ਕੈਨੇਡਾ ਦਾ ਝੰਡਾ / Image - Unsplash
ਫਿਰੌਤੀ ਦੀਆਂ ਧਮਕੀਆਂ ਅਤੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਵਿੱਚ ਹੋ ਰਹੇ ਤੇਜ਼ੀ ਨਾਲ ਵਾਧੇ ਨੇ ਪੰਜਾਬੀ ਪ੍ਰਵਾਸੀਆਂ ਦੀ ਵੱਡੀ ਆਬਾਦੀ ਵਾਲੀਆਂ ਸਿਟੀ ਕੌਂਸਲਾਂ ਨੂੰ ਬੇਵੱਸ ਕਰ ਦਿੱਤਾ ਹੈ। ਉਹ ਇਸ ਵਿਗੜਦੀ ਸਥਿਤੀ ਨੂੰ ਰੋਕਣ ਲਈ ਸੂਬਾਈ ਅਤੇ ਫੈਡਰਲ ਦੋਵਾਂ ਸਰਕਾਰਾਂ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨ। ਬ੍ਰਿਟਿਸ਼ ਕੋਲੰਬੀਆ, ਓਂਟਾਰੀਓ ਅਤੇ ਅਲਬਰਟਾ ਵਰਗੇ ਸੂਬਿਆਂ ਵਿੱਚ ਫਿਰੌਤੀ ਦੀਆਂ ਵਧਦੀਆਂ ਘਟਨਾਵਾਂ ਨਾਲ ਹਲਚਲ ਮਚਣ ਤੋਂ ਬਾਅਦ, ਹੁਣ ਕੈਨੇਡਾ ਦੇ ਕਈ ਹੋਰ ਵੱਡੇ ਖੇਤਰ, ਸ਼ਹਿਰ ਅਤੇ ਕਸਬੇ ਵੀ ਆਪਣੀਆਂ ਕਮਿਊਨਿਟੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਮਦਦ ਵੱਲ ਤੱਕ ਰਹੇ ਹਨ।
ਜਿਵੇਂ-ਜਿਵੇਂ ਫਿਰੌਤੀ ਨਾਲ ਜੁੜਿਆ ਅਪਰਾਧ ਕੈਨੇਡਾ ਭਰ ਵਿੱਚ ਫੈਲ ਰਿਹਾ ਹੈ, ਸ਼ਹਿਰੀ ਕੌਂਸਲਾਂ ਨੇ ਵੀ ਪ੍ਰਦਰਸ਼ਨਕਾਰੀਆਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਹੈ। ਪੀੜਤਾਂ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਖੁਫੀਆ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਟਾਊਨਹਾਲ ਮੀਟਿੰਗਾਂ ਅਤੇ ਵਿਚਾਰ-ਵਟਾਂਦਰੇ ਹੋਏ, ਪਰ ਇਸ ਸਮੱਸਿਆ 'ਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ। ਇਹ ਮਸਲਾ ਕਈ ਵਾਰ ਹਾਊਸ ਆਫ ਕਾਮਨਜ਼ ਵਿੱਚ ਵੀ ਚਰਚਾ ਹੇਠ ਆ ਚੁੱਕਾ ਹੈ, ਪਰ ਉਨ੍ਹਾਂ ਲੋਕਾਂ ਨੂੰ ਅਜੇ ਤੱਕ ਕੋਈ ਰਾਹਤ ਨਹੀਂ ਮਿਲੀ ਜੋ ਧਮਕੀ ਭਰੇ ਫੋਨ ਕਾਲਾਂ ਦਾ ਸਾਹਮਣਾ ਕਰ ਰਹੇ ਹਨ ਜਾਂ ਜਿਨ੍ਹਾਂ ਦੇ ਰਹਾਇਸ਼ੀ ਅਤੇ ਵਪਾਰਕ ਥਾਵਾਂ ਨੂੰ ਗੋਲੀਬਾਰੀ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਹੈਰਾਨੀਜਨਕ ਤੌਰ 'ਤੇ, ਇਸ ਫਿਰੌਤੀ ਅਤੇ ਸਰਹੱਦ ਪਾਰ ਅਪਰਾਧ ਦੀ ਲਹਿਰ ਨਾਲ ਸਭ ਤੋਂ ਵੱਧ ਪ੍ਰਭਾਵਿਤ ਪੰਜਾਬੀ ਕਮਿਊਨਿਟੀ- ਖਾਸ ਕਰਕੇ ਸਿੱਖ ਭਾਈਚਾਰਾ ਹੋਇਆ ਹੈ। ਤਾਜ਼ਾ ਮਾਮਲੇ ਵਿੱਚ, ਭਾਰਤੀ ਪ੍ਰਵਾਸੀਆਂ ਦੀ ਵੱਡੀ ਅਬਾਦੀ ਵਾਲਾ ਸ਼ਹਿਰ ਬਰੈਂਪਟਨ ਸਭ ਤੋਂ ਅੱਗੇ ਆ ਕੇ ਆਵਾਜ਼ ਚੁੱਕਣ ਵਾਲਾ ਸ਼ਹਿਰ ਬਣਿਆ ਹੈ। ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਫੈਡਰਲ ਜਨ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਨੂੰ ਇੱਕ ਪੱਤਰ ਭੇਜਿਆ ਜਿਸ ਵਿੱਚ ਉਨ੍ਹਾਂ ਲਿਖਿਆ, “ਮੈਂ ਬਰੈਂਪਟਨ ਸਿਟੀ ਕੌਂਸਲ ਦੁਆਰਾ ਪਾਸ ਕੀਤੇ ਗਏ ਇੱਕ ਮਤੇ ਦੇ ਸਬੰਧ ਵਿੱਚ ਤੁਹਾਨੂੰ ਪੱਤਰ ਲਿਖ ਰਿਹਾ ਹਾਂ, ਜੋ ਬਰੈਂਪਟਨ ਸ਼ਹਿਰ ਅਤੇ ਪੀਲ ਖੇਤਰ ਵਿੱਚ ਫਿਰੌਤੀ ਅਤੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਦੇ ਵਧ ਰਹੇ ਖਤਰੇ ਬਾਰੇ ਹੈ। ਇਸ ਪ੍ਰਸਤਾਵ ਦੀ ਇੱਕ ਕਾਪੀ ਤੁਹਾਡੇ ਦਫ਼ਤਰਾਂ ਦੇ ਨਾਲ-ਨਾਲ ਓਂਟਾਰੀਓ ਦੇ ਪ੍ਰੀਮੀਅਰ ਅਤੇ ਓਂਟਾਰੀਓ ਦੇ ਸੋਲਿਸਟਰ ਜਨਰਲ ਨਾਲ ਵੀ ਸਾਂਝੀ ਕੀਤੀ ਗਈ ਹੈ, ਤਾਂ ਜੋ ਇਸ ਮਾਮਲੇ ਦੀ ਗੰਭੀਰਤਾ 'ਤੇ ਜ਼ੋਰ ਦਿੱਤਾ ਜਾ ਸਕੇ।"
ਉਨ੍ਹਾਂ ਲਿਖਿਆ, “ਪੀਲ ਖੇਤਰ ਵਿੱਚ ਅੰਤਰਰਾਸ਼ਟਰੀ ਅਪਰਾਧਕ ਨੈੱਟਵਰਕਾਂ ਦੁਆਰਾ ਕੀਤੀ ਜਾ ਰਹੀ ਜਬਰਨ ਵਸੂਲੀ ਵਿੱਚ ਚਿੰਤਾਜਨਕ ਦਰ ਨਾਲ ਵਾਧਾ ਹੋਇਆ ਹੈ, ਜਿਸ ਵਿੱਚ ਛੋਟੇ ਕਾਰੋਬਾਰਾਂ ਅਤੇ ਭਾਈਚਾਰੇ ਦੇ ਕਮਜ਼ੋਰ ਮੈਂਬਰਾਂ ਨੂੰ ਹਿੰਸਾ, ਅੱਗ ਲਗਾਉਣ ਵਾਲੀਆਂ ਘਟਨਾਵਾਂ ਅਤੇ ਡਰਾਉਣ-ਧਮਕਾਉਣ ਰਾਹੀਂ ਬਹੁਤ ਜ਼ਿਆਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।”
ਮੇਅਰ ਨੇ ਕਿਹਾ, “ਅਸੀਂ ਬ੍ਰਿਟਿਸ਼ ਕੋਲੰਬੀਆ ਵਿੱਚ ਕੈਨੇਡਾ ਸਰਕਾਰ ਵੱਲੋਂ ਹਾਲ ਹੀ ਵਿੱਚ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕਰਦੇ ਹਾਂ, ਜਿਸ ਵਿੱਚ ਸੰਗਠਿਤ ਅਪਰਾਧ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਇਨਫੋਰਸਮੈਂਟ ਟੀਮਾਂ ਲਈ ਵਿਸ਼ੇਸ਼ ਸੰਘੀ ਫੰਡਿੰਗ ਦੇ ਨਾਲ-ਨਾਲ ਪੀੜਤਾਂ ਦੀ ਸਹਾਇਤਾ, ਪਹੁੰਚ ਅਤੇ ਸੁਰੱਖਿਆ ਯੋਜਨਾਬੰਦੀ ਵਿੱਚ ਨਿਵੇਸ਼ ਸ਼ਾਮਲ ਹੈ। ਇਹ ਉਪਾਅ ਸਵੀਕਾਰ ਕਰਦੇ ਹਨ ਕਿ ਫਿਰੌਤੀ ਅਤੇ ਸੰਗਠਿਤ ਅਪਰਾਧ ਰਾਸ਼ਟਰੀ ਜਨਤਕ ਸੁਰੱਖਿਆ ਦੇ ਮੁੱਦੇ ਹਨ ਜਿਨ੍ਹਾਂ ਲਈ ਸੰਘੀ ਅਗਵਾਈ, ਤਾਲਮੇਲ ਅਤੇ ਸਰੋਤਾਂ ਦੀ ਲੋੜ ਹੈ।
ਉਨ੍ਹਾਂ ਅੱਗੇ ਲਿਖਿਆ ਕਿ ਡਿਪਟੀ ਮੇਅਰ ਹਰਕੀਰਤ ਸਿੰਘ ਦੇ ਉਸ ਪ੍ਰਸਤਾਵ ਤੋਂ ਬਾਅਦ, ਜਿਸਨੂੰ ਸਾਡੀ ਕੌਂਸਲ ਵੱਲੋਂ ਸਰਬਸੰਮਤੀ ਨਾਲ ਮਨਜ਼ੂਰੀ ਦਿੱਤੀ ਗਈ, ਅਸੀਂ ਸਨਮਾਨ ਸਹਿਤ ਕੈਨੇਡਾ ਸਰਕਾਰ ਤੋਂ ਕੁਝ ਕਦਮ ਚੁੱਕਣ ਦੀ ਮੰਗ ਕਰਦੇ ਹਾਂ- ਜਿਸ ਵਿਚ ਪੀਲ ਖੇਤਰ ਲਈ ਫਿਰੌਤੀ ਅਤੇ ਸੰਗਠਿਤ ਅਪਰਾਧ ਵਿਰੋਧੀ ਟਾਸਕ ਫੋਰਸਾਂ ਲਈ ਸਮਰਪਿਤ ਫੰਡਿੰਗ ਦਾ ਵਿਸਥਾਰ ਕਰਨ ਦੀ ਮੰਗ ਤੋਂ ਇਲਾਵਾ, ਪੀੜਤਾਂ ਦੀ ਸਹਾਇਤਾ ਅਤੇ ਕਮਿਊਨਿਟੀ ਜਨ ਸੰਪਰਕ ਲਈ ਬਣਾਈ ਗਈ ਫੰਡਿੰਗ ਪ੍ਰਦਾਨ ਕਰਨ, ਫੈਡਰਲ, ਸੂਬਾਈ ਅਤੇ ਨਗਰ ਪੱਧਰੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦਰਮਿਆਨ ਖੁਫੀਆ ਜਾਣਕਾਰੀ ਸਾਂਝੀ ਕਰਨ ਦੀ ਮੰਗ ਕੀਤੀ, ਤਾਂ ਜੋ ਸਰਹੱਦਾਂ ਅਤੇ ਅਧਿਕਾਰ ਖੇਤਰਾਂ ਵਿੱਚ ਸਰਗਰਮ ਸਰਹੱਦ ਪਾਰ ਅਪਰਾਧਕ ਨੈੱਟਵਰਕਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਤੋੜਿਆ ਜਾ ਸਕੇ।
ਇਹ ਕਦਮ ਜਨਤਕ ਸੁਰੱਖਿਆ ਨੂੰ ਕਾਫ਼ੀ ਮਜ਼ਬੂਤ ਕਰਨਗੇ ਅਤੇ ਵੱਖ-ਵੱਖ ਭਾਈਚਾਰਿਆਂ ਦੀ ਰੱਖਿਆ ਕਰਨਗੇ। ਇਸੇ ਤਰ੍ਹਾਂ ਦਾ ਇੱਕ ਪੱਤਰ ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੂੰ ਭੇਜਿਆ ਗਿਆ ਹੈ।
ਉਨ੍ਹਾਂ ਅੱਗੇ ਕਿਹਾ, "ਬਰੈਂਪਟਨ ਸ਼ਹਿਰ ਓਨਟਾਰੀਓ ਸੂਬੇ ਅਤੇ ਸੰਘੀ ਭਾਈਵਾਲਾਂ ਨਾਲ ਮਿਲ ਕੇ ਇੱਕ ਅਜਿਹਾ ਫੰਡਿੰਗ ਢਾਂਚਾ ਤਿਆਰ ਕਰਨ ਅਤੇ ਲਾਗੂ ਕਰਨ ਲਈ ਤਿਆਰ ਹੈ ਜੋ ਸਥਾਨਕ ਲੋੜਾਂ ਨੂੰ ਦਰਸਾਉਂਦਾ ਹੈ ਅਤੇ ਸਭ ਤੋਂ ਵੱਧ ਪ੍ਰਭਾਵਿਤ ਲੋਕਾਂ ਨੂੰ ਸਾਰਥਕ ਸਹਾਇਤਾ ਪ੍ਰਦਾਨ ਕਰਦਾ ਹੈ।"
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login