ADVERTISEMENTs

ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਅੰਮ੍ਰਿਤਸਰ ਪੁਲਿਸ ਅਲਰਟ ‘ਤੇ

ਈਮੇਲ ਭੇਜਣ ਵਾਲੇ ਨੇ ਖੁਦ ਧਮਕੀ ਨਹੀ ਦਿੱਤੀ ਸਗੋਂ ਕਿਸੇ ਹੋਰ ਦੀ ਅਜਿਹੀ ਮਨਸ਼ਾ ਬਾਰੇ ਸ਼੍ਰੋਮਣੀ ਕਮੇਟੀ ਨੂੰ ਅਲਰਟ ਕੀਤਾ ਹੈ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ / Courtesy Photo

ਪੰਜਾਬ ਦੇ ਅੰਮ੍ਰਿਤਸਰ ਤੋਂ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ ਜਿਸਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਹੈ। ਖਬਰ ਹੈ ਸ੍ਰੀ ਹਰਿਮੰਦਰ ਸਾਹਿਬ ਨੂੰ ਵਿਸਫੋਟ ਨਾਲ ਉਡਾਉਣ ਦੀ ਧਮਕੀ ਦੀ।ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮਿਲੀ ਜਾਣਕਾਰੀ ਮੁਤਾਬਿਕ ਕਮੇਟੀ ਦੇ ਅਧਿਕਾਰਿਤ ਈਮੇਲ ਐਡਰੈਸ ‘ਤੇ ਇੱਕ ਈਮੇਲ ਮਿਤੀ 14 ਜੁਲਾਈ ਨੂੰ ਸਵੇਰੇ 7 ਕੁ ਵਜੇ ਭੇਜੀ ਜਾਂਦੀ ਹੈ। ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਗੱਲ ਕੀਤੀ ਗਈ ਹੈ। ਈਮੇਲ ਭੇਜਣ ਵਾਲੇ ਨੇ ਇੱਕ ਤਰਾਂ ਨਾਲ ਖੁਦ ਧਮਕੀ ਨਹੀ ਦਿੱਤੀ ਸਗੋਂ ਕਿਸੇ ਹੋਰ ਦੀ ਅਜਿਹੀ ਮਨਸ਼ਾ ਬਾਰੇ ਸ਼੍ਰੋਮਣੀ ਕਮੇਟੀ ਨੂੰ ਅਲਰਟ ਕੀਤਾ ਹੈ।
 
ਪ੍ਰਾਪਤ ਜਾਣਕਾਰੀ ਅਨੁਸਾਰ ਈਮੇਲ ਨੂੰ ਇਸ ਤਰਾਂ ਨਾਲ ਭੇਜਿਆ ਗਿਆ ਹੈ ਕਿ ਭੇਜਣ ਵਾਲਾ ਵਿਅਕਤੀ ਕਿਸੇ ਵੀ ਅਜਿਹੀ ਅਣਸੁਖਾਂਵੀ ਘਟਨਾ ਦੇ ਵਾਪਰਨ ਬਾਰੇ ਆਪਣੀ ਚਿੰਤਾ ਪ੍ਰਗਟਾਉਂਦਾ ਪ੍ਰਤੀਤ ਹੁੰਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੁਝ ਅਜਿਹਾ ਵਾਪਰਨ ਦੀ ਸੰਭਾਵਨਾਂ ਹੈ। ਅੱਜ ਮਿਤੀ 15 ਜੁਲਾਈ ਨੂੰ ਇੱਕ ਵਾਰ ਫਿਰ ਸਵੇਰੇ 3 ਕੁ ਵਜੇ ਓਹੀ ਈਮੇਲ ਦੁਬਾਰਾ ਭੇਜੀ ਗਈ ਹੈ, ਜਿਸ ਵਿੱਚ ਫਿਰ ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਗੱਲ ਕੀਤੀ ਗਈ ਹੈ।

ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਬਾਰੇ ਅਜਿਹੀ ਧਮਕੀ ਮਿਲਣੀ ਬਹੁਤ ਮੰਦਭਾਗੀ ਖਬਰ ਹੈ। ਉਨ੍ਹਾਂ ਕਿਹਾ ਕਿ ਇਸ ਅਸਥਾਨ ‘ਤੇ ਆ ਕੇ ਹਰ ਧਰਮ ਨਾਲ ਸਬੰਧਿਤ ਵਿਅਕਤੀ ਸ਼ਾਂਤੀ ਪ੍ਰਾਪਤ ਕਰਦਾ ਹੈ। ਸੋ ਇਸ ਸਰਬ ਸਾਂਝੇ ਅਸਥਾਨ ਨੂੰ ਨੁਕਸਾਨ ਪਹੁੰਚਾਉਣ ਦਾ ਸੋਚਣ ਵਾਲਿਆਂ ਦਾ ਕੋਈ ਧਰਮ ਨਹੀ ਹੋ ਸਕਦਾ।ਉਨ੍ਹਾਂ ਪੁਲਿਸ ਨੂੰ ਜਲਦ ਲੋੜੀਂਦੀ ਕਾਰਵਾਈ ਕਰਕੇ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਕਿਹਾ।

ਓਧਰ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਪੁਲਿਸ ਵੱਲੋਂ ਇਸ ਘਟਨਾ ਦੇ ਸਬੰਧ ਵਿੱਚ ਰਾਜ ਸਾਈਬਰ ਅਪਰਾਧ ਅਤੇ ਹੋਰ ਏਜੰਸੀਆਂ ਦੀ ਮਦਦ ਲਈ ਜਾ ਰਹੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਮਾਮਲੇ ਨੂੰ ਹੱਲ ਕਰਨ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਪੁਲਿਸ ਨੇ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸਦੇ ਨਾਲ ਹੀ ਬੰਬ ਡਿਸਪੋਜ਼ਲ ਸਕੁਐਡ (ਬੀਡੀਐਸ), ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਵਾਧੂ ਸੁਰੱਖਿਆ ਬਲ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਆਲੇ-ਦੁਆਲੇ ਤਾਇਨਾਤ ਕਰ ਦਿੱਤੇ ਗਏ ਹਨ। ਅਧਿਕਾਰੀਆਂ ਨੇ ਜਨਤਾ ਨੂੰ ਭਰੋਸਾ ਦਿੱਤਾ ਹੈ ਕਿ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video