ਇਹ ਦਿਲਚਸਪ ਗੱਲ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਮਈ ਮਹੀਨੇ ਦੇ ਅੰਤ ਤੱਕ ਸੂਬੇ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਇੱਕ ਵੱਡੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਦੂਜੇ ਪਾਸੇ, ਕੈਨੇਡਾ ਦੀ ਲਿਬਰਲ ਸਰਕਾਰ ਉੱਤੇ ਵੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਤਾਰ ਦਬਾਅ ਬਣਾਇਆ ਗਿਆ ਹੈ ਕਿ ਉਹ ਯੂਐਸ-ਕੈਨੇਡਾ ਸਰਹੱਦ ਰਾਹੀਂ ਹੋ ਰਹੀ ਨਸ਼ੇ ਦੀ ਭਾਰੀ ਤਸਕਰੀ ਨੂੰ ਰੋਕੋ, ਖ਼ਾਸ ਕਰਕੇ ਫੈਂਟਾਨਿਲ (fentanyl) ਵਰਗੀਆਂ ਖ਼ਤਰਨਾਕ ਦਵਾਈਆਂ ਦੀ, ਜਿਨ੍ਹਾਂ ਦੀਆਂ ਘਾਤਕ ਓਵਰਡੋਜ਼ ਨੇ ਉੱਤਰੀ ਅਮਰੀਕਾ ਖ਼ਾਸ ਕਰਕੇ ਅਮਰੀਕਾ 'ਚ ਸੈਂਕੜੇ ਜਾਨਾਂ ਲਈਆਂ ਹਨ।
ਬਾਰਡਰ ਸਰਵਿਸਿਜ਼ ਵਿੱਚ ਵਾਧੂ ਫੋਰਸ ਅਤੇ ਭਾਰੀ ਨਿਵੇਸ਼ ਤੋਂ ਬਾਅਦ ਵੀ ਕੈਨੇਡਾ ਅਜੇ ਵੀ ਨਸ਼ਾ ਤਸਕਰੀ 'ਤੇ ਰੋਕ ਲਗਾਉਣ ਲਈ ਇੱਕ ਮੁਸ਼ਕਲ ਲੜਾਈ ਲੜ ਰਿਹਾ ਹੈ। ਇੱਥੇ ਪੈਨ-ਅਮਰੀਕਨ, ਅਫਰੀਕੀ ਅਤੇ ਦੱਖਣੀ ਏਸ਼ੀਆਈ ਮੂਲ ਵਾਲੇ ਤਸਕਰ ਗਿਰੋਹ ਬੇਧੜਕ ਢੰਗ ਨਾਲ ਕੰਮ ਕਰ ਰਹੇ ਹਨ।
ਸੰਯੁਕਤ ਰਾਸ਼ਟਰ ਨੇ ਕੈਨੇਡਾ ਅਤੇ ਮੈਕਸੀਕੋ ਦੋਵਾਂ ਉੱਤੇ ਤਿੱਖੀ ਟਿੱਪਣੀ ਕਰਦਿਆਂ ਇਲਜ਼ਾਮ ਲਾਇਆ ਕਿ ਉਹ ਫੈਂਟਾਨਿਲ ਦੀ ਅੰਤਰਰਾਸ਼ਟਰੀ ਸਰਹੱਦ ਰਾਹੀਂ ਹੋ ਰਹੀ ਤਸਕਰੀ ਨੂੰ ਰੋਕਣ ਵਿੱਚ ਢਿੱਲ ਵਰਤ ਰਹੇ ਹਨ। ਇਸ ਦੇ ਉਲਟ, ਕੈਨੇਡੀਅਨ ਸਰਕਾਰ ਅਤੇ ਉਸ ਦੀਆਂ ਕਈ ਏਜੰਸੀਜ਼ ਜਿਵੇਂ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA), ਰੌਇਲ ਕੈਨੇਡੀਅਨ ਮਾਊਂਟਡ ਪੁਲਿਸ (RCMP) ਅਤੇ ਸੂਬਾਈ ਪੁਲਿਸ ਵਿਭਾਗ ਨੇ ਨਸ਼ਿਆਂ ਦੀ ਆਵਾਜਾਈ ਰੋਕਣ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।
ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ, ਗੈਰੀ ਆਨੰਦਸੰਗਰੀ (Gary Anandasangaree), ਨੇ ਕਿਹਾ, "ਸਾਡੇ ਲਈ ਕੈਨੇਡੀਅਨ ਨਾਗਰਿਕਾਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ। ਗੈਰਕਾਨੂੰਨੀ ਭੰਗ (cannabis) ਅੰਤਰਰਾਸ਼ਟਰੀ ਗੈਂਗਵਾਰ ਅਤੇ ਸੰਗਠਿਤ ਅਪਰਾਧ ਨੂੰ ਵਧਾਵਾ ਦਿੰਦਾ ਹੈ। ਪਰ ਅਸੀਂ ਇਹ ਲੜਾਈ ਜਾਰੀ ਰੱਖਾਂਗੇ ਅਤੇ ਆਪਣੀਆਂ ਸਰਹੱਦਾਂ ਨੂੰ ਮਜ਼ਬੂਤ ਤੇ ਸੁਰੱਖਿਅਤ ਬਣਾਈ ਰੱਖਾਂਗੇ।
ਰੌਇਲ ਕੈਨੇਡੀਅਨ ਮਾਊਂਟਡ ਪੁਲਿਸ (RCMP) ਨੇ ਕਿਹਾ ਹੈ ਕਿ ਉਹ ਸੂਬਾਈ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ-ਨਾਲ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨਾਲ ਨਜ਼ਦੀਕੀ ਸਹਿਯੋਗ ਕਰ ਰਹੇ ਹਨ, ਤਾਂ ਜੋ ਨਸ਼ਿਆਂ ਦੀ ਗੈਰਕਾਨੂੰਨੀ ਆਵਾਜਾਈ ਨੂੰ ਰੋਕਣ ਲਈ ਇੱਕ ਸੁਚੱਜੀ ਕਾਰਵਾਈ ਕਰ ਸਕਣ।
ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਫੈਡਰਲ ਪੁਲਿਸਿੰਗ ਵਿਭਾਗ ਦੇ ਜਰਮੇਨ ਲੀਗਰ (Germain Leger) ਨੇ ਕਿਹਾ “ਅਸੀਂ ਨਸ਼ਾ ਤਸਕਰੀ ਵਿਰੁੱਧ ਲੜਾਈ ਵਿੱਚ ਆਪਣਿਆਂ ਸਾਥੀਆਂ ਨਾਲ ਖੁਫੀਆ ਜਾਣਕਾਰੀ ਦੀ ਸਾਂਝ ਅਤੇ ਮਿਲੀ ਜੁਲੀ ਕਾਰਵਾਈ ਰਾਹੀਂ ਨਤੀਜੇਮੰਦ ਹਲ ਕੱਢਣ ਦੇ ਯਤਨ ਕਰ ਰਹੇ ਹਾਂ।”*
ਆਪਣੇ ਠੋਸ ਯਤਨਾਂ ਦੇ ਨਤੀਜੇ ਵਜੋਂ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ 2015 ਤੋਂ ਬਾਅਦ ਕੈਨਾਬਿਸ (ਭੰਗ) ਦੀ ਸਭ ਤੋਂ ਵੱਡੀ ਜ਼ਬਤੀ ਕਰਨ ਦਾ ਦਾਅਵਾ ਕੀਤਾ ਹੈ। ਨਿਊ ਬਰੰਜ਼ਵਿਕ (New Brunswick) ਦੇ ਸੇਂਟ ਜੌਨ (Saint John) ਵਿੱਚ ਉਨ੍ਹਾਂ ਦੇ ਅਧਿਕਾਰੀਆਂ ਨੇ ਹਾਲ ਹੀ ਵਿੱਚ ਇੱਕ ਅਜਿਹੀ ਖੇਪ ਨੂੰ ਰੋਕਿਆ ਹੈ ਜਿਸ ਬਾਰੇ ਸ਼ੱਕ ਸੀ ਕਿ ਇਹ 2015 ਤੋਂ ਬਾਅਦ ਦੀ ਸਭ ਤੋਂ ਵੱਡੀ ਕੈਨਾਬਿਸ ਜ਼ਬਤੀ ਹੈ।
21 ਮਈ, 2025 ਨੂੰ, ਸੇਂਟ ਜੌਨ ਬੰਦਰਗਾਹ 'ਤੇ ਬਾਰਡਰ ਸਰਵਿਸਿਜ਼ ਅਧਿਕਾਰੀਆਂ ਨੇ ਗ੍ਰੇਟਰ ਟੋਰਾਂਟੋ ਏਰੀਆ ਅਤੇ ਐਟਲਾਂਟਿਕ ਰੀਜ਼ਨਜ਼ ਦੇ CBSA ਖੁਫੀਆ ਅਧਿਕਾਰੀਆਂ ਦੀ ਮਦਦ ਨਾਲ, ਸਕਾਟਲੈਂਡ (ਯੂਨਾਈਟਿਡ ਕਿੰਗਡਮ) ਭੇਜੇ ਜਾਣ ਵਾਲੇ ਇੱਕ ਸਮੁੰਦਰੀ ਕੰਟੇਨਰ ਦੀ ਜਾਂਚ ਕੀਤੀ।
ਜਾਂਚ ਦੌਰਾਨ ਅਧਿਕਾਰੀਆਂ ਨੇ 6,700 ਕਿਲੋਗ੍ਰਾਮ ਤੋਂ ਵੱਧ ਸ਼ੱਕੀ ਕੈਨਾਬਿਸ ਬਰਾਮਦ ਕੀਤਾ, ਜਿਸ ਦੀ ਕੀਮਤ $49.6 ਮਿਲੀਅਨ (ਲਗਭਗ 4.13 ਅਰਬ ਭਾਰਤੀ ਰੁਪਏ) ਦੱਸੀ ਗਈ ਹੈ। ਇਹ ਨਸ਼ਾ 400 ਤੋਂ ਵੱਧ ਡੱਬਿਆਂ ਵਿੱਚ ਲੁਕਾਇਆ ਗਿਆ ਸੀ ਅਤੇ CBSA ਨੂੰ ਦਿੱਤੇ ਗਏ ਦਸਤਾਵੇਜ਼ਾਂ ਵਿੱਚ ਗਲਤ ਤਰੀਕੇ ਨਾਲ ਘੋਸ਼ਿਤ ਕੀਤਾ ਗਿਆ ਸੀ।
ਇਸ ਇੱਕ ਖੇਪ ਵਿੱਚ ਜ਼ਬਤ ਕੀਤੀ ਗਈ ਮਾਤਰਾ ਪਿਛਲੇ ਸਾਲ ਕੈਨੇਡਾ ਭਰ ਵਿੱਚ CBSA ਦੁਆਰਾ ਜ਼ਬਤ ਕੀਤੀ ਗਈ ਕੁੱਲ ਕੈਨਾਬਿਸ ਦੀ ਮਾਤਰਾ ਤੋਂ ਤਿੰਨ ਗੁਣਾ ਵੱਧ ਹੈ। ਜ਼ਬਤ ਕੀਤੀ ਗਈ ਕੈਨਾਬਿਸ ਅਤੇ ਸਾਰੇ ਸਬੂਤਾਂ ਨੂੰ RCMP ਦੀ ਈਸਟਰਨ ਰੀਜਨ ਫੈਡਰਲ ਪੁਲਿਸਿੰਗ (ਨਿਊ ਬਰੰਜ਼ਵਿਕ) ਨੂੰ ਅੱਗੇ ਦੀ ਜਾਂਚ ਲਈ ਸੌਂਪ ਦਿੱਤੇ ਗਏ ਹਨ। CBSA ਅਤੇ RCMP ਨੂੰ ਕੈਨੇਡਾ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।
ਬੇਸ਼ੱਕ ਕੈਨੇਡਾ ਵਿੱਚ ਕੈਨਾਬਿਸ (ਭੰਗ) ਕਾਨੂੰਨੀ ਹੈ, ਪਰ ਇਸਦੀ ਗੈਰ-ਕਾਨੂੰਨੀ ਤਸਕਰੀ ਅਜੇ ਵੀ ਸੰਗਠਿਤ ਅਪਰਾਧ ਨੂੰ ਪੈਸਾ ਮੁਹੱਈਆ ਕਰਵਾਉਂਦੀ ਹੈ ਅਤੇ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਵਰਗੀਆਂ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਵਧਾਵਾ ਦਿੰਦੀ ਹੈ। ਇਸਦੀ ਵਰਤੋਂ ਅਕਸਰ ਕੈਨੇਡਾ ਵਿੱਚ ਆਯਾਤ ਕੀਤੀਆਂ ਜਾ ਰਹੀਆਂ ਕੋਕੀਨ ਵਰਗੀਆਂ ਹੋਰ ਗੈਰ-ਕਾਨੂੰਨੀ ਨਸ਼ਿਆਂ ਦੇ ਬਦਲੇ ਵਜੋਂ ਕੀਤੀ ਜਾਂਦੀ ਹੈ। ਗੈਰ-ਕਾਨੂੰਨੀ ਕੈਨਾਬਿਸ ਦਾ ਵਪਾਰ ਕੈਨੇਡੀਅਨਾਂ ਦੀ ਸੁਰੱਖਿਆ ਅਤੇ ਸਿਹਤ ਲਈ ਇੱਕ ਵੱਡਾ ਖ਼ਤਰਾ ਹੈ। ਇਹ ਇੱਕ ਗੰਭੀਰ ਅਪਰਾਧ ਹੈ, ਜਿਸ ਲਈ ਕਸਟਮਜ਼ ਐਕਟ (Customs Act) ਦੇ ਤਹਿਤ 5 ਸਾਲ ਤੱਕ ਅਤੇ ਕੈਨਾਬਿਸ ਐਕਟ (Cannabis Act) ਦੇ ਤਹਿਤ 14 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
ਸੇਂਟ ਜੌਨ ਬੰਦਰਗਾਹ ‘ਤੇ ਹੋਈ 6,700 ਕਿਲੋਗ੍ਰਾਮ ਕੈਨਾਬਿਸ ਦੀ ਜ਼ਬਤੀ ਦਾ ਇਹ ਇਕਲੌਤਾ ਮਾਮਲਾ ਨਹੀਂ ਸੀ। ਕੈਨੇਡਾ ਦੇ ਵੱਖ-ਵੱਖ ਹਿੱਸਿਆਂ ‘ਚ, ਖ਼ਾਸ ਕਰਕੇ ਕੈਰੇਕਸ਼ਨਲ ਇੰਸਟੀਚਿਊਟਸ (ਸੁਧਾਰ ਸੇਵਾਵਾਂ ਦੀਆਂ ਸੰਸਥਾ) ਵਿੱਚੋਂ ਵੀ ਨਸ਼ਿਆਂ ਦੀਆਂ ਲਗਾਤਾਰ ਜ਼ਬਤੀਆਂ ਹੋ ਰਹੀਆਂ ਹਨ, ਜੋ ਅਪਰਾਧੀ ਗਿਰੋਹਾਂ ਅਤੇ ਜੇਲ੍ਹ ਵਿੱਚ ਬੰਦ ਕੈਦੀਆਂ ਦੇ ਵਿਚਕਾਰ ਮਜ਼ਬੂਤ ਰਿਸ਼ਤੇ ਦਰਸਾਉਂਦੀਆਂ ਹਨ।
10 ਜੁਲਾਈ ਨੂੰ, ਸਟੋਨੀ ਮਾਉਂਟੇਨ ਸੰਸਥਾ (Stony Mountain Institution) ਜੋ ਇੱਕ ਮਲਟੀ-ਲੈਵਲ ਸੁਰੱਖਿਆ ਵਾਲੀ ਫੈਡਰਲ ਸੰਸਥਾ ਹੈ, ਵਿੱਚ ਸਟਾਫ ਮੈਂਬਰਾਂ ਦੀ ਚੌਕਸੀ ਦੇ ਨਤੀਜੇ ਵਜੋਂ ਗੈਰਕਾਨੂੰਨੀ ਪੈਕੇਟ ਬਰਾਮਦ ਹੋਏ। ਹਾਲ ਹੀ ਦੇ ਸਮੇਂ ‘ਚ ਕੈਨਾਬਿਸ, ਕੋਕੇਨ ਅਤੇ ਹੋਰ ਗੈਰ-ਕਾਨੂੰਨੀ ਨਸ਼ਿਆਂ ਦੀ ਜੇਲ੍ਹਾਂ ਵਿੱਚ ਤਸਕਰੀ ਦੇ ਮਾਮਲਿਆਂ ‘ਚ ਬੇਹੱਦ ਵਾਧਾ ਹੋਇਆ ਹੈ।
ਇਹ ਸਾਰੀ ਸਥਿਤੀ ਇਹ ਦਰਸਾਉਂਦੀ ਹੈ ਕਿ ਕੈਨੇਡਾ, ਚਾਹੇ ਸਰਹੱਦ ਉੱਤੇ ਹੋਵੇ ਜਾਂ ਜੇਲ੍ਹਾਂ ਅੰਦਰ ਨਸ਼ਿਆਂ ਵਿਰੁੱਧ ਇਕ ਲੰਮੀ ਲੜਾਈ ਲੜ ਰਿਹਾ ਹੈ ਜੋ ਪੰਜਾਬ ਵਿੱਚ ਚੱਲ ਰਹੀ ਜੰਗ ਨਾਲ ਬਹੁਤ ਹੱਦ ਤੱਕ ਮੇਲ ਖਾਂਦੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login