Representative image / Pexels
ਭਾਰਤੀ ਮੂਲ ਦੀ ਇੱਕ ਮਹਿਲਾ ਨੇ ਗੁਪਤ ਤੌਰ ‘ਤੇ ਰੂਸ ਦੇ ਇੱਕ ਹਵਾਈ ਅੱਡੇ ‘ਤੇ ਆਪਣੇ ਨਾਲ ਹੋਏ ਬਹੁਤ ਹੀ ਡਰਾਉਣੇ ਤਜਰਬੇ ਨੂੰ ਸਾਂਝਾ ਕੀਤਾ ਹੈ। ਆਪਣੇ ਖੌਫਨਾਕ ਅਨੁਭਵ ਬਾਰੇ ਦੱਸਦੇ ਹੋਏ ਉਸਨੇ ਆਨਲਾਈਨ ਯੂਜ਼ਰਾਂ ਨੂੰ ਕਿਹਾ ਕਿ ਉਸਨੂੰ 12 ਘੰਟਿਆਂ ਤੋਂ ਵੱਧ ਸਮੇਂ ਲਈ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਆਖਿਰਕਾਰ ਦੇਸ਼ ਵਿੱਚ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। "ਰੂਸ ਦੀ ਯਾਤਰਾ ਦਾ ਮੇਰਾ ਡਰਾਉਣਾ ਅਨੁਭਵ" (My horror experience travelling to Russia) ਸਿਰਲੇਖ ਹੇਠ ਕੀਤੀ ਗਈ ਪੋਸਟ ਵਿੱਚ ਉਸਨੇ ਦੱਸਿਆ ਕਿ ਉਹ ਵੈਧ ਰੂਸੀ ਈ-ਵੀਜ਼ਾ ‘ਤੇ ਰੂਸ ਗਈ ਸੀ, ਫਿਰ ਵੀ ਉਸਨੂੰ ਦੇਸ਼ ਵਿੱਚ ਦਾਖਲੇ ਦੀ ਮਨਜ਼ੂਰੀ ਨਹੀਂ ਮਿਲੀ।
ਉਸਨੇ ਕਿਹਾ ਕਿ ਉਹ ਇਹ ਗੱਲ ਸਮਝਦੀ ਹੈ ਕਿ ਰੂਸੀ ਅਧਿਕਾਰੀਆਂ ਕੋਲ ਦਾਖਲਾ ਰੱਦ ਕਰਨ ਦਾ ਅਧਿਕਾਰ ਹੈ, ਪਰ ਉਹ ਉਸ ਸਲੂਕ ਨੂੰ ਸਮਝਣ ਜਾਂ ਸਵੀਕਾਰ ਕਰਨ ਵਿੱਚ ਅਸਮਰਥ ਹੈ ਜੋ ਉਸਨੂੰ ਅਤੇ ਕਈ ਹੋਰ ਸਾਥੀ ਯਾਤਰੀਆਂ ਨੂੰ ਆਪਣੇ ਦੇਸ਼ਾਂ ਵਿੱਚ ਵਾਪਸ ਭੇਜਣ ਤੋਂ ਪਹਿਲਾਂ ਸਹਿਣਾ ਪਿਆ।
ਉਸਦੇ ਅਨੁਸਾਰ, “ਮੈਂ ਅਤੇ ਕੁਝ ਹੋਰ ਵਿਦੇਸ਼ੀ ਨਾਗਰਿਕਾਂ ਨੂੰ ਲਗਭਗ 12 ਘੰਟਿਆਂ ਲਈ ਡਿਪੋਰਟੇਸ਼ਨ ਹੋਲਡਿੰਗ ਏਰੀਆ ਵਿੱਚ ਰੱਖਿਆ ਗਿਆ। ਇਸ ਦੌਰਾਨ ਸਾਨੂੰ ਨਾ ਤਾਂ ਪਾਣੀ ਦਿੱਤਾ ਗਿਆ ਅਤੇ ਨਾ ਹੀ ਭੋਜਨ। ਬੁਨਿਆਦੀ ਲੋੜਾਂ ਲਈ ਕੀਤੀਆਂ ਬੇਨਤੀਆਂ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ। ਕਈ ਘੰਟਿਆਂ ਤੱਕ ਸਾਨੂੰ ਇਹ ਵੀ ਨਹੀਂ ਪਤਾ ਸੀ ਕਿ ਅਸੀਂ ਕਦੋਂ ਜਾਂ ਕਿਵੇਂ ਉਸ ਜਗ੍ਹਾ ਤੋਂ ਨਿਕਲ ਸਕਾਂਗੇ।”
ਉਸਨੇ ਦਲੀਲ ਦਿੱਤੀ ਕਿ ਉਸਦਾ ਇਹ ਦਰਦਨਾਕ ਅਨੁਭਵ ਆਮ ਇਮੀਗ੍ਰੇਸ਼ਨ ਇਨਕਾਰ ਤੋਂ ਕਈ ਗੁਣਾ ਵੱਧ ਸੀ। ਉਸਨੇ ਲਿਖਿਆ, “ਇੰਨੇ ਲੰਬੇ ਸਮੇਂ ਤੱਕ ਕਿਸੇ ਨੂੰ ਪੀਣ ਵਾਲੇ ਪਾਣੀ ਤੋਂ ਵਾਂਝਾ ਰੱਖਣਾ ਸੰਯੁਕਤ ਰਾਸ਼ਟਰ ਦੁਆਰਾ ਨਿਰਧਾਰਤ ਬੁਨਿਆਦੀ ਮਨੁੱਖੀ ਅਧਿਕਾਰਾਂ ਦੇ ਮਾਪਦੰਡਾਂ ਦੀ ਉਲੰਘਣਾ ਜਾਪਦਾ ਹੈ।”
ਉਸਨੇ ਦੱਸਿਆ ਕਿ ਭੋਜਨ ਅਤੇ ਪਾਣੀ ਉਸਨੂੰ ਉਸ ਸਮੇਂ ਮਿਲਿਆ ਜਦੋਂ ਰੂਸ ਵਿੱਚ ਭਾਰਤੀ ਦੂਤਾਵਾਸ ਨੇ ਇਸ ਮਾਮਲੇ ਵਿੱਚ ਦਖਲ ਦਿੱਤਾ। ਇਸ ਤੋਂ ਬਾਅਦ ਹੀ ਉਸਨੂੰ ਭਾਰਤ ਵਾਪਸ ਜਾਣ ਦੀ ਮਨਜ਼ੂਰੀ ਮਿਲੀ। ਆਪਣੀ ਪੋਸਟ ਵਿੱਚ ਉਸਨੇ ਹੈਰਾਨੀ ਪ੍ਰਗਟਾਈ ਕਿ ਜੇਕਰ ਭਾਰਤੀ ਦੂਤਾਵਾਸ ਦੀ ਮਦਦ ਨਾ ਮਿਲਦੀ ਤਾਂ ਸ਼ਾਇਦ ਉਸਨੂੰ ਜਿਆਦਾ ਸਮੇਂ ਲਈ ਹਿਰਾਸਤ ਵਿੱਚ ਰੱਖਿਆ ਜਾਂਦਾ। ਆਪਣੇ ਨਾਲ ਕੀਤੇ ਗਏ ਸਲੂਕ ‘ਤੇ ਸਵਾਲ ਚੁੱਕਦੇ ਹੋਏ ਉਸਨੇ ਅੱਗੇ ਕਿਹਾ, “ਪਹਿਲੇ ਕੁਝ ਘੰਟਿਆਂ ਦੌਰਾਨ ਕੁਝ ਅਜਿਹੇ ਪਲ ਸੀ ਜਦੋਂ ਮੈਂ ਸੱਚਮੁੱਚ ਆਪਣੀ ਸੁਰੱਖਿਆ ਨੂੰ ਲੈਕੇ ਡਰ ਗਈ ਸੀ।” ਉਸਨੇ ਅੱਗੇ ਕਿਹਾ, “ਇੱਕ ਮਹਿਲਾ ਹੋਣ ਦੇ ਨਾਤੇ ਰੂਸੀ ਸਰਹੱਦੀ ਅਧਿਕਾਰੀਆਂ ਨਾਲ ਮੇਰਾ ਤਜਰਬਾ ਖ਼ਾਸ ਤੌਰ ‘ਤੇ ਅਸਹਿਜ ਸੀ। ਮੈਂ ਇੱਥੇ ਸਪਸ਼ਟ ਵੇਰਵੇ ਨਹੀਂ ਦੇਵਾਂਗੀ, ਪਰ ਮੈਂ ਮਹਿਲਾ ਯਾਤਰੀਆਂ ਨੂੰ ਬਹੁਤ ਜ਼ਿਆਦਾ ਸਾਵਧਾਨ ਰਹਿਣ ਦੀ ਸਖ਼ਤ ਸਲਾਹ ਦਿੰਦੀ ਹਾਂ।” ਆਪਣੀ ਪੋਸਟ ਦੇ ਅੰਤ ਵਿੱਚ ਉਸਨੇ ਭਾਰਤੀਆਂ ਨੂੰ ਅਤੇ ਵਿਸ਼ੇਸ਼ ਤੌਰ ‘ਤੇ ਮਹਿਲਾਵਾਂ ਨੂੰ ਰੂਸ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ।
ਕਈ ਰੈੱਡਿਟ ਯੂਜ਼ਰ ਉਸਦੇ ਸਮਰਥਨ ਵਿੱਚ ਆਏ ਅਤੇ ਕਿਹਾ ਕਿ ਇਹ ਕੋਈ ਇਕੱਲੀ ਘਟਨਾ ਨਹੀਂ ਹੈ, ਬਲਕਿ ਰੂਸ ਭਾਰਤੀ ਯਾਤਰੀਆਂ ਦੇ ਦਾਖਲੇ ਨੂੰ ਰੱਦ ਕਰਨ ਲਈ ਕਾਫ਼ੀ ਬਦਨਾਮ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login