰ ਵਿੱਚ ਤਾਇਨਾਤ IDF ਦੇ ਜਵਾਨਾਂ ਨੇ ਸੜਕ ਰੋਕਣ ਵਿੱਚ ਕੋਈ ਭੂਮਿਕਾ ਨਹੀਂ ਨਿਭਾਈ।

 

ਅਕਤੂਬਰ 2023 ਵਿੱਚ ਗਾਜ਼ਾ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ ਵੈਸਟ ਬੈਂਕ ਵਿੱਚ ਇਜ਼ਰਾਈਲੀ ਸੈਟਲਰਾਂ (ਉੱਥੇ ਵੱਸਣ ਵਾਲੇ ਲੋਕਾਂ) ਵੱਲੋਂ ਕੀਤੀ ਜਾ ਰਹੀ ਹਿੰਸਾ ਵਿੱਚ ਭਾਰੀ ਵਾਧੇ ਦੀ ਗੱਲ ਕਹੀ ਹੈ, ਜਦਕਿ ਕਈ ਇਜ਼ਰਾਈਲੀ ਮੰਤਰੀ ਇਸ ਖੇਤਰ ਦੇ ਕੁਝ ਹਿੱਸਿਆਂ ਜਾਂ ਪੂਰੇ ਖੇਤਰ ਨੂੰ ਇਜ਼ਰਾਈਲ ਵਿੱਚ ਮਿਲਾਉਣ ਦੀ ਮੰਗ ਕਰਦੇ ਰਹੇ ਹਨ।

 

ਅਮਰੀਕਾ ਇਜ਼ਰਾਈਲ ਦਾ ਕਰੀਬੀ ਸਹਿਯੋਗੀ ਹੈ, ਪਰ ਕੁਝ ਸੰਸਦ ਮੈਂਬਰਾਂ, ਖ਼ਾਸ ਕਰਕੇ ਡੈਮੋਕ੍ਰੈਟਿਕ ਪਾਰਟੀ ਦੇ ਆਗੂਆਂ ਨੇ ਗਾਜ਼ਾ ਵਿੱਚ ਇਜ਼ਰਾਈਲ ਦੇ ਸੈਨਿਕ ਅਭਿਆਨ ਅਤੇ ਕਬਜ਼ੇ ਵਾਲੇ ਇਲਾਕਿਆਂ ਵਿੱਚ ਫ਼ਲਸਤੀਨੀਆਂ ਨਾਲ ਕੀਤੇ ਜਾ ਰਹੇ ਵਿਵਹਾਰ ਦੀ ਸਖ਼ਤ ਆਲੋਚਨਾ ਕੀਤੀ ਹੈ।

Comments

Leave A Comment

Required fields are marked (*).

Related

Talk to us?