ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਵਾਸ਼ਿੰਗਟਨ ਡੀਸੀ ਵਿੱਚ ਹੋਈ ਇੱਕ ਉੱਚ ਪੱਧਰੀ ਪ੍ਰੈੱਸ ਕਾਨਫਰੰਸ ਦੌਰਾਨ ਇੱਕ ਅਹਿਮ ਪ੍ਰਸ਼ਨ ਦਾ ਜਵਾਬ ਦਿੰਦਿਆਂ ਕਿਹਾ ਕਿ "ਅਮਰੀਕਾ ਨਾਲ ਹੋ ਰਹੀਆਂ ਮੀਟਿੰਗਾਂ ਵਿੱਚ ਸੀਜ਼ਨਲ ਲੇਬਰ ਭੇਜਣ ਦੀ ਗੱਲ ਚਰਚਾ ਵਿੱਚ ਨਹੀਂ ਸੀ"।
ਇਹ ਪ੍ਰਸ਼ਨ ਨਿਊ ਇੰਡੀਆ ਅਬਰੌਡ ਦੇ ਸੰਪਾਦਕ ਡਾ. ਸੁਖਪਾਲ ਸਿੰਘ ਧਨੋਆ ਵੱਲੋਂ ਪੁੱਛਿਆ ਗਿਆ ਸੀ। ਇਸ ਪ੍ਰਸ਼ਨ ਲਈ ਉਨ੍ਹਾਂ ਇਹ ਦਲੀਲ ਰੱਖੀ ਕਿ ਪ੍ਰੈਜ਼ੀਡੈਂਟ ਟਰੰਪ ਵਲੋਂ ਅਮਰੀਕਾ ਦੀਆਂ ਇਮੀਗ੍ਰੇਸ਼ਨ ਨੀਤੀਆਂ ਵਿੱਚ ਵੱਡੇ ਬਦਲਾਅ ਦੇ ਚਲਦਿਆਂ ਭਾਰਤ ਨੂੰ ਅਮਰੀਕਾ ਕੋਲ ਟੈਂਪ੍ਰੇਰੀ ਜਾਂ ਸੀਜ਼ਨਲ ਲੇਬਰ ਦੇ ਮੁੱਦੇ ਨੂੰ ਗੰਭੀਰਤਾ ਨਾਲ ਉੱਠਾਉਣਾ ਚਾਹੀਦਾ ਹੈ।
ਡਾ. ਜੈਸ਼ੰਕਰ ਨੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ "ਮੈਂ ਨੋਟ ਕੀਤਾ ਕਿ ਇਸ ਮਸਲੇ ਬਾਰੇ ਤੁਸੀਂ ਆਪਣਾ ਇੱਕ ਨਜ਼ਰੀਆ ਰੱਖਦੇ ਹੋ, ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਮੇਰੇ ਦੌਰੇ ਦੌਰਾਨ ਇਹ ਵਿਸ਼ਾ ਉੱਠਾਇਆ ਨਹੀਂ ਗਿਆ।”
ਉਨ੍ਹਾਂ ਅਮਰੀਕਾ ਦੇ ਆਪਣੇ ਹਮਰੁਤਬਾ ਨਾਲ ਹੋਈ ਦੁਵੱਲੀ ਮੀਟਿੰਗ ਦੌਰਾਨ ਸੀਜਨਲ ਲੇਬਰ ਬਾਰੇ ਸਵਾਲ ਦੇ ਸੰਦਰਭ ਨੂੰ ਸਪੱਸ਼ਟ ਕਰਦਿਆਂ ਕਿਹਾ, "ਮੈਂ ਇਸ ਮੀਟਿੰਗ ਵਿੱਚ ਆਪਣਾ ਧਿਆਨ ਅਜਿਹੇ ਮੁੱਦਿਆਂ ’ਤੇ ਕੇਂਦਰਤ ਕੀਤਾ ਜੋ ਭਾਰਤ ਵਿੱਚ ਲੋਕਾਂ ਦੀ ਚਿੰਤਾ ਹਨ, ਖ਼ਾਸ ਕਰਕੇ ਵੀਜ਼ਿਆਂ ਦੀ ਤੇਜ਼ ਅਤੇ ਪ੍ਰਭਾਵਸ਼ਾਲੀ ਪ੍ਰਕਿਰਿਆ। ਅਤੇ ਮੰਤਰੀ ਹੋਣ ਦੇ ਨਾਤੇ ਮੈਂ ਆਪਣੇ ਦੇਸ਼ ਦੇ ਲੋਕਾਂ ਦੇ ਮਸਲਿਆਂ ਨੂੰ ਇੱਥੋਂ ਪਹਿਲ ਦੇ ਅਧਾਰ ਲਿਆਉਂਦਾ ਹਾਂ।”
ਉਨ੍ਹਾਂ ਵਧੇਰੇ ਵਿਆਖਿਆ ਕੀਤੀ ਕਿ "ਸੀਜ਼ਨਲ ਲੇਬਰ ਦੀ ਥਾਂ ਮੀਟਿੰਗ ਦੌਰਾਨ ਵੀਜ਼ਾ ਡਿਲੇਅਜ਼ ਅਤੇ ਉਨ੍ਹਾਂ ਦੇ ਹੱਲ ਉੱਤੇ ਚਰਚਾ ਹੋਈ ਹੈ"।
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਟਰੰਪ ਦੀ ਸਮੂਹਿਕ ਡੀਪੋਟੇਸ਼ਨ ਅਤੇ ਨਵੀਂ ਇਮੀਗ੍ਰੇਸ਼ਨ ਨੀਤੀ ਕਾਰਨ ਖੇਤੀ, ਟਰਾਂਸਪੋਰਟ, ਹੋਟਲ,ਹਸਪਤਾਲ ਅਤੇ ਰੀਟੇਲ ਸੈਕਟਰਾਂ ਵਿੱਚ ਲੇਬਰ ਦੀ ਵੱਡੀ ਘਾਟ ਪੈਦਾ ਹੋ ਗਈ ਹੈ। ਕਿਉਂਕਿ ਭਾਰਤੀ ਅਤੇ ਸਿੱਖ ਭਾਈਚਾਰਾ ਅਮਰੀਕਾ ਦੇ ਇਹਨਾਂ ਉਪਰੋਕਤ ਸੈਕਟਰਾਂ ਵਿੱਚ ਡੋਮੀਨੇਟ ਕਰਦਾ ਹੋਣ ਕਾਰਨ ਇਸ ਗੱਲ ਨੂੰ ਲਗਾਤਾਰ ਉੱਭਾਰਨ ਦੀ ਕੋਸ਼ਿਸ਼ ਵਿੱਚ ਹੈ ਕਿ ਭਾਰਤ ਨੂੰ ਅਮਰੀਕਾ ਨਾਲ ਸੀਜ਼ਨਲ ਲੇਬਰ ਮਾਈਗ੍ਰੇਸ਼ਨ ਉੱਤੇ ਗੰਭੀਰ ਗੱਲਬਾਤ ਕਰਨੀ ਚਾਹੀਦੀ ਹੈ ਜੋ ਦੋਵਾਂ ਦੇਸ਼ਾਂ ਲਈ ਇੱਕ ਮਹੱਤਵਪੂਰਨ ਕਦਮ ਸਾਬਤ ਹੋ ਸਕਦਾ ਹੈ। ਹਾਲਾਂਕਿ ਭਾਰਤ ਇਹ ਚਾਹੁੰਦਾ ਹੈ ਕਿ ਭਾਰਤ ਤੋਂ ਅਮਰੀਕਾ ਲਈ ਸੀਜ਼ਨਲ ਲੇਬਰ ਦੀ ਮੰਗ ਭਾਰਤੀ ਡਾਇਸਪੋਰਾ ਨੂੰ ਪਹਿਲਾਂ ਅਮਰੀਕਾ ਦੇ ਚੁਣੇ ਹੋਏ ਨੁਮਾਇੰਦਿਆਂ ਕੋਲ ਗੰਭੀਰਤਾ ਨਾਲ ਉਠਾਉਣੀ ਚਾਹੀਦੀ ਹੈ ਅਤੇ ਫਿਰ ਇਸ ਨੂੰ ਇਕ ਵਿਧੀਵਤ ਤਰੀਕੇ ਨਾਲ ਲਾਗੂ ਕਰਵਾਉਣ ਲਈ ਸਹੀ ਪ੍ਰਕਿਰਿਆ ਅਪਣਾਈ ਜਾਣੀ ਚਾਹੀਦੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login